ਨਵੀਂ ਦਿੱਲੀ (ਸਮਾਜ ਵੀਕਲੀ) : ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਸਿਖਰਲੀ ਕੋਰਟ ਵਿੱਚ ਸੁਣਵਾਈ ਲਈ ਕੇਸ ਸੂਚੀਬੱਧ ਕਰਨ ਦੇ ਨਵੇਂ ਪ੍ਰਬੰਧ ਦੀ ਨੁਕਤਾਚੀਨੀ ਕੀਤੀ ਹੈ। ਬੈਂਚ ਨੇ ਕਿਹਾ ਕਿ ਨਵਾਂ ਪ੍ਰਬੰਧ ਢੁੱਕਵਾਂ ਸਮਾਂ ਨਹੀਂ ਦਿੰਦਾ ਤੇ ਸਵੇਰ ਦੇ ਮੁਕਾਬਲੇ ‘ਬਾਅਦ ਦੁਪਹਿਰ’ ਦੇ ਸੈਸ਼ਨ ਵਿੱਚ ਸੁਣਵਾਈ ਲਈ ਵਧੇਰੇ ਕੇਸ ਹੁੰਦੇ ਹਨ। ਜਸਟਿਸ ਸੰਜੈ ਕਿਸ਼ਨ ਕੌਲ ਤੇ ਜਸਟਿਸ ਅਭੈ ਐੱਸ.ਓਕਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ ਕਿ ਕੇਸਾਂ ਨੂੰ ਸੂਚੀਬੱਧ ਕਰਨ ਦੇ ਮੌਜੂਦਾ ਪ੍ਰਬੰਧ ਮੁਤਾਬਕ ਬਾਅਦ ਦੁਪਹਿਰ ਦੇ ਸੈਸ਼ਨ ਵਿੱਚ ਸੁਣਵਾਈ ਲਈ ਬਹੁਤ ਸਾਰੇ ਕੇਸ ਆਉਂਦੇ ਹਨ। ਬੈਂਚ ਨੇ ਮੰਗਲਵਾਰ ਨੂੰ ਨਾਗੇਸ਼ ਚੌਧਰੀ ਬਨਾਮ ਯੂਪੀ ਤੇ ਹੋਰਨਾਂ ਦੇ ਸਿਰਲੇਖ ਵਾਲੇ ਕੇਸ ਵਿੱਚ ਕੀਤੇ ਹੁਕਮਾਂ ਵਿੱਚ ਕਿਹਾ, ‘‘ਨਵਾਂ ਲਿਸਟਿੰਗ ਪ੍ਰਬੰਧ ਨਿਰਧਾਰਿਤ ਕੇਸਾਂ ਦੀ ਸੁਣਵਾਈ ਲਈ ਢੁੱਕਵਾਂ ਸਮਾਂ ਨਹੀਂ ਦਿੰਦਾ…ਜਿਵੇਂ ਕਿ ਮੌਜੂਦਾ ਕੇਸ ਵਿੱਚ ਹੈ ਕਿਉਂਕਿ ਬਾਅਦ ਦੁਪਹਿਰ ਦੇ ਸੈਸ਼ਨ ਵਿੱਚ ਵਧੇਰੇ ਕੇਸ ਹੁੰਦੇ ਹਨ। ਕੇਸ 15 ਨਵੰਬਰ 2022 ਨੂੰ ਸੂਚੀਬੱਧ ਕੀਤਾ ਜਾਵੇ।’’
ਇਸ ਤੋਂ ਪਹਿਲਾਂ ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਇਨ੍ਹੀਂ ਦਿਨੀਂ, ਹਰੇਕ ਕੋਰਟ ਵਿਚ ਫੁਟਕਲ ਦਿਨਾਂ ’ਚ ਸੁਣਵਾਈ ਲਈ ਕਰੀਬ 60 ਕੇਸ ਆਉਂਦੇ ਹਨ। ਉਨ੍ਹਾਂ ਕਿਹਾ ਕਿ ਕੇਸ ਫਾਈਲਾਂ ਦੇ ਅਧਿਐਨ ਲਈ ਜੱਜ ਰਾਤ-ਰਾਤ ਭਰ ਜਾਗ ਕੇ ਸਖ਼ਤ ਮਿਹਨਤ ਕਰ ਰਹੇ ਹਨ। ਮੌਜੂਦਾ ਸਮੇਂ ਸਿਖਰਲੀ ਕੋਰਟ ਨਿਯਮਤ ਮਸਲੇ ਸਵੇਰ ਦੇ ਸੈਸ਼ਨ ਵਿੱਚ ਸੁਣਦੀ ਹੈ ਜਦੋਂਕਿ ਫੁਟਕਲ ਤੇ ਜਿਨ੍ਹਾਂ ਕੇਸਾਂ ਵਿਚ ਨੋਟਿਸ ਦਿੱਤੇ ਗਏ ਹਨ, ਉਨ੍ਹਾਂ ਦੀ ਵਾਰੀ ਬਾਅਦ ਦੁਪਹਿਰ ਦੇ ਸੈਸ਼ਨ ’ਚ ਆਉਂਦੀ ਹੈ। ਭਾਰਤ ਦੇ ਚੀਫ਼ ਜਸਟਿਸ ਯੂ.ਯੂ. ਲਲਿਤ ਨੇ 2 ਸਤੰਬਰ ਨੂੰ ਭਾਰਤੀ ਬਾਰ ਕੌਂਸਲ ਦੇ ਸਮਾਗਮ ਦੌਰਾਨ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਪਿਛਲੇ ਚਾਰ ਦਿਨਾਂ ਵਿੱਚ 1293 ਫੁਟਕਲ, 106 ਨਿਯਮਤ ਤੇ ਟਰਾਂਸਫਰ ਨਾਲ ਜੁੜੇ 440 ਕੇਸਾਂ ਦਾ ਨਿਬੇੜਾ ਕੀਤਾ ਹੈ।