ਨਵੀਂ ਦਿੱਲੀ (ਸਮਾਜਵੀਕਲੀ) : ਸੁਪਰੀਮ ਕੋਰਟ ਨੇ ਅੱਜ ਕਰੋਨਾਵਾਇਰਸ ਮਹਾਮਾਰੀ ਦੌਰਾਨ ਇਸ ਸਾਲ ਸ੍ਰੀ ਅਮਰਨਾਥ ਯਾਤਰਾ ’ਤੇ ਰੋਕ ਲਾਉਣ ਸਬੰਧੀ ਅਰਜ਼ੀ ’ਤੇ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ ਹੈ।
ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਹੇਠਲੇ ਇਕ ਬੈਂਚ ਨੇ ਕਿਹਾ ਕਿ ਤੀਰਥ ਯਾਤਰੀਆਂ ਨੂੰ ਜਾਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਲੈਣਾ ਅਤੇ ਸੁਰੱਖਿਆ ਵਜੋਂ ਪਾਬੰਦੀਆਂ ਲਗਾਉਣਾ ਕਾਰਜਪਾਲਿਕਾ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਅਤੇ ਇਸ ਸਬੰਧੀ ਪ੍ਰਸ਼ਾਸਨ ਹੀ ਫ਼ੈਸਲਾ ਲਵੇਗਾ। ਸਿਖ਼ਰਲੀ ਅਦਾਲਤ ਵੱਲੋਂ ‘ਸ੍ਰੀ ਅਮਰਨਾਥ ਬਰਫ਼ਾਨੀ ਲੰਗਰ ਸੰਸਥਾ’ ਦੀ ਅਰਜ਼ੀ ’ਤੇ ਸੁਣਵਾਈ ਕੀਤੀ ਜਾ ਰਹੀ ਸੀ।
ਇਸ ਅਰਜ਼ੀ ਤਹਿਤ ਸੰਸਥਾ ਵੱਲੋਂ ਅਦਾਲਤ ਤੋਂ ਮੰਗ ਕੀਤੀ ਗਈ ਸੀ ਕਿ ਕੇਂਦਰ ਸਰਕਾਰ, ਜੰਮੂ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਸ੍ਰੀ ਅਮਰਨਾਥਜੀ ਤੀਰਥ ਬੋਰਡ ਨੂੰ ਹਦਾਇਤ ਕੀਤੀ ਜਾਵੇ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਇਸ ਸਾਲ ਸ਼ਰਧਾਲੂਆਂ ਨੂੰ ਯਾਤਰਾ ਦੀ ਇਜਾਜ਼ਤ ਨਾ ਦਿੱਤੀ ਜਾਵੇ। ਇਸ ਅਰਜ਼ੀ ਰਾਹੀਂ ਸ੍ਰੀ ਅਮਰਨਾਥ ਜੀ ਧਾਮ ਦੇ ‘ਲਾਈਵ ਦਰਸ਼ਨ’ ਇੰਟਰਨੈੱਟ ਤੇ ਟੈਲੀਵਿਜ਼ਨ ’ਤੇ ਕਰਵਾਉਣ ਸਬੰਧੀ ਹਦਾਇਤ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ ਸੀ।