(ਸਮਾਜ ਵੀਕਲੀ)
ਉਹ ਕਈਂ ਕਾਰਖਾਨਿਆਂ ਦਾ ਮਾਲਿਕ, ਬੇਹੱਦ ਰੁੱਝੇ ਹੋਏ ਮਹਾਂਨਗਰ ਦੇ ਧੰਨਕੁਬੇਰਾਂ ਵਿਚੋਂ ਇੱਕ ਸੀ। ਹਾਲਾਂਕਿ ਰੁਝੇਵਿਆਂ ਦੇ ਚਲਦਿਆਂ ਆਪਣੇ ਪਰਿਵਾਰ ਨੂੰ ਘੱਟ ਹੀ ਸਮਾਂ ਦੇ ਪਾਉਂਦਾ ਸੀ। ਅੱਜ ਜਰਾ ਫ਼ੁਰਸਤ ਵਿੱਚ ਸੀ ਤੇ ਘਰਵਾਲੀ ਅਤੇ ਬੱਚਿਆਂ ਨਾਲ ਸੀ। ਗੱਲਬਾਤ ਕਰਦਿਆਂ ਉਨ੍ਹਾਂ ਆਪਣੀ ਘਰਵਾਲੀ ਤੋਂ ਪੁੱਛਿਆ , ‘ ਭਲਾ, ਇਹ ਆਪਣਾ ਵੱਡੇ ਵਾਲਾ ਰਾਜਕੁਮਾਰ ਕਦੋਂ ਹੋਇਆ ਸੀ ?
ਹੁਣ ਸਾਲ ਤਾਂ ਯਾਦ ਨਹੀਂ, ਪਰ ਇੰਨਾ ਯਾਦ ਹੈ ਕਿ ਇਹ ਉਦੋਂ ਹੋਇਆ ਸੀ ਜਦੋਂ ਤੁਸੀਂ ਟੈਕਸ ਚੋਰੀ ਦੇ ਮੁਕੱਦਮੇ ਵਿੱਚ ਫਸੇ ਸੀ। ਲਗਦਾ ਸੀ ਕਿ ਸਜ਼ਾ ਤਾਂ ਹੋਵੇਗੀ ਹੀ ਹੋਵੇਗੀ ਪਰ ਜਿਉਂ ਹੀ ਇਸਦੇ ਜੰਮਣ ਦਾ ਸਮਾਂ ਨੇੜੇ ਆਉਂਦਾ ਗਿਆ ਹਾਲਾਤ ਤੇਜ਼ੀ ਨਾਲ ਬਦਲਦੇ ਗਏ। ਜਿੰਨੀ ਰਿਸ਼ਵਤ ਦੀ ਰਕਮ ਅਸੀਂ ਦੇਣ ਲਈ ਤਿਆਰ ਸੀ ਉਸਤੋਂ ਵੀ ਘੱਟ ਵਿੱਚ ਮਾਮਲਾ ਨਿਪਟ ਗਿਆ ਸੀ। ਸਵੇਰੇ ਇਹਦਾ ਜਨਮ ਹੋਇਆ, ਦੁਪਹਿਰ ਨੂੰ ਅਦਾਲਤ ਨੇ ਤੁਹਾਨੂੰ ਬਰੀ ਕਰ ਦਿੱਤਾ।
ਵੈਰੀ ਗੁੱਡ! ਤੇ ਭਲਾ ਇਹ ਆਪਣੀ ਰਾਜਕੁਮਾਰੀ ਕਦੋਂ ਹੋਈ ਸੀ ?
ਪਤਨੀ ਨੇ ਬੇਟੀ ਨੂੰ ਪਿਆਰ ਨਾਲ ਚੁੰਮਿਆ। ਇਹ ਵਿਧਾਨਸਭਾ ਚੋਣਾਂ ਵਾਲੇ ਸਾਲ ਹੋਈ ਸੀ। ਕੀ ਤੁਹਾਨੂੰ ਇੰਨਾਂ ਵੀ ਯਾਦ ਨਹੀਂ ਕਿ ਜਦੋਂ ਇਹ ਦੋ ਦਿਨ ਦੀ ਸੀ, ਆਪਣੀ ਕਲੋਨੀ ਵਿੱਚ ਚੋਣ ਸਭਾ ਨੂੰ ਸੰਬੋਧਿਤ ਕਰਨ ਆਏ ਮੁੱਖ ਮੰਤਰੀ ਸਾਡੇ ਘਰ ਚਾਹ ਤੇ ਆਏ ਸੀ। ਤੇ ਇਹ ਵੀ ਉਸੇ ਦਿਨ ਹੋਇਆ ਸੀ ਕਿ ਚੁਪਕੇ ਚੁਪਕੇ ਸ਼ਹਿਰ ਦੇ ਇੱਕ ਪ੍ਰਮੁੱਖ ਅੰਡਰਵਰਲਡ ਸਰਗਨਾ ਨੂੰ ਪੱਗ ਵਟਾ ਕੇ ਤੁਸੀਂ ਆਪਣਾ ਭਰਾ ਬਣਾ ਲਿਆ ਸੀ।
ਤੇ ਇਸ ਛੋਟੇ ਰਾਜਕੁਮਾਰ ਦੇ ਜਨਮ ਸਮੇਂ ਵੀ ਕੀ ਅਜਿਹਾ ਹੀ ਕੁਝ ਹੋਇਆ ਸੀ ਭਲਾ ?
ਹਾਂ ! ਕਿਉਂ ਨਹੀਂ ? ਪਤਨੀ ਨੇ ਮਾਣ ਨਾਲ ਕਿਹਾ। ਇਹ ਤਾਂ ਹੈ ਹੀ ਸਾਡਾ ਭਾਗਾਂ ਵਾਲਾ ਪੁਤੱਰ। ਇਸਦੀਆਂ ਬੰਦ ਮੁੱਠੀਆਂ ਵਿੱਚ ਸੁੰਦਰਤਾ ਦਾ ਸਾਮਾਨ ਬਣਾਉਣ ਵਾਲੀ ਉਸ ਕੰਪਨੀ ਦਾ ਨਜ਼ਰਾਨਾ ਮਿਲਿਆ ਸੀ ਜਿਸਦਾ ਨਾਂ ਹੁਣ ਹਰ ਜਵਾਨ ਕੁੜੀ ਦੀ ਜ਼ੁਬਾਨ ਤੇ ਹੈ। ਇਹ ਮੁਸ਼ਕਿਲ ਨਾਲ ਕਿਤੇ ਹਫਤੇ ਭਰ ਦਾ ਹੋਵੇਗਾ ਜਦੋਂ ਕੰਪਨੀ ਨੇ ਪਹਿਲੇ ਦਸ ਉਤਪਾਦ ਬਾਜ਼ਾਰ ਵਿੱਚ ਉਤਾਰੇ ਸਨ। ਤੇ ਕੁਝ ਹੀ ਸਾਲਾਂ ਵਿੱਚ ਕੰਪਨੀ ਦੇਸ਼ ਵਿੱਚ ਨੰਬਰ ਵੰਨ ਬਣ ਗਈ ਸੀ।
ਕਿੰਨੇ ਖੁਸ਼ਕਿਸਮਤ ਹਾਂ ਅਸੀਂ ਕਿ ਸਾਨੂੰ ਪਰਮਾਤਮਾ ਨੇ ਅਜਿਹੇ ਬੱਚੇ ਦਿੱਤੇ। ਉਸਦਾ ਚਿਹਰਾ ਮਾਣ ਤੇ ਆਤਮ ਸੰਤੋਸ਼ ਨਾਲ ਚਮਕ ਰਿਹਾ ਸੀ।
ਮੈਨੂੰ ਹਮੇਸ਼ਾ ਲਗਦਾ ਹੈ ਕਿ ਜੋ ਕੁਝ ਵੀ ਸਾਡੇ ਕੋਲ ਹੈ ਉਹ ਸਾਡੇ ਬੱਚਿਆਂ ਦੇ ਭਾਗਾਂ ਕਰਕੇ ਹੈ। ਉਂਝ ਤਾਂ ਮੁਸ਼ਕਿਲ ਨਾਲ ਦਾਲ ਰੋਟੀ ਦਾ ਹੀ ਖਰਚਾ ਕੱਢ ਸਕਦੇ ਸੀ। ਪਤਨੀ ਨੇ ਕਿਹਾ।
ਨੌਕਰ ਦੇ ਵੀ ਤਿੰਨ ਹੀ ਬੱਚੇ ਸਨ।ਘਰ ਆ ਕੇ ਉਸਨੇ ਆਪਣੀ ਪਤਨੀ ਤੋਂ ਉਤਸ਼ਾਹ ਨਾਲ ਪੁੱਛਿਆ , ‘ ਕਿਉਂ ਰੀ, ਅਪਣਾ ਬੜਾ ਬੇਟਾ ਕਿਸ ਸਾਲ ਹੋਇਆ ਸੀ ? ਇਹ ਤਾਂ ਕਲਮੂੰਹਾ ਬਰਸਾਤ ਵਾਲੇ ਉਸੇ ਸਾਲ ਹੋਇਆ ਸੀ ਜਦੋਂ ਹੜ੍ਹ ਵਿੱਚ ਸਾਡਾ ਛੱਪਰ ਵਹਿ ਗਿਆ ਸੀ। ਹੇ ਭਗਵਾਨ! ਕਿਹੋ ਜਿਹੀ ਮੁਸੀਬਤਾਂ ਲੈ ਕੇ ਆਇਆ ਸੀ ਇਹ ਅਭਾਗਾ।ਸੋਚਦੀ ਹਾਂ ਤਾਂ ਕਾਲਜਾ ਕੰਬ ਉਠਦਾ ਹੈ।
ਕਿੰਨੇ ਦਿਨ ਇਸਨੂੰ ਚੁੱਕ ਕੇ ਇੱਕ ਟਿੱਲੇ ਤੋਂ ਦੂਜੇ ਟਿੱਲੇ ਉੱਤੇ ਭੁੱਖੇ ਪਿਆਸੇ ਭਟਕਦੇ ਰਹੇ ਸੀ। ਬਾਅਦ ਵਿੱਚ ਜਦੋਂ ਜ਼ਮੀਂਦਾਰ ਦੀ ਖੰਡਰਨੁਮਾ ਪੁਰਾਣੀ ਹਵੇਲੀ ਵਿੱਚ ਸਹਾਰਾ ਮਿਲਿਆ ਸੀ ਤਾਂ ਇੱਕ ਦਿਨ ਉਸਦੇ ਬਿਗੜੈਲ ਪੁੱਤ ਨੇ ਮੇਰੇ ਨਾਲ ਜਬਰ-ਜਨਾਹ ਕੀਤਾ ਸੀ। ਬੋਲਦੀ ਬੋਲਦੀ ਉਹ ਅਤੀਤ ਦੀਆਂ ਯਾਦਾਂ ਵਿੱਚ ਖੋ ਗਈ ਤੇ ਫੁੱਟ ਫੁੱਟ ਕੇ ਰੋਣ ਲੱਗ ਪਈ। ਨੌਕਰ ਉਦਾਸ ਤੇ ਖਾਮੋਸ਼ ਹੋ ਗਿਆ। ਫੇਰ ਉਸਨੇ ਆਪਣੇ ਬਾਕੀ ਦੇ ਬੱਚਿਆਂ ਬਾਰੇ ਨਹੀਂ ਪੁੱਛਿਆ।
ਪੇਸ਼ਕਸ਼ : ਗੁਰਮਾਨ ਸੈਣੀ
ਰਾਬਤਾ 8360487488