ਅਗਲੀ ਸੁਣਵਾਈ 26 ਨੂੰ; ਹਾਲੇ ਹਿਰਾਸਤ ’ਚ ਰਹਿਣਾ ਪਵੇਗਾ
ਸੁਪਰੀਮ ਕੋਰਟ ਨੇ ਆਈਐੱਨਐਕਸ ਮੀਡੀਆ ਘੁਟਾਲਾ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਰਜ ਕੇਸ ਵਿੱਚ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੂੰ ਅੱਜ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ ਦੇ ਦਿੱਤੀ ਹੈ। ਸੀਬੀਆਈ ਤੇ ਈਡੀ ਵੱਲੋਂ ਦਰਜ ਕੇਸਾਂ ਵਿੱਚ ਪੀ.ਚਿਦੰਬਰਮ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਹੁਣ 26 ਅਗਸਤ ਨੂੰ ਹੋਵੇਗੀ। ਉਂਜ ਚਿਦੰਬਰਮ ਸੋਮਵਾਰ ਤਕ ਸੀਬੀਆਈ ਦੀ ਹਿਰਾਸਤ ਵਿੱਚ ਹੀ ਰਹਿਣਗੇ, ਕਿਉਂਕਿ ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਦਖ਼ਲ ਤੋਂ ਨਾਂਹ ਕਰ ਦਿੱਤੀ। ਜਸਟਿਸ ਆਰ.ਭਾਨੂਮਤੀ ਤੇ ਏ.ਐੱਸ.ਬੋਪੰਨਾ ਦੀ ਸ਼ਮੂਲੀਅਤ ਵਾਲੇ ਬੈਂਚ ਵੱਲੋਂ ਦੋਵਾਂ ਕੇਸਾਂ ਦੀ ਸੁਣਵਾਈ 26 ਅਗਸਤ ’ਤੇ ਪਾ ਦਿੱਤੀ। ਬੈਂਚ ਨੇ ਕਿਹਾ, ‘ਪਟੀਸ਼ਨਰ (ਚਿਦੰਬਰਮ) ਦੇ ਵਕੀਲਾਂ ਤੇ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਦੀਆਂ ਦਲੀਲਾਂ ਸੁਣਨ ਮਗਰੋਂ ਸਾਡਾ ਇਹ ਵਿਚਾਰ ਹੈ ਕਿ ਈਡੀ ਵੱਲੋਂ ਦਰਜ ਕੇਸ ਵਿੱਚ ਸਹਿ-ਮੁਲਜ਼ਮ ਨੂੰ ਜ਼ਮਾਨਤ ਮਿਲ ਚੁੱਕੀ ਹੈ। ਪਟੀਸ਼ਨਰ ਨੂੰ ਕੇਸ ਦੀ ਅਗਲੀ ਸੁਣਵਾਈ ਤਕ ਗ੍ਰਿਫ਼ਤਾਰ ਨਾ ਕੀਤਾ ਜਾਵੇ। ਪਟੀਸ਼ਨ ਨੂੰ ਸੋਮਵਾਰ (26 ਅਗਸਤ) ਨੂੰ ਸੂਚੀਬੱਧ ਕੀਤਾ ਜਾਵੇ। ਮੁਦਾਇਲਾ ਧਿਰ (ਈਡੀ) ਸੋਮਵਾਰ ਤਕ ਆਪਣੇ ਜਵਾਬ ਤੇ ਮਤਭੇਦਾਂ ਬਾਰੇ ਸੂਚਿਤ ਕਰੇ।’ ਉਂਜ ਫ਼ੈਸਲੇ ਤੋਂ ਫ਼ੌਰੀ ਮਗਰੋਂ ਮਹਿਤਾ ਨੇ ਅਦਾਲਤ ਨੂੰ ਸੀਲਬੰਦ ਲਿਫ਼ਾਫ਼ੇ ’ਚ ਦਸਤਾਵੇਜ਼ ਸੌਂਪਣ ਦਾ ਯਤਨ ਕਰਦਿਆਂ ਕਿਹਾ ਕਿ ਚਿਦੰਬਰਮ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਸਬੰਧੀ ਕੋਈ ਵੀ ਹੁਕਮ ਪਾਸ ਕਰਨ ਤੋਂ ਪਹਿਲਾਂ ਬੈਂਚ ਨੂੰ ਆਪਣੇ ਜ਼ਮੀਰ ਦੀ ਤਸੱਲੀ ਕਰ ਲੈਣੀ ਚਾਹੀਦੀ ਹੈ। ਬੈਂਚ ਨੇ ਹਾਲਾਂਕਿ ਇਹ ਕਹਿੰਦਿਆਂ ਦਸਤਾਵੇਜ਼ ਫੜ੍ਹਨ ਤੋਂ ਨਾਂਹ ਕਰ ਦਿੱਤੀ ਕਿ ਇਹ ਗੁਪਤ ਦਸਤਾਵੇਜ਼ ਹਨ ਤੇ ਇਨ੍ਹਾਂ ਨੂੰ ਇੰਜ ਨਹੀਂ ਰੱਖਿਆ ਜਾ ਸਕਦਾ। ਬੈਂਚ ਨੇ ਹਦਾਇਤ ਕੀਤੀ ਕਿ ਮਹਿਤਾ ਸੋਮਵਾਰ ਨੂੰ ਸੁਣਵਾਈ ਮੌਕੇ ਇਹ ਦਸਤਾਵੇਜ਼ ਪੇਸ਼ ਕਰਨ। ਉਂਜ ਸੁਣਵਾਈ ਦੌਰਾਨ ਚਿਦੰਬਰਮ ਦੇ ਵਕੀਲਾਂ ਕਪਿਲ ਸਿੱਬਲ ਤੇ ਅਭਿਸ਼ੇਕ ਮਨੂ ਸਿੰਘਵੀ ਅਤੇ ਸੌਲਿਸਟਰ ਜਨਰਲ ਮਹਿਤਾ ਦਰਮਿਆਨ ਤਿੱਖੀ ਨੋਕ-ਝੋਕ ਵੀ ਹੋਈ। ਇਸ ਦੌਰਾਨ ਸੀਬੀਆਈ ਨੇ ਪੰਜ ਮੁਲਕਾਂ ਯੂਕੇ, ਸਿੰਗਾਪੁਰ, ਮੌਰੀਸ਼ਿਸ, ਬਰਮੁਡਾ ਤੇ ਸਵਿਟਜ਼ਰਲੈਂਡ ਨੂੰ ਪੱਤਰ ਲਿਖ ਕੇ ਆਈਐੱਨਐਕਸ ਮੀਡੀਆ ਕੇਸ ਵਿੱਚ ਸਬੰਧਤ ਕੰਪਨੀਆਂ ਵੱਲੋਂ ਕੀਤੇ ਨਿਵੇਸ਼ ਤੇ ਅਦਾਇਗੀ ਦੀ ਤਫ਼ਸੀਲ ਸਾਂਝੀ ਕਰਨ ਲਈ ਕਿਹਾ ਹੈ।