ਮੁੰਬਈ (ਸਮਾਜ ਵੀਕਲੀ) : ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪ੍ਰਿਯੰਕਾ ਸਿੰਘ ਤੇ ਮੀਤੂ ਸਿੰਘ ਨੇ ਅੱਜ ਬੰਬਈ ਹਾਈ ਕੋਰਟ ’ਚ ਪਹੁੰਚ ਕਰਕੇ ਆਪਣੇ ਖ਼ਿਲਾਫ਼ ਮੁੰਬਈ ਪੁਲੀਸ ਵੱਲੋਂ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ। ਦੋਵਾਂ ਖ਼ਿਲਾਫ਼ ਆਪਣੇ ਭਰਾ ਨੂੰ ਦਵਾਈਆਂ ਦੀ ਫਰਜ਼ੀ ਪਰਚੀ ਦੇਣ ਦੇ ਦੋਸ਼ ਲਾਏ ਗਏ ਹਨ। ਬਾਂਦਰਾ ਪੁਲੀਸ ਨੇ ਰੀਆ ਚੱਕਰਵਰਤੀ ਦੀ ਸ਼ਿਕਾਇਤ ’ਤੇ ਦੋਵਾਂ ਖ਼ਿਲਾਫ਼ 7 ਸਤੰਬਰ ਨੂੰ ਕੇਸ ਦਰਜ ਕੀਤਾ ਸੀ। ਜਸਟਿਸ ਐੱਸਐੱਸ ਸ਼ਿੰਦੇ ਤੇ ਐੱਮਐੱਸ ਕਾਰਨਿਕ ਦੇ ਡਿਵੀਜ਼ਨ ਬੈਂਚ ਨੇ ਇਹ ਅਪੀਲ 13 ਅਕਤੂਬਰ ਨੂੰ ਸੁਣਵਾਈ ਲਈ ਸੂਚੀਬੱਧ ਕਰ ਲਈ ਹੈ।
ਇਸੇ ਦੌਰਾਨ ਮੁੰਬਈ ਦੀ ਇੱਕ ਅਦਾਲਤ ਨੇ ਸੁਸ਼ਾਂਤ ਮਾਮਲੇ ’ਚ ਅਦਾਕਾਰ ਰੀਆ ਚੱਕਰਵਰਤੀ ਤੇ ਉਸ ਦੇ ਭਰਾ ਸੌਵਿਕ ਚੱਕਰਵਰਤੀ ਦੀ ਨਿਆਂਇਕ ਹਿਰਾਸਤ 20 ਅਕਤੂਬਰ ਤੱਕ ਵਧਾ ਦਿੱਤੀ ਹੈ। ਦੋਵਾਂ ਨੂੰ ਐੱਨਸੀਬੀ ਨੇ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਸੀ। ਵਿਸ਼ੇਸ਼ ਸਰਕਾਰੀ ਵਕੀਲ ਅਤੁਲ ਸਰਪੰਦੇ ਨੇ ਕਿਹਾ ਕਿ ਐੱਨਡੀਪੀਐੱਸ ਅਦਾਲਤ ਨੇ ਰਿਆ, ਸੌਵਿਕ ਸਮੇਤ ਇਸ ਕੇਸ ਦੇ ਹੋਰਨਾਂ ਮੁਲਜ਼ਮਾਂ ਦੀ ਨਿਆਇਕ ਹਿਰਾਸਤ 20 ਅਕਤੂਬਰ ਤੱਕ ਵਧਾ ਦਿੱਤੀ ਹੈ।