ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਇਥੇ ਸ਼ਹਿਰ ਦੇ ਬਾਹਰਵਾਰ ਸੁਲਤਾਨਵਿੰਡ ਪਿੰਡ ਦੇ ਰਿਹਾਇਸ਼ੀ ਇਲਾਕੇ ਆਕਾਸ਼ ਵਿਹਾਰ ਦੀ ਇਕ ਕੋਠੀ ਵਿਚੋਂ ਲਗਪਗ 450 ਕਿਲੋ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ। ਕਾਬੂ ਕੀਤੇ ਨਸ਼ਿਆਂ ਵਿੱਚ ਲਗਪਗ 188 ਕਿਲੋ ਹੈਰੋਇਨ, 38 ਕਿਲੋ ਸਿੰਥੈਟਿਕ ਡਰੱਗ, 26 ਕਿਲੋ ਕੈਫੀਨ ਪਾਊਡਰ ਅਤੇ ਛੇ ਡਰੰਮਾਂ ਵਿੱਚ ਲਗਪਗ 207 ਕਿਲੋ ਰਸਾਇਣਕ ਮਿਸ਼ਰਣ ਸ਼ਾਮਲ ਹੈ। ਪੁਲੀਸ ਨੇ ਇਸ ਸਬੰਧ ਵਿਚ ਕੋਠੀ ਦੇ ਮਾਲਕ ਅਕਾਲੀ ਆਗੂ ਅਨਵਰ ਮਸੀਹ ਸਣੇ ੰਜ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਇਕ ਅਫ਼ਗ਼ਾਨ ਨਾਗਰਿਕ ਅਤੇ ਔਰਤ ਵੀ ਸ਼ਾਮਲ ਹਨ। ਉਧਰ ਐੱਸਟੀਐੱਫ ਦੇ ਆਈਜੀ ਕੌਸ਼ਤੁਬ ਸ਼ਰਮਾ ਨੇ ਦੱਸਿਆ ਕਿ ਨਸ਼ਿਆਂ ਦੇ ਇਸ ਕਾਰੋਬਾਰ ਵਿੱਚ ਸ਼ਾਮਲ ਰਣਜੀਤ ਐਵੇਨਿਊ ਵਾਸੀ ਸਿਮਰਨਜੀਤ ਸਿੰਘ ਨੂੰ ਇਟਲੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਉਸ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਸੀ। ਹੁਣ ਉਸ ਨੂੰ ਭਾਰਤ ਲਿਆਉਣ ਲਈ ਕਾਰਵਾਈ ਚੱਲ ਰਹੀ ਹੈ।
ਐੱਸਟੀਐੱਫ ਦੇ ਵਧੀਕ ਡਾਇਰੈਕਟਰ ਜਨਰਲ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਅਫ਼ਗ਼ਾਨ ਨਾਗਰਿਕ ਅਰਮਾਨ ਬਸ਼ਰਮੱਲ, ਸੁਖਵਿੰਦਰ ਸਿੰਘ ਤੇ ਮੇਜਰ ਸਿੰਘ ਦੋਵੇਂ ਵਾਸੀ ਪਿੰਡ ਨੌਸ਼ਹਿਰਾ ਖੁਰਦ ਅਤੇ ਇਕ ਔਰਤ ਤਮੰਨਾ ਗੁਪਤਾ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਆਕਾਸ਼ ਵਿਹਾਰ ਸਥਿਤ ਇਸ ਕੋਠੀ ਵਿਚ ਬੀਤੀ ਰਾਤ ਛਾਪਾ ਮਾਰਿਆ ਸੀ, ਜਿਥੋਂ ਪੁਲੀਸ ਨੂੰ ਲਗਪਗ 450 ਕਿਲੋ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਇਨ੍ਹਾਂ ਵਿੱਚ 188.45 ਕਿਲੋ ਹੈਰੋਇਨ, 38.22 ਕਿਲੋ ਸਿੰਥੈਟਿਕ ਡਰੱਗ (ਡੈਕਸਟੋਰਮੈਥਰੋਫਨ ਪਾਊਡਰ) ਅਤੇ 25.86 ਕਿਲੋ ਕੈਫੀਨ ਪਾਊਡਰ ਸ਼ਾਮਲ ਹੈ। ਇਸ ਤੋਂ ਇਲਾਵਾ ਛੇ ਡਰੰਮ ਰਸਾਇਣ (ਕੈਮੀਕਲ) ਦੇ ਮਿਲੇ ਹਨ, ਜਿਨ੍ਹਾਂ ਵਿਚ ਲਗਪਗ 207 ਕਿਲੋ ਰਸਾਇਣ ਮਿਸ਼ਰਣ ਹੈ। ਇਸੇ ਤਰ੍ਹਾਂ ਇਕ ਗੈਸ ਬਰਨਰ, ਗੈਸ ਸਿਲੰਡਰ, ਸਟੀਲ ਅਤੇ ਐਲੂਮੀਨੀਅਮ ਦੇ ਵੱਡੇ ਬਰਤਨ, ਮਿਕਸਰ ਗਰਾਈਂਡਰ ਬਰਾਮਦ ਹੋਇਆ ਹੈ। ਇਥੋਂ ਬਰਾਮਦ ਕੈਮੀਕਲ ਮਿਸ਼ਰਣ ਆਦਿ ਦੇ ਨਮੂਨੇ ਜਾਂਚ ਵਾਸਤੇ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਨਸ਼ੀਲੇ ਪਦਾਰਥਾਂ ਨੂੰ ਹੈਰੋਇਨ ਵਿਚ ਮਿਲਾਉਣ ਮਗਰੋਂ ਇਸ ਦੀ ਮਾਤਰਾ ਨੂੰ ਵਧਾਇਆ ਜਾਂਦਾ ਸੀ ਅਤੇ ਇਸ ਨੂੰ ਅੱਗੇ ਬਾਜ਼ਾਰ ਵਿਚ ਵੇਚਿਆ ਜਾਂਦਾ ਸੀ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਇਸ ਵੱਡੇ ਕਾਰੋਬਾਰ ਦਾ ਖੁਲਾਸਾ ਲੰਘੇ ਦਿਨ ਦੋ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਮਗਰੋਂ ਹੋਇਆ ਸੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਅਗਾਊਂ ਸੂਚਨਾ ਦੇ ਆਧਾਰ ’ਤੇ ਸੁਖਵਿੰਦਰ ਸਿੰਘ ਉਰਫ ਹੈਪੀ ਵਾਸੀ ਅਜਨਾਲਾ ਨੂੰ ਛੇ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਸੀ। ਉਸ ਕੋਲੋਂ ਪੁੱਛਗਿੱਛ ਮਗਰੋਂ ਅੰਕੁਸ਼ ਕਪੂਰ ਨੂੰ ਕਾਬੂ ਕੀਤਾ, ਜੋ ਕਿ ਕੱਪੜਾ ਵਪਾਰੀ ਹੈ ਅਤੇ ਸ਼ਹਿਰ ਵਿਚ ਕੁਈਨਜ਼ ਰੋਡ ’ਤੇ ਉਸ ਦੀ ਦੁਕਾਨ ਹੈ। ਇਨ੍ਹਾਂ ਦੋਵਾਂ ਕੋਲੋਂ ਕੀਤੀ ਪੁੱਛ-ਪੜਤਾਲ ਦੌਰਾਨ ਖੁਲਾਸਾ ਹੋਇਆ ਕਿ ਇਹ ਸਾਰੇ ਵਿਅਕਤੀ ਇਥੇ ਆਕਾਸ਼ ਵਿਹਾਰ ਦੇ ਇਸ ਘਰ ਵਿਚੋਂ ਨਸ਼ੀਲੇ ਕਾਰੋਬਾਰ ਨੂੰ ਚਲਾ ਰਹੇ ਹਨ।
ਏਡੀਜੀਪੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਨਸ਼ਿਆਂ ਦਾ ਕਾਰੋਬਾਰ ਅੰਕੁਸ਼ ਕਪੂਰ ਅਤੇ ਸਿਮਰਨਜੀਤ ਸਿੰਘ ਵਾਸੀ ਰਣਜੀਤ ਐਵੇਨਿਊ ਵਲੋਂ ਚਲਾਇਆ ਜਾ ਰਿਹਾ ਸੀ। ਸਿਮਰਨਜੀਤ ਤੇ ਅੰਕੁਸ਼ ਕਪੂਰ ਦੋਵਾਂ ਦੀ ਮੁਲਾਕਾਤ ਮਾਲ ਰੋਡ ਸਥਿਤ ਜਿੰਮ ਵਿੱਚ ਹੋਈ ਸੀ, ਜਿੱਥੇ ਸੁਖਵਿੰਦਰ ਸਿੰਘ ਟਰੇਨਰ ਵਜੋਂ ਕੰਮ ਕਰਦਾ ਸੀ। ਸਿਮਰਨਜੀਤ ਸਿੰਘ, ਜੋ ਇਸ ਵੇਲੇ ਭਗੌੜਾ ਹੈ, ਖਿਲਾਫ਼ ਗੁਜਰਾਤ ਵਿਚ ਐਂਟੀਟੈਰੋਰਿਸਟ ਸਕੁਐਡ (ਏਟੀਐਸ) ਵਲੋਂ 300 ਕਿਲੋ ਹੈਰੋਇਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐੱਸਟੀਐੱਫ ਇਹ ਪਤਾ ਲਾਉਣ ਦੇ ਯਤਨ ਵਿੱਚ ਹੈ ਕਿ ਹੈਰੋਇਨ ਕਿਸ ਰਸਤੇ ਭਾਰਤ ਆਈ, ਇਨ੍ਹਾਂ ਦੇ ਅੰਤਰਰਾਸ਼ਟਰੀ ਸੰਪਰਕ ਸੂਤਰ ਕੌਣ ਹਨ ਅਤੇ ਇਹ ਕਿਵੇਂ ਹੈਰੋਇਨ ਦੀ ਰਕਮ ਦਾ ਭੁਗਤਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਹੋਰ ਪੱਖਾਂ ਤੋਂ ਵੀ ਘੋਖ ਕੀਤੀ ਜਾਵੇਗੀ।
INDIA ਸੁਲਤਾਨਵਿੰਡ ’ਚੋਂ 9.40 ਅਰਬ ਦੀ ਹੈਰੋਇਨ ਬਰਾਮਦ