ਸੁਪਰੀਮ ਕੋਰਟ ਨੇ ਚੋਕਸੀ ਖ਼ਿਲਾਫ਼ ਅਖ਼ਬਾਰ ‘ਚ ਨੋਟਿਸ ਛਪਵਾਉਣ ਨੂੰ ਕਿਹਾ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਗੁਜਰਾਤ ਦੇ ਇਕ ਜੌਹਰੀ ਤੋਂ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਖ਼ਿਲਾਫ਼ ਅਦਾਲਤ ਦੇ ਨੋਟਿਸ ਨੂੰ ਅਖ਼ਬਾਰ ‘ਚ ਪ੍ਰਕਾਸ਼ਿਤ ਕਰਵਾਉਣ ਲਈ ਕਿਹਾ। ਗੀਤਾਂਜਲੀ ਜੈਮਸ ਦੇ ਪ੍ਰਮੋਟਰ ਚੋਕਸੀ ਖ਼ਿਲਾਫ਼ ਧੋਖਾਧੜੀ ਦੇ ਮਾਮਲੇ ‘ਚ ਨੋਟਿਸ ਜਾਰੀ ਹੋਇਆ ਹੈ।
ਗੁਜਰਾਤ ਦੇ ਜੌਹਰੀ ਦਿਗਵਿਜੇ ਸਿੰਘ ਹਿੰਮਤ ਸਿੰਘ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ‘ਤੇ ਚੋਕਸੀ ਤੇ ਉਸ ਦੀ ਪਤਨੀ ਨੂੰ ਨੋਟਿਸ ਜਾਰੀ ਕੀਤਾ ਸੀ ਤੇ ਉਨ੍ਹਾਂ ਤੋਂ ਜਵਾਬ ਤਲਬ ਕੀਤਾ ਸੀ। ਜੌਹਰੀ ਨੇ ਧੋਖਾਧੜੀ ਦੇ ਮਾਮਲੇ ‘ਚ ਚੋਕਸੀ ਤੇ ਉਸ ਦੀ ਪਤਨੀ ਖ਼ਿਲਾਫ਼ ਦਾਖ਼ਲ ਐੱਫਆਈਆਰ ਨੂੰ ਗੁਜਰਾਤ ਹਾਈ ਕੋਰਟ ਵੱਲੋਂ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸਿਖਰਲੀ ਅਦਾਲਤ ‘ਚ ਅਪੀਲ ਕੀਤੀ ਹੈ।
ਜਸਟਿਸ ਦੀਪਕ ਗੁਪਤਾ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਨੂੰ ਜੌਹਰੀ ਦੇ ਵਕੀਲ ਨੇ ਦੱਸਿਆ ਕਿ ਨੋਟਿਸ ਨੂੰ ਤਾਮੀਲ ਨਹੀਂ ਕਰਵਾਇਆ ਜਾ ਸਕਿਆ, ਕਿਉਂਕਿ ਮੁਲਜ਼ਮ ਦੇਸ਼ ‘ਚ ਨਹੀਂ ਹੈ। ਜਸਟਿਸ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਵੀ ਅਖ਼ਬਾਰਾਂ ‘ਚ ਪੜਿ੍ਹਆ ਹੈ ਕਿ ਚੋਕਸੀ ਐਂਟੀਗੁਆ ਤੇ ਬਰਬੁਡਾ ‘ਚ ਹੈ। ਉਨ੍ਹਾਂ ਨੇ ਜੌਹਰੀ ਦੇ ਵਕੀਲ ਨੂੰ ਕਿਹਾ ਕਿ ਉਹ ਅਦਾਲਤ ਦੇ ਨੋਟਿਸ ਨੂੰ ਅਖ਼ਬਾਰ ‘ਚ ਪ੍ਰਕਾਸ਼ਿਤ ਕਰਵਾਉਣ ਤੇ ਉਸ ਦੀ ਇਕ ਕਾਪੀ ਚੋਕਸੀ ਦੇ ਆਖਰੀ ਪਤੇ ‘ਤੇ ਚਿਪਕਾ ਦੇਣ। ਜੌਹਰੀ ਨੇ ਦੋਸ਼ ਲਗਾਇਆ ਹੈ ਕਿ ਉਸ ਨੇ ਚੋਕਸੀ ਦੇ ਜ਼ਿਆਦਾ ਰਿਟਰਨ ਦੇਣ ਦੇ ਵਾਅਦੇ ‘ਤੇ ਇਕ ਫਰਮ ਦੀ ਨਿਵੇਸ਼ ਯੋਜਨਾ ਤਹਿਤ 105 ਕਿੱਲੋ ਤੋਂ ਵੱਧ ਸੋਨਾ ਜਮ੍ਹਾਂ ਕਰਵਾਇਆ ਸੀ, ਜਿਸ ‘ਚ ਉਸ ਨਾਲ ਧੋਖਾ ਹੋਇਆ ਸੀ।

ਦੋਸ਼ੀ ਕਰਾਰ ਦਿੱਤੇ ਜਾਣ ਤਕ ਹਰ ਮੁਲਜ਼ਮ ਨਿਰਦੋਸ਼
ਇਸੇ ਦੌਰਾਨ ਚੋਕਸੀ ਦੇ ਵਕੀਲ ਨੇ ਕਿਹਾ ਕਿ ਜਦੋਂ ਤਕ ਅਦਾਲਤ ਕਿਸੇ ਮੁਲਜ਼ਮ ਨੂੰ ਦੋਸ਼ੀ ਨਹੀਂ ਠਹਿਰਾਉਂਦਿਆਂ ਉਸ ਨੂੰ ਨਿਰਦੋਸ਼ ਮੰਨਿਆ ਜਾਣਾ ਚਾਹੀਦਾ। ਚੋਕਸੀ ਦੇ ਵਕੀਲ ਦਾ ਇਹ ਬਿਆਨ ਐਂਟੀਗੁਆ ਤੇ ਬਰਬੁਡਾ ਦੇ ਪ੍ਰਧਾਨ ਮੰਤਰੀ ਦੇ ਉਸ ਬਿਆਨ ‘ਤੇ ਆਇਾ ਹੈ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਦੇਸ਼ ‘ਚ ਅਪੀਲ ਦੇ ਸਾਰੇ ਬਦਲ ਖ਼ਤਮ ਹੋ ਜਾਣ ਤੋਂ ਬਾਅਦ ਚੋਕਸੀ ਨੂੰ ਹਵਾਲੇ ਕਰ ਦਿੱਤਾ ਜਾਵੇਗਾ। ਚੋਕਸੀ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦਾ ਮੁਵੱਕਿਲ ਕਾਨੂੰਨ ਨੂੰ ਮੰਨਣ ਵਾਲਾ ਨਾਗਰਿਕ ਹੈ। ਉਹ ਆਪਣਾ ਇਲਾਜ ਕਰਵਾਉਣ ਲਈ ਜਦੋਂ ਭਾਰਤ ਤੋਂ ਬਾਹਰ ਗਿਆ ਸੀ, ਉਦੋਂ ਉਸ ਖ਼ਿਲਾਫ਼ ਨਾ ਤਾਂ ਸੀਬੀਆਈ ਤੇ ਨਾ ਹੀ ਈਡੀ ਦੀ ਕੋਈ ਜਾਂਚ ਚੱਲ ਰਹੀ ਸੀ। ਉਨ੍ਹਾਂ ਦਾ ਮੁਵੱਕਿਲ ਕਾਨੂੰਨ ‘ਚ ਮਿਲੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰ ਰਿਹਾ ਹੈ।

Previous article550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿਆਰ ਕੀਤੇ ਯਾਦਗਾਰੀ ਸਿੱਕੇ ਭਾਈ ਲੌਂਗੋਵਾਲ ਨੇ ਕੀਤੇ ਜਾਰੀ
Next articleਪਾਕਿਸਤਾਨ ਦੀ ਇਸ ਯੂਨੀਵਰਸਿਟੀ ਦਾ ਅਜੀਬੋ-ਗ਼ਰੀਬ ਫਰਮਾਨ, ਮੁੰਡੇ-ਕੁੜੀਆਂ ਦੇ ਇਕੱਠੇ ਘੁੰਮਣ ‘ਤੇ ਲਾਈ ਰੋਕ