(ਸਮਾਜ ਵੀਕਲੀ)
ਲੇਖਕ: ਡਾ. ਨੌਰੰਗ ਸਿੰਘ ਮਾਂਗਟ, ਸੰਸਥਾਪਕ, ਗੁਰੂ ਅਮਰ ਦਾਸ ਅਪਾਹਜ ਆਸ਼ਰਮ, ਸਰਾਭਾ
ਇੰਡੀਆ:95018-42506, ਕੈਨੇਡਾ: 403-401-8787
ਇੱਕ ਰਾਤ ਸੁਪਨੇ ‘ਚ ਮੇਰੇ ਦੋ-ਤਿੰਨ ਡੰਡੇ ਵੱਜੇ, ਤਾਂ ਮੂੰਹੋਂ “ਮਾਸਟਰ ਜੀ, ਨਾ ਮਾਰੋ ਜੀ, ਨਾ ਮਾਰੋ ਜੀ” ਨਿਕਲਦਿਆਂ ਜਾਗ ਖੁੱਲ੍ਹ ਗਈ। ਇਸ ਸੁਪਨੇ ਨੇ ਮੈਨੂੰ ਕਰੀਬ ਛੇ ਦਹਾਕੇ ਪਹਿਲਾਂ ਦੀ ਯਾਦ ਤਾਜਾ ਕਰਵਾ ਦਿੱਤੀ ਜਦੋਂ ਮੈਂ ਇਲਾਕੇ ਦੇ ਬਹੁਤ ਪੁਰਾਣੇ ਅਤੇ ਪ੍ਰਸਿੱਧ ਆਰ. ਐਸ. ਖਾਲਸਾ ਹਾਈ ਸਕੂਲ ਜਸਪਾਲੋਂ ਵਿਖੇ ਛੇਵੀਂ ਜਮਾਤ ‘ਚ ਪੜ੍ਹਦਾ ਸੀ। ਇਹ ਸਕੂਲ ਅੱਜ ਤੋਂ 107 ਸਾਲ ਪਹਿਲਾਂ 1914 ਵਿੱਚ ਬਣਿਆ ਸੀ। ਉਸ ਸਮੇਂ ਲੁਧਿਆਣਾ ਜ਼ਿਲ੍ਹੇ ਵਿੱਚ ਇਸ ਸਕੂਲ ਤੋਂ ਇਲਾਵਾ ਸਿਰਫ਼ ਦੋ ਹੋਰ ਹਾਈ ਸਕੂਲ ਸਨ – ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ 1907 ਵਿੱਚ ਬਣਿਆ ਸੀ ਅਤੇ ਏ. ਐਸ. ਹਾਈ ਸਕੂਲ ਖੰਨਾ 1915 ਵਿੱਚ ।
ਸੰਨ 1940-50 ਦੌਰਾਨ ਜਸਪਾਲੋਂ ਪਿੰਡ ਦੇ ਇਸ ਖਾਲਸਾ ਹਾਈ ਸਕੂਲ ਵਿੱਚ ਆਸ-ਪਾਸ ਦੇ ਤੀਹ ਕੁ ਪਿੰਡਾਂ ਤੋਂ ਬੱਚੇ ਪੜ੍ਹਨ ਆਉਂਦੇ ਸਨ । ਮੇਰੇ ਸਮੇਂ ਵੀ ਵੀਹ ਕੁ ਪਿੰਡਾਂ ਦੇ ਬੱਚੇ ਇਸ ਸਕੂਲ ‘ਚ ਪੜ੍ਹਦੇ ਸਨ। ਇਹ ਸਕੂਲ ਮੇਰੇ ਪਿੰਡ ਜਟਾਣਾ ਤੋਂ ਚਾਰ ਕੁ ਕਿਲੋਮੀਟਰ ਪੈਂਦਾ ਸੀ। ਪੰਜ-ਛੇ ਕਿਲੋਮੀਟਰ ਦੀ ਦੂਰੀ ਵਾਲੇ ਵਿਦਿਆਰਥੀ ਜ਼ਿਆਦਾਤਰ ਪੈਦਲ ਹੀ ਸਕੂਲ ਜਾਂਦੇ ਸਨ। ਸਕੂਲ ਦੀ ਬਿਲਡਿੰਗ ਬਹੁਤ ਵੱਡੀ ਸੀ। ਜਿਹੜੀਆਂ ਜਮਾਤਾਂ ਨੂੰ ਬਲੈਕ ਬੋਰਡ ਦੀ ਜ਼ਰੂਰਤ ਨਾ ਹੁੰਦੀ, ਉਹ ਜਮਾਤਾਂ ਸਰਦੀਆਂ ਵਿੱਚ ਘਾਹ ‘ਤੇ ਧੁੱਪੇ ਅਤੇ ਗਰਮੀਆਂ ਵਿੱਚ ਵੱਡੇ-ਵੱਡੇ ਬੋਹੜਾਂ, ਪਿੱਪਲਾਂ ਅਤੇ ਹੋਰ ਦਰੱਖਤਾਂ ਦੀ ਛਾਵੇਂ ਭੁੰਜੇ ਹੀ ਲੱਗਦੀਆਂ ਸਨ।
ਸਕੂਲ ਦੇ ਸਾਰੇ ਹੀ ਅਧਿਆਪਕ ਬਹੁਤ ਮਿਹਨਤੀ ਸਨ। ਪੰਜਵੀਂ ਜਮਾਤ ‘ਚ ਅੰਗਰੇਜ਼ੀ ਦੀ ਪੜ੍ਹਾਈ ਸ਼ੁਰੂ ਹੋ ਜਾਂਦੀ ਸੀ। ਛੇਵੀਂ ਕਲਾਸ ਵਿੱਚ ਸਾਨੂੰ ਅੰਗਰੇਜ਼ੀ ਦਾ ਵਿਸ਼ਾ ਸ. ਕਰਤਾਰ ਸਿੰਘ ਹੈਡਮਾਸਟਰ ਜੀ ਨੇੇ ਪੜ੍ਹਾਇਆ ਸੀ। ਉਸ ਸਮੇਂ ਉਹਨਾਂ ਦੀ ਉਮਰ ਅੰਦਾਜ਼ਨ 50 ਕੁ ਸਾਲ, ਰੰਗ ਗੋਰਾ, ਬੰਨ੍ਹੀ ਹੋਈ ਕਾਲੀ-ਚਿੱਟੀ ਦਾੜ੍ਹੀ, ਸਿਰ ਤੇ ਚਿੱਟੀ ਦਸਤਾਰ ਅਤੇ ਐਨਕਾਂ ਲੱਗੀਆਂ ਹੁੰਦੀਆਂ ਸਨ। ਉਹ ਬਹੁਤ ਨੇਕ ਦਿਲ ਸਨ। ਸ਼ਾਇਦ ਉਹ ਦੁਆਬੇ ਦੇ ਇਲਾਕੇ ਦੇ ਸਨ । ਸਕੂਲ ਤੋਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਜਸਪਾਲੋਂ ਪਿੰਡ ਹੀ ਇੱਕ ਵੱਡੇ ਸਾਰੇ ਮਕਾਨ ‘ਚ ਰਹਿੰਦੇ ਸਨ। ਗੱਲ-ਗੱਲ ਨਾਲ ਖਰੇ ਜਾਂ ਖਰਿਆ ਕਹਿਣਾ ਉਹਨਾਂ ਦਾ ਆਮ ਸੁਭਾਅ ਸੀ । ਜਿਸ ਕਰਕੇ ਵਿਦਿਆਰਥੀ ਉਹਨਾਂ ਨੂੰ ਖਰੇ ਜਾਂ ਖਰਿਆ ਮਾਸਟਰ ਜੀ ਵੀ ਕਹਿੰਦੇੇ ਸਨ ।
ਉਹਨਾਂ ਸਮਿਆਂ ਵਿੱਚ ਪਿੰਡਾਂ ‘ਚ ਅਨਪੜ੍ਹਤਾ ਹੋਣ ਕਾਰਨ ਘਰੇ ਪੜ੍ਹਾਈ ਦਾ ਮਹੌਲ ਨਹੀਂ ਸੀ ਹੁੰਦਾ । ਇਸ ਕਰਕੇ ਵਿਦਿਆਰਥੀ ਜ਼ਿਆਦਾਤਰ ਅਧਿਆਪਕਾਂ ਦੀ ਕੁੱਟ ਤੋਂ ਡਰਦੇ ਹੀ ਪੜ੍ਹਾਈ ਕਰਦੇ ਸਨ। ਹੈਡਮਾਸਟਰ ਸਾਹਿਬ ਜੀ ਵੀ ਜਦੋਂ ਕਲਾਸ ਵਿੱਚ ਆਉਂਦੇ ਉਹਨਾਂ ਦੇ ਹੱਥ ਵਿੱਚ ਵੀ ਛੋਟਾ ਜਿਹਾ ਡੰਡਾ ਹੁੰਦਾ ਸੀ। ਉਹਨਾਂ ਨੂੰ ਦੂਰੋਂ ਆਉਂਦਿਆਂ ਦੇਖ ਕੇ ਵਿਦਿਆਰਥੀਆਂ ਨੇ ਇੱਕ ਦੂਜੇ ਨੂੰ ਕਹਿਣਾ “ਖਰਿਆ ਆ ਗਿਆ, ਖਰਿਆ ਆ ਗਿਆ”। ਫਿਰ ਸਾਰਿਆਂ ਨੇ ਨੀਵੀਂ ਪਾ ਲੈਣੀ ਤੇ ਚੁੱਪ ਵੱਟ ਲੈਣੀ ਕਿਉਂਕਿ ਪਤਾ ਹੁੰਦਾ ਸੀ, ਬਈ ਹੁਣ ਸੁੱਕੀ ਵੀ ਜਲੂ ਤੇ ਗਿੱਲੀ ਵੀ ਜਲੂ। ਉਹ ਕਲਾਸ ਵਿੱਚ ਆਉਂਦਿਆਂ ਹੀ ਵਿਦਿਆਰਥੀਆਂ ਤੋਂ ਇਹ ਪੰਕਤੀਆਂ ਅਕਸਰ ਸੁਣਦੇ ‘ਪਿਜਨ ਕਬੂਤਰ ਪੈਰਟ ਤੋਤਾ, ਮੌਂਕੀ ਬਾਂਦਰ ਡੌਂਕੀ ਖੋਤਾ’। ਜੇ ਕਿਸੇ ਨੇ ਭੁੱਲ ਜਾਣਾ ਤਾਂ ਉਹਨਾਂ ਨੇ ਗੁੱਸੇ ‘ਚ ਕਹਿਣਾ ਖੋਤਿਆ ਤੂੰ ਨੀ ਪੜ੍ਹਦਾ, ਨਾਲ ਹੀ ਉਸ ਮੁੰਡੇ ਦੇੇ ਪੋਲੇ-ਪੋਲੇ ਡੰਡੇ ਵਰਸਣੇ ਸ਼ੁਰੂ ਹੋ ਜਾਣੇ । ਉਸ ਦੇ ਨਾਲ ਆਸੇ ਪਾਸੇ ਬੈਠੇ ਤਿੰਨ-ਚਾਰ ਹੋਰ ਵੀ ਕੁੱਟੇ ਜਾਂਦੇੇੇ । ਫਿਰ ਉਹਨਾਂ ਨੇ ਕਹਿਣਾ ਮੇਰੇ ਪਿੱਛੇ-ਪਿੱਛੇ ਸਾਰੇ ਉੱਚੀ ਬੋਲੋ । ਮੂਹਰੇ-ਮੂਹਰੇ ਹੈਡਮਾਸਟਰ ਸਾਹਿਬ ਜੀ ਨੇ ‘ਪਿਜਨ ਕਬੂਤਰ ਪੈਰਟ ਤੋਤਾ, ਮੌਂਕੀ ਬਾਂਦਰ ਡੌਂਕੀ ਖੋਤਾ’ ਬੋਲੀ ਜਾਣਾ, ਨਾਲੇ ਸਾਡੇ ਪੋਲੇ-ਪੋਲੇ ਡੰਡੇ ਮਾਰੀ ਜਾਣੇ । ਉਹਨਾਂ ਦੇ ਪਿੱਛੇ-ਪਿੱਛੇ ਅਸੀਂ ਸਾਰੀ ਕਲਾਸ ਨੇ ਏਹੀ ਪੰਕਤੀਆਂ ਉੱਚੀ-ਉੱਚੀ ਬੋਲੀ ਜਾਣੀਆਂ ਤੇ ਨਾਲੇ ਕਹੀ ਜਾਣਾ “ਮਾਸਟਰ ਜੀ ਸੱਟ ਲਗਦੀ ਆ ਜੀ, ਬਹੁਤ ਸੱਟ ਲਗਦੀ ਆ ਜੀ, ਨਾ ਮਾਰੋ ਜੀ, ਹੌਲੀ ਮਾਰੋ ਜੀ, ਕੱਲ੍ਹ ਤੋਂ ਯਾਦ ਰੱਖੂੰਗਾ ਜੀ” । ਅੱਜ ਉਹ ਡੰਡੇ ਖਾਧੇ ਮਿੱਠੇ ਲਗਦੇ ਆ ਅਤੇ ਸੋਚਦਾ ਹਾਂ ਕਿ ਜੇ ਉਦੋਂ ਅਧਿਆਪਕਾਂ ਦੇ ਡੰਡੇ ਨਾ ਵੱਜਦੇ ਤਾਂ ਸ਼ਾਇਦ ਭਾਰਤ ਅਤੇ ਕੈਨੇਡਾ ਵਿੱਚ ਪ੍ਰੋਫ਼ੈਸਰ ਅਤੇ ਸਾਇੰਸਦਾਨ ਨਾ ਲੱਗ ਸਕਦਾ । ਜੀਅ ਕਰਦਾ, ਕਿ ਇੱਕ ਵਾਰ ਫਿਰ ਹੈਡਮਾਸਟਰ ਸਾਹਿਬ ਆ ਕੇ ‘ਪਿਜਨ ਕਬੂਤਰ ਪੈਰਟ ਤੋਤਾ’ ਕਰ ਜਾਣ ਤੇ ਕਹਿਣ “ਖੋਤਿਆ ਤੂੰ ਨੀ ਪੜ੍ਹਦਾ”।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly