ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਨਵਾਂ ਪਿੰਡ ਵਿੱਚ ਇੱਕ ਸੁਨਿਆਰੇ ਰਬਿੰਦਰ ਸਿੰਘ ਦੇ ਘਰੋਂ ਅਣਪਛਾਤੇ ਚੋਰਾਂ ਵੱਲੋਂ ਦਿਨ ਦਿਹਾੜੇ 35 ਲੱਖ ਤੋਂ ਜ਼ਿਆਦਾ ਦਾ ਸੋਨਾ ਅਤੇ ਸੱਤਰ ਹਜ਼ਾਰ ਨਗਦੀ ਚੋਰੀ ਕਰ ਲਿਆ ਗਿਆ ਹੈ। ਇਸ ਚੋਰੀ ਬਾਰੇ ਨਵਾਂ ਪਿੰਡ ਦੇ ਜੌੜਾ ਜਿਊਲਰਜ਼ ਦੇ ਮਾਲਕ ਰਬਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਅੱਜ ਉਸ ਦੇ ਸਹੁਰਾ ਪਰਿਵਾਰ ਵਾਲੇ ਉਸ ਨੂੰ ਲੈਣ ਲਈ ਆਏ ਹੋਏ ਸਨ ਅਤੇ ਉਹ ਸਾਰਾ ਪਰਿਵਾਰ ਬਿਲਕੁਲ ਆਪਣੇ ਘਰ ਦੇ ਨੇੜੇ ਹੀ ਆਪਣੇ ਭਰਾ ਦੇ ਘਰ ਕਰੀਬ ਡੇਢ ਦੋ ਵਜੇ ਚਲੇ ਗਏ ਸਨ ਪਰ ਸ਼ਾਮ ਨੂੰ ਜਦੋਂ ਉਹ ਵਾਪਸ ਆਏ ਤਾਂ ਵੇਖਿਆ ਕਿ ਕਮਰੇ ਦੀਆਂ ਅਲਮਾਰੀਆਂ ਟੁੱਟੀਆਂ ਹੋਈਆਂ ਹਨ ਅਤੇ ਸੋਨੇ ਦੇ ਗਹਿਣਿਆਂ ਵਾਲੀ ਤਿਜੌਰੀ ਵੀ ਖੁੱਲੀ ਪਈ ਸੀ। ਤਿਜੌਰੀ ਵਿੱਚ ਪਿਆ ਕਰੀਬ ਇੱਕ ਕਿੱਲੋ ਤੋਂ ਜ਼ਿਆਦਾ ਸੋਨਾ, ਜਿਸਦੀ ਕੀਮਤ 35 ਲੱਖ ਤੋਂ ਜ਼ਿਆਦਾ ਬਣਦੀ ਹੈ ਅਤੇ ਸੱਤਰ ਹਜ਼ਾਰ ਰੁਪਏ ਨਗਦੀ ਤੇ ਐੱਚਡੀਐੱਫਸੀ ਬੈਂਕ ਦਾ ਏਟੀਐੱਮ ਕਾਰਡ ਚੋਰੀ ਹੋ ਚੁੱਕੇ ਸਨ।ਰਬਿੰਦਰ ਸਿੰਘ ਨੇ ਦੱਸਿਆ ਕਿ ਉਹ ਜੱਦੀ ਪੁਸ਼ਤੀ ਸੋਨੇ ਦਾ ਕੰਮ ਕਰਦੇ ਹਨ ਅਤੇ ਇਹ ਸੋਨਾ ਉਨ੍ਹਾਂ ਕੋਲ ਪੁਸ਼ਤੈਨੀ ਸਾਰੇ ਭਰਾਵਾਂ ਦਾ ਸਾਂਝਾ ਸੀ। ਇਸ ਸਬੰਧੀ ਉਨ੍ਹਾਂ ਵੱਲੋਂ ਪੁਲੀਸ ਚੌਕੀ ਨਵਾਂ ਪਿੰਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜਿਸ ‘ਤੇ ਕਾਰਵਾਈ ਕਰਦਿਆਂ ਥਾਣਾ ਜੰਡਿਆਲਾ ਗੁਰੂ ਵਿੱਚ ਧਾਰਾ 454ਤੇ 380 ਤਹਿਤ ਕੇਸ ਦਰਜ ਕਰ ਕੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
INDIA ਸੁਨਿਆਰ ਦੇ ਘਰੋਂ 35 ਲੱਖ ਦਾ ਸੋਨਾ ਤੇ ਨਗਦੀ ਚੋਰੀ