ਪਟਨਾ (ਸਮਾਜ ਵੀਕਲੀ) : ਮਰਹੂਮ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ’ਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ ਜਦ ਅਭਿਨੇਤਾ ਦੇ ਪਿਤਾ ਕੇ.ਕੇ. ਸਿੰਘ ਨੇ ਅਦਾਕਾਰਾ ਰੀਆ ਚਕਰਵਰਤੀ ਸਣੇ ਛੇ ਜਣਿਆਂ ’ਤੇ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਦੋਸ਼ ਲਾ ਕੇ ਇੱਥੇ ਐੱਫਆਈਆਰ ਦਰਜ ਕਰਵਾ ਦਿੱਤੀ।
ਦੱਸਣਯੋਗ ਹੈ ਕਿ ਚਕਰਵਰਤੀ ਨੇ ਖ਼ੁਦ ਨੂੰ ਮਰਹੂਮ ਅਦਾਕਾਰ ਦੀ ਮਹਿਲਾ ਮਿੱਤਰ ਦੱਸ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮਾਮਲੇ ਦੀ ਸੀਬੀਆਈ ਜਾਂਚ ਮੰਗੀ ਸੀ। ਪਟਨਾ ਦੇ ਰਾਜੀਵ ਨਗਰ ਪੁਲੀਸ ਥਾਣੇ ਦੇ ਇੰਚਾਰਜ ਯੋਗੇਂਦਰ ਰਵਿਦਾਸ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਮੁਤਾਬਕ ਚਾਰ ਮੈਂਬਰੀ ਪੁਲੀਸ ਟੀਮ ਐਫਆਈਆਰ ਵਿਚਲੇ ਦਾਅਵਿਆਂ ਦੀ ਜਾਂਚ ਲਈ ਮੁੰਬਈ ਰਵਾਨਾ ਹੋ ਗਈ ਹੈ। ਸੁਸ਼ਾਂਤ ਦੇ ਪਿਤਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਰੀਆ ਨੇ ਅਦਾਕਾਰ ਤੋਂ ਪੈਸੇ ਲਏ ਸਨ ਤੇ ਉਸ ਨੂੰ ਖ਼ੁਦਕੁਸ਼ੀ ਲਈ ਉਕਸਾਇਆ।