- ਕਾਂਗਰਸ ਨਾਲ ਜੁੜੇ ਰਹਿਣਗੇ
- ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਦੇ ਫ਼ੈਸਲੇ ਲਈ ਰਾਹੁਲ ਦੀ ਕੀਤੀ ਸ਼ਲਾਘਾ
ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚੋਣ ਸਿਆਸਤ ਨੂੰ ਅਲਵਿਦਾ ਆਖ ਦਿੱਤਾ ਹੈ। ਉਂਜ ਉਨ੍ਹਾਂ ਕਾਂਗਰਸ ਪਾਰਟੀ ਨਾਲ ਜੁੜੇ ਰਹਿਣ ਦੀ ਗੱਲ ਜ਼ੋਰਦਾਰ ਤਰੀਕੇ ਨਾਲ ਆਖੀ ਹੈ। ਉਨ੍ਹਾਂ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਉਹ ਸਰਗਰਮ ਸਿਆਸਤ ਨੂੰ ਛੱਡ ਰਹੇ ਹਨ ਪ੍ਰੰਤੂ ਉਹ ਕਾਂਗਰਸ ਦਾ ਹਿੱਸਾ ਬਣੇ ਰਹਿਣਗੇ। ਕਾਂਗਰਸ ’ਚ ਪੰਜਾਬ ਦੇ ਹਿੰਦੂ ਚਿਹਰੇ ਵਜੋਂ ਜਾਣੇ ਜਾਂਦੇ ਸੁਨੀਲ ਜਾਖੜ ਨੇ ਇਹ ਫੈਸਲਾ ਉਦੋਂ ਲਿਆ ਹੈ ਜਦੋਂ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ।
ਜਾਖੜ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਅਹੁਦੇ ਦਾ ਚਿਹਰਾ ਬਣਾਏ ਜਾਣ ਦੀ ਪੂਰਨ ਹਮਾਇਤ ਕਰਦਿਆਂ ਰਾਹੁਲ ਗਾਂਧੀ ਦੇ ਇਸ ਫ਼ੈਸਲੇ ਨੂੰ ਸ਼ਾਨਦਾਰ ਦੱਸਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਇਸ ਫ਼ੈਸਲੇ ਨੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ। ਜਾਖੜ ਨੇ ਸਰਗਰਮ ਸਿਆਸਤ ਤੋਂ ਲਾਂਭੇ ਹੋਣ ਦਾ ਰਸਮੀ ਐਲਾਨ ਬੇਸ਼ੱਕ ਹੁਣ ਕੀਤਾ ਹੈ ਲੇਕਿਨ ਉਨ੍ਹਾਂ ਇਸ ਦਾ ਇਸ਼ਾਰਾ ਉਸ ਸਮੇਂ ਹੀ ਕਰ ਦਿੱਤਾ ਸੀ ਜਦੋਂ ਅਬੋਹਰ ਹਲਕਾ ਉਨ੍ਹਾਂ ਆਪਣੇ ਭਤੀਜੇ ਸੰਦੀਪ ਜਾਖੜ ਲਈ ਖਾਲੀ ਕਰ ਦਿੱਤਾ ਸੀ। ਕੁਝ ਦਿਨ ਪਹਿਲਾਂ ਜਾਖੜ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਸੀ ਤਾਂ ਉਨ੍ਹਾਂ (ਜਾਖੜ) ਨੂੰ ਮੁੱਖ ਮੰਤਰੀ ਬਣਾਏ ਜਾਣ ਲਈ 42 ਵਿਧਾਇਕਾਂ ਦੀ ਹਮਾਇਤ ਸੀ।
ਸਾਬਕਾ ਲੋਕ ਸਭਾ ਸਪੀਕਰ ਬਲਰਾਮ ਜਾਖੜ ਦੇ ਸਪੁੱਤਰ ਸੁਨੀਲ ਜਾਖੜ ਤਿੰਨ ਦਫਾ ਵਿਧਾਇਕ ਰਹਿ ਚੁੱਕੇ ਹਨ ਅਤੇ ਲੋਕ ਸਭਾ ਮੈਂਬਰ ਵੀ ਬਣੇ ਹਨ। ਉਹ 2017 ਵਿਚ ਵਿਧਾਨ ਸਭਾ ਦੀ ਚੋਣ ਹਾਰ ਗਏ ਸਨ। ਉਹ ਕਾਂਗਰਸ ਪ੍ਰਧਾਨ ਵੀ ਰਹੇ ਅਤੇ ਮਗਰੋਂ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਸੌਂਪੀ ਗਈ ਸੀ। ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਕਾਫੀ ਨੇੜਤਾ ਹੈ। ਜਾਖੜ ਨੇ ਉਦੋਂ ਅੰਬਿਕਾ ਸੋਨੀ ਨੂੰ ਨਿਸ਼ਾਨੇ ’ਤੇ ਲਿਆ ਸੀ ਜਦੋਂ ਅੰਬਿਕਾ ਸੋਨੀ ਨੇ ਕਿਹਾ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਸਿਰਫ ਸਿੱਖ ਹੀ ਬਣੇਗਾ। ਜਾਖੜ ਨੇ ਕਿਹਾ ਸੀ ਕਿ ਕਾਂਗਰਸ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਹੈ ਜਿਸ ਵਿਚ ਅਜਿਹੇ ਵਿਵਹਾਰ ਲਈ ਕੋਈ ਥਾਂ ਨਹੀਂ ਹੈ।
ਕਾਂਗਰਸ ਲਈ ਝਟਕਾ
ਪਿਛਲੇ ਕੁਝ ਦਿਨਾਂ ਤੋਂ ਜਾਖੜ ਸਰਗਰਮ ਸਿਆਸਤ ’ਚੋਂ ਬਾਹਰ ਹੋਣ ਦੀ ਗੱਲ ਕਰ ਰਹੇ ਸਨ। ਇਸ ਪਿੱਛੇ ਕਾਰਨ ਕੁਝ ਵੀ ਹੋਣ ਪ੍ਰੰਤੂ ਕਾਂਗਰਸ ਪਾਰਟੀ ਲਈ ਇਹ ਵੱਡਾ ਸਿਆਸੀ ਝਟਕਾ ਹੋਵੇਗਾ ਕਿਉਂਕਿ ਜਾਖੜ ਇੱਕ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸਬੰਧਤ ਹਨ ਅਤੇ ਸਿਆਸਤ ਵਿਚ ਸੁਲਝੇ ਸਿਆਸਤਦਾਨ ਵਜੋਂ ਜਾਣੇ ਜਾਂਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly