ਮਲੋਟ- ਇਥੇ ਤਹਿਸੀਲ ਵਿੱਚ ਆਮ ਲੋਕਾਂ ਦੀ ਸਹੂਲਤ ਲਈ ਬਣਿਆ ਸੁਵਿਧਾ ਕੇਂਦਰ ਮੁਸੀਬਤ ਬਣ ਗਿਆ ਹੈ। ਤੜਕੇ 6 ਵਜੇ ਤੋਂ ਲੋਕ ਇਥੇ ਆ ਕੇ ਲਾਈਨਾਂ ‘ਚ ਖੜਣ ਲੱਗਦੇ ਹਨ। ਇਕੇ ਆਮਦਨ ਸਰਟੀਫਿਕੇਟ ਬਣਾਉਣ ਆਇਆ ਇਕ ਨੌਜਵਾਨ ਗਰਮੀ ਕਾਰਨ ਬੇਹੋਸ਼ ਹੋ ਗਿਆ। ਉਸ ਦੀ ਪਛਾਣ ਸਤਨਾਮ ਸਿੰਘ ਦੱਸੀ ਗਈ ਹੈ। ਆਸ-ਪਾਸ ਖੜੇ ਲੋਕਾਂ ਨੇ ਉਸਨੂੰ ਚੁੱਕ ਕੇ ਮੁੱਢਲੀ ਸਹਾਇਤਾ ਦਿੱਤੀ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਥੇ ਪੀਣਯੋਗ ਪਾਣੀ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਹੈ ਜਿਸ ਕਾਰਨ ਲਾਈਨਾਂ ‘ਚ ਖੜੇ ਲੋਕ ਤ੍ਰੇਹ ਅਤੇ ਗਰਮੀ ਕਰ ਕੇ ਬੇਹਾਲ ਹੋ ਜਾਂਦੇ ਹਨ।
ਲਾਈਨ ’ਚ ਖੜ੍ਹੀ ਵੀਨਾ ਲੁੂਥਰਾ ਨੇ ਦੱਸਿਆ ਕਿ ਉਸ ਦਾ ਟੋਕਨ ਨੰਬਰ 27 ਸੀ ਅਤੇ 77 ਨੰਬਰ ਵਾਲਾ ਪਹਿਲਾਂ ਕੰਮ ਕਰਾ ਕੇ ਚਲਾ ਗਿਆ। ਪਿੰਡ ਈਨਾ ਖੇੜਾ ਦੇ ਕਾਰਜ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਤੜਕੇ ਪੰਜ ਵਜੇ ਦੇ ਇਥੇ ਖੜ੍ਹੇ ਹਨ। ਉਹ ਆਮਦਨ ਸਰਟੀਫਿਕੇਟ ਬਣਾਉਣ ਲਈ ਆਏ ਸਨ। ਇਸੇ ਤਰ੍ਹਾਂ ਸੁਮਨ ਅਤੇ ਕਮਲੇਸ਼ ਰਾਣੀ ਨੇ ਦੱਸਿਆ ਕਿ ਉਹ ਪਿੰਡ ਅਬੁਲ ਖੁਰਾਣਾ ਤੋਂ ਆਏ ਹਨ ਅਤੇ ਪਿਛਲੇ ਚਾਰ ਦਿਨਾਂ ਤੋਂ ਗੇੜੇ ਮਾਰ ਰਹੀਆਂ ਹਨ ਪਰ ਉਨ੍ਹਾਂ ਦਾ ਕੰਮ ਨਹੀ ਹੋਇਆ। ਸੁਰਜੀਤ ਸਿੰਘ ਮਲੋਟ ਦਾ ਕਹਿਣਾ ਸੀ ਕਿ ਉਹ ਆਪਣੀ ਬੇਟੀ ਦੇ ਸਰਟੀਫਿਕੇਟ ਲਈ ਪਿਛਲੇ ਇੱਕ ਹਫਤੇ ਤੋਂ ਗੇੜੇ ਮਾਰ ਰਿਹਾ ਹੈ, ਨਾ ਤਾਂ ਉਸ ਨੂੰ ਕਾਗਜ਼ਾਂ ‘ਚ ਖਾਮੀ ਦੱਸੀ ਜਾਂਦੀ ਹੈ ਤੇ ਨਾ ਹੀ ਉਸ ਦਾ ਕੰਮ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਸੱਚਾ ਸੌਦਾ ਰੋਡ ਮਲੋਟ ਦੀ ਵਸਨੀਕ ਰੇਖਾ ਰਾਣੀ ਨੇ ਦੱਸਿਆ ਕਿ ਉਹ ਵੀ ਪਿਛਲੇ 3 ਦਿਨਾਂ ਤੋਂ ਵਾਪਸ ਮੁੜ ਰਹੀ ਹੈ। ਮਲੋਟ ਦੇ ਵਸਨੀਕ ਅਨੋਖ ਸਿੰਘ ਨੇ ਦੱਸਿਆ ਕਿ ਉਹ ਚਾਰ ਦਿਨਾਂ ਤੋਂ ਵਾਪਸ ਮੁੜ ਰਿਹਾ ਹੈ, ਕਦੇ ਉਸਨੂੰ ਇੰਟਰਨੈਟ ਨਾ ਚੱਲਣ ਦਾ ਕਿਹਾ ਜਾਂਦਾ ਤੇ ਕਦੇ ਕਾਊਂਟਰਾਂ ਦੀ ਕਮੀ ਦਾ ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ। ਜੇ ਕੋਈ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਜਾਨਬੁੱਝ ਕੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਸ ਨੇ ਦੋਸ਼ ਲਾਇਆ ਕਿ ਜਾਣ-ਪਛਾਣ ਵਾਲਿਆਂ ਦਾ ਕੰਮ ਪਹਿਲ ਦੇ ਅਧਾਰ ‘ਤੇ ਕੀਤਾ ਜਾਂਦਾ ਹੈ।
ਲਾਈਨਾਂ ਵਿੱਚ ਖੜੇ ਵਡੇਰੀ ਉਮਰ ਦੇ ਵਿਅਕਤੀਆਂ ਦਾ ਬੁਰਾ ਹਾਲ ਹੁੰਦਾ ਹੈ। ਉਹ ਕਦੇ ਲਾਈਨ ਵਿੱਚ ਹੀ ਬੈਠ ਜਾਂਦੇ ਹਨ ਤੇ ਕਦੇ ਖੜੇ ਹੋ ਕੇ ਵਾਰੀ ਦੀ ਉਡੀਕ ਕਰਨ ਲੱਗ ਪੈਂਦੇ ਹਨ। ਇਸ ਤੋਂ ਇਲਾਵਾ ਵੀ ਲਾਈਨਾਂ ‘ਚ ਖੜੇ ਬਹੁ-ਗਿਣਤੀ ਲੋਕਾਂ ਨੇ ਸੁਵਿਧਾ ਕਰਮੀਆਂ ਦੇ ਕੰਮ ਕਾਰ ਕਰਨ ਅਤੇ ਰੁੱਖੇ ਰਵੱਈਏ ‘ਤੇ ਇਤਰਾਜ਼ ਪ੍ਰਗਟ ਕੀਤਾ।
INDIA ਸੁਵਿਧਾ ਕੇਂਦਰ ’ਚ ਗਰਮੀ ਕਾਰਨ ਨੌਜਵਾਨ ਹੋਇਆ ਬੇਹੋਸ਼