*ਚੇਚਕ ਬਨਾਮ ਮਾਤਾ*

ਰੋਮੀ ਘੜਾਮੇਂ ਵਾਲਾ 

(ਸਮਾਜ ਵੀਕਲੀ)

‘ਕੇਰਾਂ ਮੈਨੂੰ ਚੇਚਕ ਹੋ ਗਈ ਜਾਪੇ ਬਹੁਤ ਥਕੇਵਾਂ
ਖੰਘ, ਜ਼ੁਕਾਮ, ਬੁਖਾਰ ਦੇ ਚੱਲਦਿਆਂ ਪੱਠਿਆਂ ਨੂੰ ਅਕੜੇਵਾਂ
ਮੋਟੇ ਕਾਲ਼ੇ ਦਾਗਾਂ ਦੇ ਨਾਲ਼ ਭਰ ਗਿਆ ਸਾਰਾ ਸਰੀਰ
ਤੇਜ ਤੇਜ ਸਾਹ ਚਲਦੇ ਵਗਦਾ ਨੱਕ, ਅੱਖਾਂ ‘ਚੋਂ ਨੀਰ
ਬਾਹਰ ਜੇ ਨਿਕਲਾ਼ਂ ਜੋ ਵੀ ਵੇਖੇ ਆਖੇ ਇੱਕੋ ਗੱਲ
“ਮਾਤਾ ਨਿਕਲ਼ ਗਈ ਏ ਮਿੱਤਰਾ ਬੱਸ ਪੂਜਾ ਏ ਹੱਲ
ਮਾਤਾ ਹੋਈ ਨਾਰਾਜ਼ ਹੈ ਲਗਦੀ ਜਲਦੀ ਕਰੋ ਉਪਾਅ
ਹੋ ਗਈ ਕੋਈ ਅਵੱਗਿਆ ਜਿਹੜਾ ਕਸ਼ਟ ਗਿਆ ਏ ਆ”
ਕਹਿੰਦੇ “ਪਹਿਲਾਂ ਰੋਟ, ਗੁਲਗੁਲੇ ਵਰਗੇ ਲੈ ਪਕਵਾਨ
ਮੱਥਾ ਟੇਕਣ ਖਾਤਰ ਛੇਤੀ ਪਹੁੰਚ ਮਾਈ ਦੇ ਥਾਨ
ਨਤਮਸਤਕ ਹੋ ਮਾਫ਼ੀ ਮੰਗ ਲੈ ਕਰ ਲੈ ਭੁੱਲ ਸੁਧਾਰ
ਲੱਥ ਜਾਊ ਅਕੜੇਵਾਂ ਉੱਡ ਜੂ ਖੰਘ, ਜ਼ੁਕਾਮ, ਬੁਖ਼ਾਰ”
ਮੰਨ ਸਲਾਹ ਮੈਂ ਸਾਰਿਆਂ ਦੀ ਫਿਰ ਮੁਹਿੰਮ ਦਿੱਤੀ ਜੀ ਛੇੜ
ਸੋਚਿਆ ਜਲਦੀ ਮੱਥੇ ਵਾਲਾ ਕੰਮ ਹੀ ਦਵਾਂ ਨਿਬੇੜ
ਲੈ ਕੇ ਜਦ ਪਕਵਾਨ ਪਹੁੰਚਿਆ ਥਾਨਾਂ ਵਾਲੇ ਦੁਆਰ
ਬੰਦੇ ਘੱਟ ਪਰ ਦੁੱਗਣੀ ਤਿੱਗਣੀ ਕੁੱਤਿਆਂ ਦੀ ਭਰਮਾਰ
ਖਾ ਪੀ ਕੁੱਤੇ ਲਾਰ ਥੁੱਕ ਨਾਲ ਥਾਨ ਸੀ ਰਹੇ ਲਬੇੜ
ਕੰਮ ਇੱਕ ਤੇ ਦੋ ਨੰਬਰ ਵੀ ਉੱਥੇ ਹੀ ਰਹੇ ਨਿਬੇੜ
ਤੱਕ ਨਜ਼ਾਰਾ ਸਾਰਾ ਪਾਵਾਂ ਲਾਹਣਤ ਆਪੇ ਉੱਤੇ
‘ਦੁਰ ਫਿੱਟੇ ਮੂੰਹ’ ਰੋਮੀਆਂ “ਤੈਥੋਂ ਵੱਧ ਦਲੇਰ ਨੇ ਕੁੱਤੇ
‘ਭੇਡ ਚਾਲ’ ਵਿੱਚ ਪੈ ਕੇ ਐਵੇਂ ਲੱਗਾ ਏਂ ਘਬਰਾਉਣ
ਡਰ ਕੇ ਜਿਹੜਾ ਪੱਥਰਾਂ ਉੱਤੇ ਆ ਗਿਆ ਨੱਕ ਘਸਾਉਣ
‘ਢੱਠੇ ਖੂਹ ਵਿੱਚ’ ਪਾ ਛੱਡੀ ਸਭ ਕੀਤੀ ਹੋਈ ਪੜ੍ਹਾਈ
ਆਮ ਜਿਹੀ ਤਕਲੀਫ਼ ਜਿਹੜੀ ਨਾ ਸਮਝ ਤੇਰੀ ਵਿੱਚ ਆਈ
ਦਸ ਬਾਰਾਂ ਦਿਨ ਵਾਇਰਸ ਵਾਲਾ ਰੋਗ ਰਹਿੰਦਾ ਹੀ ਰਹਿੰਦਾ
ਡਾਕਟਰ ਤੋਂ ਉਪਚਾਰ ਕਰਾ ਤੇ ਮੰਨ ਜਿਵੇਂ ਹੈ ਕਹਿੰਦਾ”
ਲੲੀ ਦਵਾਈ ਜਾ ਕੇ ਨਾਲ਼ੇ ਸ਼ੁਕਰ ਮਨਾਇਆ ਲੱਖ
ਬੰਨ੍ਹਿਆ ਮੂੰਹ ਤੇ ਮਾਸਕ ਕੀਤੇ ਭਾਂਡੇ, ਬਿਸਤਰ ਵੱਖ
ਆਪ ਨਾਲ਼ੇ ਪਰਿਵਾਰ ਬਚ ਗਿਆ ਫੈਲੀ ਨਾ ਇਨਫੈਕਸ਼ਨ
ਹਫ਼ਤਾ ਸੁਣੀਆਂ ਖ਼ਬਰਾਂ ਵੇਖੇ ਫ਼ਿਲਮਾਂ, ਨਾਟਕ, ਐਕਸ਼ਨ
ਮਨਭਾਉਂਦੇ ਅਖ਼ਬਾਰ, ਕਿਤਾਬਾਂ ਨਾਲ਼ੇ ਪੜ੍ਹੇ ਰਸਾਲੇ
ਪਿੰਡ ਘੜਾਮੇਂ ਮਾਣ ਕੇ ਛੁੱਟੀਆਂ ਕੰਮ ਨੂੰ ਪਾ ਤੇ ਚਾਲੇ
ਅੰਤ ‘ਚ ਨੁਕਤਾ ਇੱਕੋ ਬੱਸ, ਸ਼ਰਧਾਲੂਆਂ ਦੇ ਵਿਚਕਾਰ
ਦੱਸੋ ਕਾਹਦੀ ਮਾਤਾ ? ਜਿਹੜੀ ਬੱਚੇ ਕਰੇ ਬੀਮਾਰ
ਮਾਤਾ ਮਤਲਬ ਮਾਂ, ਨਿਆਣੇ ਦੀ ਹਰਦਮ ਮੰਗੇ ਖੈਰ
ਭੁੱਲ ਭੁਲੇਖੇ ਗ਼ਲਤੀ ਕਾਰਨ ਬੰਨ੍ਹਦੀ ਨਹੀਉਂ ਵੈਰ
ਕਿੱਸਾ ਇਹ ਬੇਸ਼ੱਕ ਕੲੀਆਂ ਨੂੰ ਰਾਸ ਨਹੀਂ ਹੈ ਆਉਣਾ
ਐਪਰ ਰੋਗ ਨੂੰ ਮਾਤਾ ਕਹਿਣਾ ਮਾਂ ਦਾ ਮਾਣ ਘਟਾਉਣਾ
ਸਿੱਧਾ ਮਾਂ ਦਾ ਮਾਣ ਘਟਾਉਣਾ
ਸੱਚੀਉਂ ਮਾਂ ਦਾ ਮਾਣ ਘਟਾਉਣਾ
                         
ਰੋਮੀ ਘੜਾਮੇਂ ਵਾਲਾ
                         9855281105
Previous articleਸੁਪਨੇ ‘ਚ ਪਈ ਕੁੱਟ ਨੇ ਯਾਦ ਕਰਾਇਆ ਪਿਜਨ ਕਬੂਤਰ, ਪੈਰਟ ਤੋਤਾ
Next articleਮਲੋਟ ਕਾਂਡ , ਗੁੰਡਾ ਬਰਾਂਡ