ਧਾਰਮਿਕ ਸੈਰ ਸਪਾਟੇ ਨੂੰ ਮਿਲੇਗਾ ਵੱਡਾ ਹੁਲਾਰਾ
ਸੰਸਦ ਮੈਂਬਰ ਡਿੰਪਾ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ
ਵਿਧਾਇਕ ਚੀਮਾ ਵਲੋਂ ਸੰਸਦ ਮੈਂਬਰ ਦਾ ਧੰਨਵਾਦ
ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਰੇਲਵੇ ਮੰਤਰਾਲੇ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਸ਼੍ਰੀ ਜਸਬੀਰ ਸਿੰਘ ਡਿੰਪਾ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਦਕਾ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਵਿਖੇ ਰੇਲਵੇ ਸਟੇਸ਼ਨ ਨੂੰ ‘ਮਾਡਲ ਰੇਲਵੇ ਸਟੇਸ਼ਨ’ ਵਜੋਂ ਵਿਕਸਤ ਕਰਨ ਲਈ 40 ਕਰੋੜ ਰੁਪੈ ਜਾਰੀ ਕੀਤੇ ਹਨ।ਇਸ ਤਹਿਤ ਰੇਲਵੇ ਸਟੇਸ਼ਨ ਦਾ ਪਸਾਰ, ਬੁਨਿਆਦੀ ਢਾਂਚੇ ਦੇ ਵਿਕਾਸ, ਆਧੁਨਿਕ ਤਕਨਾਲੌਜੀ ਦੀ ਸਥਾਪਨਾ ਨਾਲ ਸਿਗਨਲ ਵਿਵਸਥਾ ਸੁਧਾਰਨ, ਯਾਤਰੀਆਂ ਲਈ ਹੋਰ ਸਹੂਲਤਾਂ ਦਾ ਵਿਕਾਸ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਅੰਮਿ੍ਰਤਸਰ ਦੇ ਰੇਲਵੇ ਸਟੇਸ਼ਨ ਲਈ ਵੀ 230 ਕਰੋੜ ਰੁਪੈ ਜਾਰੀ ਕੀਤੇ ਗਏ ਹਨ।ਉਨ੍ਹਾਂ ਸੰਸਦ ਮੈਂਬਰ ਸ਼੍ਰੀ ਡਿੰਪਾ ਵਲੋਂ ਪਵਿੱਤਰ ਨਗਰੀ ਦੇ ਵਿਕਾਸ ਵਿਚ ਪਾਏ ਯੋਗਦਾਨ ਤੇ ਹੁਣ ਰੇਲਵੇ ਸਟੇਸ਼ਨ ਲਈ ਨਿੱਜੀ ਦਿਲਚਸਪੀ ਲੈ ਕੇ 40 ਕਰੋੜ ਰੁਪੈ ਮਨਜ਼ੂਰ ਕਰਵਾਉਣ ’ਤੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰ ਤਰੀਕੇ ਨਾਲ ਮਨਾਉਣ ’ਤੇ ਸੁਲਤਾਨਪੁਰ ਲੋਧੀ ਅੰਤਰਰਾਸ਼ਟਰੀ ਸੈਰ ਸਪਾਟੇ ਦੇ ਨਕਸ਼ੇ ’ਤੇ ਉਭਰਿਆ ਹੈ, ਜਿਸ ਕਰਕੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਆਮਦ ਵਿਚ ਅਥਾਹ ਵਾਧਾ ਹੋਇਆ ਹੈ’।
ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦਾ ਬਾਕੀ ਸ਼ਹਿਰਾਂ ਨਾਲ ਸੜਕੀ, ਰੇਲਵੇ ਸੰਪਰਕ ਬਿਹਤਰੀਨ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਨਿਰੰਦਰ ਯਤਨ ਜਾਰੀ ਹਨ, ਤਾਂ ਜੋ ਸੰਗਤ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਸੜਕੀ ਸੰਪਰਕ ਲਈ ਪੰਜਾਬ ਸਰਕਾਰ ਵਲੋਂ ਗੁਰਪੁਰਬ ਮੌਕੇ 5.89 ਕਰੋੜ ਰੁਪੈ ਦੀ ਲਾਗਤ ਨਾਲ ਨਵਾਂ ਬੱਸ ਅੱਡਾ ਉਸਾਰਿਆ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਨੂੰ ‘ਸਮਾਰਟ ਸਿਟੀ’ ਪ੍ਰਾਜੈਕਟ ਵਿਚ ਸ਼ਾਮਿਲ ਕੀਤਾ ਗਿਆ ਸੀ, ਜਿਸ ਤਹਿਤ 271 ਕਰੋੜ ਰੁਪੈ ਦੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਵਿਚੋਂ ਪਿਛਲੇ ਦਿਨੀਂ ਹੀ ਮੁੱਖ ਮੰਤਰੀ , ਪੰਜਾਬ ਵਲੋਂ 134 ਕਰੋੜ ਰੁਪੈ ਦੇ ਵਿਕਾਸ ਕੰਮ ਸ਼ੁਰੂ ਕੀਤੇ ਗਏ ਹਨ।