ਨਵੀਂ ਦਿੱਲੀ (ਸਮਾਜਵੀਕਲੀ) : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਸੀਬੀਐੱਸਈ ਨੂੰ ਕੋਵਿਡ- 19 ਕਾਰਨ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਆਗਿਆ ਦੇ ਦਿੱਤੀ ਹੈ ਜਦਕਿ ਜੁਲਾਈ ਵਿੱਚ ਰੱਦ ਹੋਣ ਵਾਲੇ ਪੇਪਰਾਂ ਲਈ ਵਿਦਿਆਰਥੀਆਂ ਨੂੰ ਅੰਕ ਦੇਣ ਦੀ ਇੱਕ ਸਕੀਮ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਜਸਟਿਸ ਏ ਐੱਮ ਖਾਨਵਿਲਕਰ, ਦਿਨੇਸ਼ ਮਹੇਸ਼ਵਰੀ ਤੇ ਸੰਜੀਵ ਖੰਨਾ ਦੇ ਬੈਂਚ ਨੇ ਸੀਬੀਐੱਸਈ ਨੂੰ ਪ੍ਰੀਖਿਆਵਾਂ ਰੱਦ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਆਗਿਆ ਦੇ ਦਿੱਤੀ ਹੈ। ਬੈਂਚ ਨੇ ਬੋਰਡ ਨੂੰ ਕਿਹਾ ਕਿ 1 ਤੋਂ 15 ਜੁਲਾਈ ਦਰਮਿਆਨ ਹੋਣ ਵਾਲੀਆਂ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਦਾ ਪ੍ਰਬੰਧ ਇਸ ਹੁਕਮ ਤਹਿਤ ਕੀਤਾ ਜਾਵੇਗਾ।
ਸੁਣਵਾਈ ਦੌਰਾਨ ਕੇਂਦਰ ਅਤੇ ਸੀਬੀਐੱਸਈ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਮੁਲਾਂਕਣ ਸਕੀਮ ਤਹਿਤ ਵਿਦਿਆਰਥੀਆਂ ਵੱਲੋਂ ਬੋਰਡ ਪ੍ਰੀਖਿਆਵਾਂ ਦੌਰਾਨ ਦਿੱਤੇ ਪਿਛਲੇ ਤਿੰਨ ਪੇਪਰਾਂ ਵਿੱਚ ਪ੍ਰਾਪਤ ਕੀਤੇ ਅੰਕਾਂ ਨੂੰ ਤਵੱਜੋ ਦਿੱਤੀ ਜਾਵੇਗੀ।
ਆਈਸੀਐੱਸਈ ਵੱਲੋਂ ਪੇਸ਼ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੀ ਸਕੀਮ ਵੀ ਲਗਪਗ ਸੀਬੀਐੱਸਈ ਨਾਲ ਮਿਲਦੀ-ਜੁਲਦੀ ਹੈ ਜਦਕਿ ਇਸ ਦਾ ਮੁਲਾਂਕਣ ਕਰਨ ਦਾ ਫਾਰਮੂਲਾ ਵੱਖਰਾ ਹੋਵੇਗਾ ਤੇ ਇਸ ਵੱਲੋਂ ਦਸਵੀਂ ਦੀ ਪ੍ਰੀਖਿਆ ਮੁੜ ਲਈ ਜਾ ਸਕਦੀ ਹੈ। ਦੋਵਾਂ ਬੋਰਡਾਂ ਨੇ ਅਦਾਲਤ ’ਚ ਦੱਸਿਆ ਕਿ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਜੁਲਾਈ ਅੱਧ ਤੱਕ ਐਲਾਨੇ ਜਾ ਸਕਦੇ ਹਨ।
ਹਾਲਾਂਕਿ ਬੋਰਡ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਫ਼ੈਸਲੇ ਮੁਤਾਬਕ ਹਾਲਾਤ ਸਾਜ਼ਗਾਰ ਹੋਣ ਤੋਂ ਬਾਅਦ ਬਾਰ੍ਹਵੀਂ ਜਮਾਤ ਲਈ ਸੀਬੀਐੱਸਈ ਵੱਲੋਂ 1 ਤੋਂ 15 ਜੁਲਾਈ ਵਿਚਕਾਰ ਹੋਣ ਵਾਲੇ ਪੇਪਰਾਂ ਲਈ ਆਪਸ਼ਨਲ ਪ੍ਰੀਖਿਆ ਲਈ ਜਾ ਸਕੇਗੀ। ਜਾਣਕਾਰੀ ਮੁਤਾਬਕ ਦਸਵੀਂ ਦੇ ਵਿਦਿਆਰਥੀਆਂ ਲਈ ਹੁਣ ਕੋਈ ਹੋਰ ਪ੍ਰੀਖਿਆ ਨਹੀਂ ਹੋਵੇਗੀ ਤੇ ਬੋਰਡ ਵੱਲੋਂ ਐਲਾਨਿਆ ਨਤੀਜਾ ਅੰਤਿਮ ਮੰਨਿਆ ਜਾਵੇਗਾ।
ਇਸ ਦੌਰਾਨ ਉੱਤਰ-ਪੂਰਬੀ ਦਿੱਲੀ ’ਚ ਨਾਗਰਿਕਤਾ (ਸੋਧ) ਬਿੱਲ ਖ਼ਿਲਾਫ਼ ਹੋਏ ਮੁਜ਼ਾਹਰਿਆਂ ਦੌਰਾਨ ਹੋਈ ਹਿੰਸਾ ਕਾਰਨ ਰੱਦ ਹੋਏ ਕੁਝ ਪੇਪਰਾਂ ਲਈ ਬੋਰਡ ਨੇ ਇੰਟਰਨਲ ਪ੍ਰੀਖਿਆਵਾਂ ਨੂੰ ਆਧਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਦੂਜੇ ਪਾਸੇ, ਸੀਆਈਸੀਐੱਸਈ ਨੇ ਆਪਣੇ ਹਲਫ਼ਨਾਮੇ ਰਾਹੀਂ ਅਦਾਲਤ ਨੂੰ ਦੱਸਿਆ ਕਿ ਆਈਸੀਐੱਸਈ ਦੇ ਦਸਵੀਂ ਦੇ ਬਾਕੀ ਰਹਿੰਦੇ ਪੇਪਰ ਅਤੇ ਆਈਐੱਸਸੀ ਦੇ ਬਾਰ੍ਹਵੀਂ ਦੇ ਬਾਕੀ ਰਹਿੰਦੇ ਪੇਪਰ ਜੋ 1 ਤੋਂ 14 ਜੁਲਾਈ ਤੱਕ ਹੋਣੇ ਸਨ, ਉਹ ਰੱਦ ਮੰਨੇ ਜਾਣਗੇ। ਇਨ੍ਹਾਂ ਜਮਾਤਾਂ ਦੇ ਨਤੀਜੇ ਸੀਅਾਈਐੱਸਸੀਈ ਵੱਲੋਂ ਤੈਅ ਕੀਤੀ ਜਾਣ ਵਾਲੀ ਪ੍ਰਣਾਲੀ ਦੀ ਵਰਤੋਂ ਰਾਹੀਂ ਐਲਾਨੇ ਜਾਣਗੇ।
ਹਲਫ਼ਨਾਮੇ ਮੁਤਾਬਕ ਆਈਸੀਐੱਸਈ ਅਤੇ ਆਈਐੱਸਸੀ ਸਾਲ 2020 ਦੀ ਪ੍ਰੀਖਿਆ ’ਚ ਕੁਝ ਪੇਪਰ ਦੇਣੋਂ ਰਹਿ ਗਏ ਵਿਦਿਆਰਥੀਆਂ ਦੇ ਨਤੀਜੇ ਸੀਆਈਐੱਸਸੀਈ ਵੱਲੋਂ ਤੈਅਸ਼ੁਦਾ ਤਰੀਕੇ ਮੁਤਾਬਕ ਐਲਾਨੇ ਜਾਣਗੇ। ਹਲਫ਼ਨਾਮੇ ਮੁਤਾਬਕ,‘ਜੇਕਰ ਨੇੜ ਭਵਿੱਖ ’ਚ ਹਾਲਾਤ ਸਹੀ ਰਹੇ ਤਾਂ ਸੀਆਈਐੱਸਸੀਈ ਵੱਲੋਂ ਬਾਅਦ ’ਚ ਵਿਦਿਆਰਥੀਆਂ ਨੂੰ ਆਈਸੀਐੱਸਈ/ਆਈਐੱਸਸੀ ਸਾਲ 2020 ਦੇ ਚੋਣਵੇਂ ਜਾਂ ਸਾਰੇ ਰਹਿੰਦੇ ਪੇਪਰ ਦੇਣ ਦੀ ਆਪਸ਼ਨ ਦਿੱਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਇਨ੍ਹਾਂ ਪੇਪਰਾਂ ’ਚ ਪ੍ਰਾਪਤ ਅੰਕਾਂ ਨੂੰ ਵਿਦਿਆਰਥੀਆਂ ਦੇ ਫਾਈਨਲ ਅੰਕ ਮੰਨਿਆ ਜਾਵੇਗਾ।’
ਸੀਆਈਐਸਸੀਈ ਵੱਲੋਂ ਉਭਾਰੇ ਤੇ ਅਦਾਲਤ ਵੱਲੋਂ ਰਿਕਾਰਡ ਕੀਤੇ ਗਏ ਦੋ ਵਾਧੂ ਪੱਖਾਂ ਮੁਤਾਬਕ ਇਸ ਵੱਲੋਂ ਆਈਸੀਐੱਸਈ (ਦਸਵੀਂ ਜਮਾਤ) ਲਈ ਆਪਸ਼ਨਲ ਪ੍ਰੀਖਿਆ ਲੈਣ ਬਾਰੇ ਫ਼ੈਸਲਾ ਕੀਤਾ ਜਾ ਸਕਦਾ ਹੈ। ਸੀਆਈਐੱਸਸੀਈ ਨੇ ਕਿਹਾ ਕਿ ਇਸ ਦੀ ਮੁਲਾਂਕਣ ਪ੍ਰਣਾਲੀ ਸੀਬੀਐੱਸਈ ਤੋਂ ਵੱਖਰੀ ਹੋਵੇਗੀ, ਜੋ ਅੱਜ ਤੋਂ ਇੱਕ ਹਫ਼ਤੇ ਦੇ ’ਚ ਆਈਸੀਐੱਸਈ ਦੀ ਵੈੱਬਸਾਈਟ ’ਤੇ ਪਾ ਦਿੱਤੀ ਜਾਵੇਗੀ।