ਨਵੀਂ ਦਿੱਲੀ (ਸਮਾਜਵੀਕਲੀ) : ਸੁਪਰੀਮ ਕੋਰਟ ਨੇ 27 ਮਾਰਚ ਨੂੰ ਸੁਣਾਏ ਹੁਕਮਾਂ ਨੂੰ ਵਾਪਸ ਲੈ ਲਿਆ ਹੈ ਜਿਨ੍ਹਾਂ ’ਚ ਉਸ ਨੇ ਲੌਕਡਾਊਨ ਖ਼ਤਮ ਹੋਣ ਮਗਰੋਂ ਮੁਲਕ ਭਰ ’ਚ ਬੀਐੱਸ-4 ਵਾਹਨਾਂ ਦੀ 10 ਦਿਨਾਂ ਲਈ ਵਿਕਰੀ ਦੀ ਇਜਾਜ਼ਤ ਦਿੱਤੀ ਸੀ। ਸਿਖਰਲੀ ਅਦਾਲਤ ਨੇ ਕਿਹਾ ਕਿ ਆਟੋਮੋਬਾਈਲ ਡੀਲਰਾਂ ਨੇ ਉਸ ਦੇ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਅਤੇ ਲੌਕਡਾਊਨ ਦੌਰਾਨ ਮਾਰਚ ਦੇ ਆਖਰੀ ਹਫ਼ਤੇ ਤੇ 31 ਮਾਰਚ ਤੋਂ ਬਾਅਦ ਵੀ ਬੀਐੱਸ-4 ਵਾਹਨਾਂ ਦੀ ਵਿਕਰੀ ਹੁੰਦੀ ਰਹੀ।
ਵੀਡੀਓ ਕਾਨਫਰੰਸਿੰਗ ਰਾਹੀਂ ਕੇਸ ਦੀ ਸੁਣਵਾਈ ਕਰਦਿਆਂ ਬੈਂਚ ਨੇ ਕਿਹਾ,‘‘ਜਾਅਲਸਾਜ਼ੀ ਕਰਕੇ ਇਸ ਅਦਾਲਤ ਦਾ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਨਾ ਕਰੋ।’’ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ 31 ਮਾਰਚ ਤੋਂ ਬਾਅਦ ਵਿਕੇ ਭਾਰਤ ਸਟੇਜ (ਬੀਐੱਸ)-4 ਵਾਹਨਾਂ ਦੀ ਅਜੇ ਰਜਿਸਟਰੇਸ਼ਨ ਨਹੀਂ ਕੀਤੀ ਜਾਵੇਗੀ। ਬੈਂਚ ਨੇ ਸਰਕਾਰ ਨੂੰ ਕਿਹਾ ਕਿ ਉਹ ਈ-ਵਾਹਨ ਡੇਟਾ ਚੈੱਕ ਕਰੇ। ਇਸ ਕੇਸ ਦੀ ਅਗਲੀ ਸੁਣਵਾਈ 23 ਜੁਲਾਈ ਨੂੰ ਹੋਵੇਗੀ।