ਸੁਲਗਦੀ ਦਿੱਲੀ ਦਾ ਜਿੰਮੇਵਾਰ ਕੌਣ ?

New Delhi: The destruction caused during violence that erupted on Monday over the Citizenship Amendment Act in northeast Delhi; on Feb 25, 2020.

 

ਹਰਪ੍ਰੀਤ ਸਿੰਘ ਬਰਾੜ – ਬਠਿੰਡਾ
ਦਿੱਲੀ ‘ਚ ਪਿਛਲੇ ਦਿਨੀਂ ਜੋ ਹਿੰਸਾ ਹੋਈ, ਉਸ ਤੋਂ ਇਹ ਸਵਾਲ ਉੱਠ ਰਿਹਾ ਹੈ ਕਿ ਆਖ਼ਰ ਦਿੱਲੀ ਨੂੰ ਦਹਿਸ਼ਤ ਦੀ ਅੱਗ ‘ਚ ਧੱਕਣ ਵਾਲਾ ਕੌਣ ਹੈ? ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੌਰੇ ‘ਚ ਦਿੱਲੀ ਦਾ ਦਹਿਲ ਜਾਣਾ ਕੀ ਦਰਸਾਉਂਦਾ ਹੈ?

ਇਸ ਨੂੰ ਸਿਰਫ ਇਕ ਘਟਨਾ ਸਮਝਕੇ ਚੁੱਪ ਬਹਿ ਜਾਣ ਨਾਲ ਉਹ ਲੋਕ ਸਾਹਮਣੇ ਨਹੀਂ ਆਉਣਗੇ, ਜਿੰਨ੍ਹਾਂ ਨੇ ਸੋਚੀ -ਸਮਝੀ ਸਾਜਿਸ਼ ਦੇ ਤਹਿਤ ਦਿੱਲੀ ਨੂੰ ਦਹਿਲਦੇ—ਸਿਸਕਦੇ ਛੱਡ ਦਿੱਤਾ। ਇਕ ਪਾਸੇ ਡੋਨਾਲਡ ਟਰੰਪ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਸ਼ਰਧਾਂਜਲੀ ਦੇ ਰਹੇ ਸਨ ਤੇ ਦੁਜੇ ਪਾਸੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਕਈ ਹਿੱਸੇ ਅੱਗ ‘ਚ ਸੜ ਰਹੇ ਸਨ। ਟਰੰਪ ਦੇ ਕੰਨਾ ਤੱਕ ਵੀ ਦਿੱਲੀ ਦੀ ਹਿੰਸਾ ਦੀ ਗੱਲ ਪਹੁੰਚੀ ਪਰ ਉਨ੍ਹਾਂ ਨੇ ਇਸ ਘਟਨਾਚੱਕਰ ਨੂੰ ਭਾਰਤ ਦਾ ਅੰਦਰੂਨੀ ਮਸਲਾ ਦੱਸਦੇ ਹੋਏ ਟਾਲ ਦਿੱਤਾ। ਇਥੇ ਸਵਾਲ ਇਹ ਹੈ ਕਿ ਜੇਕਰ ਕਿਸੇ ਸ਼ਹਿਰ ‘ਚ ਹਲਾਤਾਂ ਨੂੰ ਸੁਧਾਰਨ ਦੇ ਲਈ ਫੌਜ਼ ਨੂੰ ਬੁਲਾਉਣਾ ਪਵੇ ਤਾਂ ਸਵਾਲ ਉੱਠਣੇ ਲਾਜ਼ਮੀ ਹਨ ਕਿ ਕੀ ਵਿਗੜੇ ਹਲਾਤਾਂ ਦਾ ਮੁਕਾਬਲਾ ਕਰਨ ਦੇ ਲਈ ਸਥਾਨਕ ਪੁਲਿਸ ਸਮਰੱਥ ਨਹੀਂ ਸੀ ?
ਦਿੱਲੀ ‘ਚ ਜਿਸ ਤਰ੍ਹਾਂ ਨਾਲ ਹਿੰਸਾ ਕੀਤੀ ਗਈ, ਉਸ ਦੇ ਕਈ ਅਰਥ ਕੱਢੇ ਜਾ ਰਹੇ ਹਨ। ਸਵਾਲ ਇਹ ਹੈ ਕਿ ਜੇਕਰ ਦੇਸ਼ ਦੀ ਰਾਜਧਾਨੀ ‘ਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਲੱਗਣ ਤਾਂ ਫਿਰ ਦੇਸ਼ ਦੇ ਹੋਰ ਬਾਕੀ ਸ਼ਹਿਰਾਂ ਦੇ ਬਾਰੇ ‘ਚ ਕੀ ਕਿਹਾ ਜਾਵੇ? ਕੀ ਕਿਸੇ ਦੇਸ਼ ਦੀ ਰਾਜਧਾਨੀ ‘ਚ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਹੋ ਸਕਦੀਆਂ ਹਨ? ਸਕੂਲ ਬੰਦ, ਕਾਲਜ ਬੰਦ, ਦੁਕਾਨਾਂ ਬੰਦ, ਸੜਕਾਂ ‘ਤੇ ਸੁੰਨਸਾਨ ਅਤੇ ਥਾਂ —ਥਾਂ ‘ਤੇ ਪੁਲਿਸ ਟੁਕੜੀਆਂ, ਜੇਕਰ ਕਿਸੇ ਦੇਸ਼ ਦੀ ਰਾਜਧਾਨੀ ਦਾ ਅਜਿਹਾ ਆਲਮ ਹੋਵੇ ਤਾਂ ਫਿਰ ਉਥੋਂ ਦੇ ਲੋਕ ਕਿਹੋ ਜਿਹੇ ਹਲਾਤਾਂ ‘ਚ ਜਿਉਂ ਰਹੇ ਹਨ, ਇਸ ਦਾ ਅੰਦਾਜ਼ਾ ਅਸਾਨੀ ਨਾਲ ਲਾਇਆ ਜਾ ਸਕਦਾ ਹੈ। ਦਿੱਲੀ ਦੇ ਜਾਫ਼ਰਾਬਾਦ, ਮੌਜਪੁਰ, ਬਾਬਰਪੁਰ, ਸੀਲਮਪੁਰ, ਗੋਕਲਪੁਰੀ, ਕਰਾਵਲਗਰ, ਖਜ਼ੂਰੀ, ਕਦਰਮਪੁਰੀ, ਚਾਂਦਪੁਰ, ਘੌਂੜਾ, ਬ੍ਰਹਮਪੁਰੀ ਜਿਹੇ ਇਲਾਕਿਆਂ ਦੀ ਹਾਲਤ ਨੂੰ ਉਸ ਤਰ੍ਹਾਂ ਦੀ ਹੋ ਗਈ ਹੈ, ਜਿਵੇਂ ਕਿਸੇ ਵੇਲੇ ਕਸ਼ਮੀਰ ਹੋਇਆ ਕਰਦਾ ਸੀ। ਦਿੱਲੀ ਪੁਲਿਸ ਕਮੀਸ਼ਨਰ ਨੇ ਇਕ ਬਿਆਨ ‘ਚ ਕਿਹਾ ਕਿ ਸਾਲ 1984 ਤੋਂ ਬਾਅਦ ਦਿੱਲੀ ‘ਚ ਕਦੇ ਵੀ ਹਿੰਸਾ ਨਹੀਂ ਹੋਈ, ਪਰ ਪਿਛਲੇ ਦਿਨੀਂ ਦਿੱਲੀ ‘ਚ ਹੋਈ ਹਿੰਸਾ ਨੇ ਇਕ ਵਾਰ ਫਿਰ 1984 ਦੀ ਯਾਦ ਦਵਾ ਦਿੱਤੀ। ਸੀਸੀਏ, ਐਨਆਰਸੀ ਦੇ ਮੁੱਦਿਆਂ ‘ਤੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿਮੰਤਰੀ ਅਮਿਤ ਸ਼ਾਹ ‘ਤੇ ਵੀ ਭਰੋਸਾ ਨਹੀਂ ਰਹਿ ਗਿਆ ਹੈ।

ਸ਼ਾਹੀਨਬਾਗ ‘ਚ ਇਸ ਮੁੱਦੇ ਨੂੰ ਲੈਕੇ ਜਿਸ ਤਰ੍ਹਾਂ ਡੇਢ ਮਹੀਨੇ ਤੋਂ ਲੋਕਾਂ ਨੇ ਅੰਦੋਲਣ ਕੀਤਾ, ਉਹ ਕੀ ਸੀ, ਕੀ ਉਹ ਕੇਂਦਰ ਸਰਕਾਰ ਦੇ ਖਿਲਾਫ ਅੰਦੋਲਣ ਨਹੀਂ ਸੀ? ਜਦੋਂ ਡੇਢ ਮਹੀਨੇ ਤੱਕ ਆਵਾਜਾਈ ਦੇ ਰਸਤੇ ਵਿਚਕਾਰ ਅੰਦੋਲਣਕਾਰੀਆਂ ਦੀ ਗੱਲ ਨੂੰ ਸੁਣਿਆ ਜਾ ਰਿਹਾ ਸੀ, ਤਾਂ ਫਿਰ ਹਿੰਸਾ, ਪਥਰਾਅ , ਅੱਗ ਲਾਉਣ ਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਕਿਉਂ ਦਿੱਤਾ ਗਿਆ।ਕੇਂਦਰ ਸਰਕਾਰ ਨੂੰ ਇਸ ਮਸਲੇ ‘ਤੇ ਪਹਿਲਾਂ ਹੀ ਕਦਮ ਚੱਕਣਾ ਚਾਹੀਦਾ ਸੀ।ਕਾਂਗ੍ਰਸ ਨੇ ਦਿੱਲੀ ਦੀ ਦਹਿਸ਼ਤ ਦੇ ਲਈ ਸਿੱਧੇ ਤੌਰ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਿੰਮੇਵਾਰ ਦੱਸਦੇ ਹੋਏ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਦਿੱਲੀ ਦੀ ਹਿੰਸਾ ਦੇ ਲਈ ਇਕ—ਦੂਜੇ ‘ਤੇ ਦੋਸ਼ ਲਾਉਣ ਤੋਂ ਜਿਆਦਾ ਜਰੂਰੀ ਇਹ ਹੈ ਕਿ ਦਿੱਲੀ ਨੂੰ ਇਸ ਤਰ੍ਹਾਂ ਅੱਗ ਲਾਉਣ ਵਾਲਿਆਂ ਨੂੰ ਲੱਭ ਕੇ ਸਲਾਖਾਂ ਪਿੱਛੇ ਸੁੱਟਿਆ ਜਾਵੇ। ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਦੇ ਹਲਾਤਾਂ ਨੁੰ ਦਿੱਲੀ ਵਾਸੀਆਂ ਨੇ ਬਹੁਤ ਨੇੜਿਓਂ ਦੇਖਿਆ ਸੀ। ਦਹਿਲਦੀ, ਸਿਸਕਦੀ ਦਿੱਲੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਸਰਕਾਰ, ਪ੍ਰਸ਼ਾਸਨ ਦੇ ਵਾਂਗ ਆਮ ਜਨਤਾ ਵੱਲੋਂ ਵੀ ਹੋਣੀ ਚਾਹੀਦੀ ਹੈ।ਦੰਗਾ ਕਰਨ ਵਾਲੇ, ਦੰਗਾ ਭੜਕਾਉਣ ਵਾਲਿਆਂ ਅਤੇ ਮੂਕ—ਦਰਸ਼ਕ ਬਣਕੇ ਸਭ ਕੁਝ ਦੇਖਣ ਵਾਲਿਆਂ ਦੇ ਕਾਰਨ ਇਸ ਤਰ੍ਹਾਂ ਦੀ ਹਿੰਸਾ ਨੂੰ ਵਧਾਵਾ ਮਿਲਦਾ ਹੈ।

ਦੰਗਾ ਭੜਕਾਉਣ ਵਾਲਿਆਂ ਦਾ ਕੋਈ ਧਰਮ ਨਹੀਂ ਹੁੰਦਾ, ਉਨ੍ਹਾਂ ਦਾ ਸਮਾਜ ਅਤੇ ਦੇਸ਼ ਵਿਰੋਧੀ ਚਿਹਰਾ ਹੀ ਸਾਹਮਣਾ ਆਉਂਦਾ ਹੈ।ਅਜਿਹੇ ‘ਚ ਜੋ ਲੋਕ ਇਸ ਕੰਮ *ਚ ਸ਼ਾਮਲ ਹੁੰਦੇ ਹਨ ਉਨ੍ਹਾਂ ਨੂੰ ਚਿਤਾਵਨੀ ਦੇਣਾ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਜੇਕਰ ਹਿੰਸਾ ਕਰੋਂਗੇ ਤਾਂ ਸਖਤ ਸਜ਼ਾ ਪਾਉਂਗੇ।

ਭਾਵੇਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਹੋਣ, ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣ, ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਹੋਣ ਜਾਂ ਫਿਰ ਫੌਜ਼ ਦੇ ਜਵਾਨ , ਕੋਈ ਵੀ ਕਿਸੇ ਵੀ ਹਾਲਤ *ਚ ਇਹ ਨਸੀਹਤ ਨਹੀਂ ਦੇਵੇਗਾ ਕਿ ਜੇਕਰ ਹੱਕ ਨਹੀਂ ਮਿਲ

ਰਿਹਾ ਤਾਂ ਹਿੰਸਾ ਜਾਂ ਦੰਗੇ ਕਰੋ। ਆਪਣੇ ਹੱਕ ਹਾਸਲ ਕਰਨ ਕੇ ਲਈ ਹਿੰਸਾ ਕਰਨਾ, ਦੇਸ਼ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ,ਤੋੜ—ਭੰਨ ਕਰਨਾ, ਪਥਰਾਅ ਕਰਨਾ ਲੋਕਤੰਤਰਿਕ ਵਿਵਸਥਾ ਦਾ ਹਿੱਸਾ ਨਹੀਂ ਹੈ। ਕੀ ਆਪਣਾ ਹੱਕ ਲੈਣ ਲਈ ਕਿਸੇ ਕਰਮਚਾਰੀ ਨੁੰ ਪੱਥਰਾਂ ਨਾਲ ਕੁਚਲਕੇ ਜਾਨੋਂ ਮਾਰ ਦੇਣਾ ਠੀਕ ਹੈ? ਕੀ ਗੱਡੀਆਂ, ਟਾਇਰ ਸਾੜਨਾ ਠੀਕ ਹੈ? ਦੇਸ਼ ਦਾ ਦਿਲ, ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪਿਛਲੇ ਦਿਨੀਂ ਜੋ ਕੁਝ ਵੀ ਹੋਇਆ ਉਸਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਹ ਘੱਟ ਹੀ ਹੋਵੇਗੀ।

ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ,ਬਠਿੰਡਾ

Previous articleलोकतंत्र बचाने के लिए न्यायतंत्र का स्वतंत्र होना अत्यंत जरूरी – समता सैनिक दल
Next articleਸਾਡੇ ਰਿਸ਼ਤੇ, ਪਿਆਰ ਅਤੇ ਸਮਾਜ