ਵੈਲਿੰਗਟਨ- ਆਖ਼ਰੀ ਓਵਰਾਂ ਵਿੱਚ ਸ਼ਰਦੁਲ ਠਾਕੁਰ ਸਣੇ ਆਪਣੇ ਗੇਂਦਬਾਜ਼ਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਸੁਪਰ ਓਵਰ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਉਹ ਪੰਜ ਮੈਚਾਂ ਦੀ ਟੀ-20 ਲੜੀ ਵਿੱਚ 4-0 ਨਾਲ ਲੀਡ ਬਣਾ ਕੇ ਮੇਜ਼ਬਾਨ ਟੀਮ ਖ਼ਿਲਾਫ਼ ਹੂੰਝਾ ਫੇਰਨ ਦੇ ਨੇੜੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਹੱਥੋਂ ਮੈਚ ਖੋਹਣ ’ਚ ਮੁੱਖ ਭੂਮਿਕਾ ਨਿਭਾਉਣ ਵਾਲੇ ਠਾਕੁਰ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ।
ਭਾਰਤ ਨੇ ਅੱਠ ਵਿਕਟਾਂ ਗੁਆ ਕੇ 165 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਜਿੱਤ ਵੱਲ ਵਧ ਰਿਹਾ ਸੀ। ਉਸ ਨੂੰ ਆਖ਼ਰੀ ਓਵਰ ਵਿੱਚ ਜਿੱਤ ਲਈ ਸੱਤ ਦੌੜਾਂ ਲੋੜੀਂਦੀਆਂ ਸਨ, ਜਦਕਿ ਉਸ ਦੀਆਂ ਸੱਤ ਵਿਕਟਾਂ ਸੁਰੱਖਿਅਤ ਸਨ। ਕਪਤਾਨ ਵਿਰਾਟ ਕੋਹਲੀ ਨੇ ਮੈਚ ਦਾ ਆਖ਼ਰੀ ਓਵਰ ਠਾਕੁਰ ਨੂੰ ਸੌਂਪਿਆ ਅਤੇ ਉਸ ਦੀ ਪਹਿਲੀ ਹੀ ਗੇਂਦ ’ਤੇ ਰੋਸ ਟੇਲਰ (24 ਦੌੜਾਂ) ਆਊਟ ਹੋ ਗਿਆ। ਦੂਜੀ ਗੇਂਦ ’ਤੇ ਡੇਰਿਲ ਮਿਸ਼ੇਲ ਨੇ ਚੌਕਾ ਜੜ ਦਿੱਤਾ। ਅਗਲੀ ਗੇਂਦ ’ਤੇ ਟਿਮ ਸੀਫ਼ਰਟ (57 ਦੌੜਾਂ) ਰਨ ਆਊਟ ਹੋ ਗਿਆ। ਚੌਥੀ ਗੇਂਦ ’ਤੇ ਇੱਕ ਦੌੜ ਬਣੀ, ਪਰ ਅਗਲੀਆਂ ਦੋ ਗੇਂਦਾਂ ’ਤੇ ਮਿਸ਼ੇਲ ਅਤੇ ਸੇਂਟਨਰ ਆਪਣੀ ਵਿਕਟ ਗੁਆ ਬੈਠੇ। ਮਿਸ਼ੇਲ ਦਾ ਕੈਚ ਮਿੱਡ ਆਫ ’ਤੇ ਸ਼ਿਵਮ ਦੂਬੇ ਨੇ ਲਿਆ, ਜਦਕਿ ਸੇਂਟਨਰ ਰਨ ਆਊਟ ਹੋਇਆ। ਹਾਲਾਂਕਿ ਉਹ ਇੱਕ ਦੌੜ ਲੈ ਚੁੱਕਿਆ ਸੀ।
ਇਸ ਤਰ੍ਹਾਂ ਮੈਚ ਸੁਪਰ ਓਵਰ ਤੱਕ ਖਿੱਚਿਆ ਗਿਆ। ਸੁਪਰ ਓਵਰ ਵਿੱਚ ਨਿਊਜ਼ੀਲੈਂਡ ਨੇ ਇੱਕ ਵਿਕਟ ਗੁਆ ਕੇ 13 ਦੌੜਾਂ ਬਣਾਈਆਂ। ਭਾਰਤ ਲਈ ਕੇਐੱਲ ਰਾਹੁਲ ਅਤੇ ਕੋਹਲੀ ਸੁਪਰ ਓਵਰ ਵਿੱਚ ਉਤਰੇ। ਰਾਹੁਲ ਨੇ ਟਿਮ ਸਾਊਦੀ ਦੀ ਪਹਿਲੀ ਗੇਂਦ ’ਤੇ ਛੱਕਾ ਅਤੇ ਦੂਜੀ ਗੇਂਦ ’ਤੇ ਚੌਕਾ ਮਾਰ ਕੇ ਜਿੱਤ ਦਾ ਰਾਹ ਪੱਧਰਾ ਕਰ ਦਿੱਤਾ। ਉਹ ਤੀਜੀ ਗੇਂਦ ’ਤੇ ਆਊਟ ਹੋ ਗਿਆ, ਪਰ ਕੋਹਲੀ ਨੇ ਚੌਥੀ ਗੇਂਦ ’ਤੇ ਦੋ ਦੌੜਾਂ ਅਤੇ ਪੰਜਵੀਂ ਗੇਂਦ ’ਤੇ ਚੌਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਤੀਜੇ ਟੀ-20 ਮੈਚ ਵਿੱਚ ਰੋਹਿਤ ਸ਼ਰਮਾ ਨੇ ਸੁਪਰ ਓਵਰ ਵਿੱਚ ਆਖ਼ਰੀ ਦੋ ਗੇਂਦਾਂ ’ਤੇ ਛੱਕੇ ਜੜ ਕੇ ਟੀਮ ਨੂੰ ਜਿੱਤ ਦਿਵਾਈ ਸੀ। ਇਸ ਤੋਂ ਪਹਿਲਾਂ ਸਵੇਰੇ ਮਨੀਸ਼ ਪਾਂਡੇ ਨੇ 36 ਗੇਂਦਾਂ ਵਿੱਚ ਨਾਬਾਦ 50 ਦੌੜਾਂ ਬਣਾ ਕੇ ਭਾਰਤ ਨੂੰ ਅੱਠ ਵਿਕਟਾਂ ’ਤੇ 165 ਦੌੜਾਂ ਤੱਕ ਪਹੁੰਚਾਇਆ ਸੀ। ਦੂਜੇ ਪਾਸੇ ਨਿਊਜ਼ੀਲੈਂਡ ਲਈ ਸੀਫਰਟ ਅਤੇ ਕੋਲਿਨ ਮੁਨਰੋ (64 ਦੌੜਾਂ) ਤੋਂ ਇਲਾਵਾ ਕੋਈ ਬੱਲੇਬਾਜ਼ ਨਹੀਂ ਚੱਲ ਸਕਿਆ। ਨਿਊਜ਼ੀਲੈਂਡ ਨੇ ਇਸ ਤੋਂ ਪਹਿਲਾਂ ਲਗਾਤਾਰ ਚੌਥੀ ਵਾਰ ਟਾਸ ਜਿੱਤਿਆ ਅਤੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਕੇਨ ਵਿਲੀਅਮਸਨ ਮੋਢੇ ਦੀ ਸੱਟ ਕਾਰਨ ਇਸ ਮੈਚ ’ਚੋਂ ਬਾਹਰ ਸੀ, ਜਿਸ ਦੀ ਥਾਂ ਟਿਮ ਸਾਊਦੀ ਨੇ ਟੀਮ ਦੀ ਕਪਤਾਨੀ ਕੀਤੀ।
ਭਾਰਤੀ ਟੀਮ ਵਿੱਚ ਰੋਹਿਤ ਸ਼ਰਮਾ, ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਦੀ ਥਾਂ ਸੰਜੂ ਸੈਮਸਨ, ਨਵਦੀਪ ਸੈਣੀ ਅਤੇ ਵਾਸ਼ਿੰਗਟਨ ਸੁੰਦਰ ਨੂੰ ਉਤਾਰਿਆ ਗਿਆ। ਸੰਜੂ ਸੈਮਸਨ ਨੇ ਕੇਐੱਲ ਰਾਹੁਲ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਰਾਹੁਲ ਨੇ 26 ਗੇਂਦਾਂ ਵਿੱਚ 39 ਦੌੜਾਂ ਬਣਾਈਆਂ। ਵਿਰਾਟ ਕੋਹਲੀ (11 ਦੌੜਾਂ) ਵੀ ਛੇਤੀ ਪੈਵਿਲੀਅਨ ਪਰਤ ਗਿਆ। ਈਸ਼ ਸੋਢੀ ਨੇ ਸ਼੍ਰੇਅਸ ਅਈਅਰ (ਇੱਕ ਦੌੜ) ਅਤੇ ਸ਼ਿਵਮ ਦੂਬੇ (12 ਦੌੜਾਂ) ਨੂੰ ਆਊਟ ਕੀਤਾ। ਭਾਰਤੀ ਟੀਮ ਨੇ ਇੱਕ ਸਮੇਂ 88 ਦੌੜਾਂ ’ਤੇ ਛੇ ਵਿਕਟਾਂ ਗੁਆ ਲਈਆਂ ਸਨ। ਇਸ ਮਗਰੋਂ ਪਾਂਡੇ ਨੇ ਪਾਰੀ ਨੂੰ ਸੰਭਾਲ ਕੇ ਟੀਮ ਨੂੰ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ।
Sports ‘ਸੁਪਰ ਓਵਰ’ ਵਿੱਚ ਭਾਰਤ ਦੀ ਲਗਾਤਾਰ ਦੂਜੀ ਸੁਪਰ ਜਿੱਤ