– ਕੇਹਰ ਸ਼ਰੀਫ਼
1 – ਤਾਜਪੋਸ਼ੀ : ਪਿਛਲੇ ਦਿਨੀਂ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਵਲੋਂ ਕਈ ਚਿਰ ਤੋਂ ਆਪਣੀ ਹੀ ਪਾਰਟੀ ਦੀ ਪ੍ਰਧਾਨਗੀ ਤੋਂ ਦਿੱਤੇ ਅਸਤੀਫੇ ਨੂੰ ਨਾ-ਮਨਜੂਰ ਕਰਕੇ ਉਸਨੂੰ ਪ੍ਰਧਾਨਗੀ ਦਾ ਫ਼ਰਜ਼ ਅੱਗੇ ਵੀ ਨਿਭਾਉਂਦਾ ਰਹਿਣ ਵਾਸਤੇ ਕਿਹਾ। ਭਗਵੰਤ ਨੇ ਇਸ ਨੂੰ ਮੰਨਜੂਰ ਕਰ ਲਿਆ। ਬਹੁਤ ਸਾਰੇ “ਪੱਤਰਕਾਰਾਂ ” (ਬਿਜਲਈ ਤੇ ਪ੍ਰਿੰਟ) ਨੇ ਇਸ ਨੂੰ ਭਗਵੰਤ ਮਾਨ ਦੀ “ਤਾਜਪੋਸ਼ੀ” ਲਿਖਿਆ। ਤਾਜਪੋਸ਼ੀ ਲਿਖਣ / ਬੋਲਣ ਵਾਲੇ “ਗੁਣਾਂ ਦੀਆਂ ਗੁਥਲੀਆਂ” ਕੀ ਇਹ ਸੱਚੀਂ ਪੱਤਰਕਾਰ ਹੋ ਸਕਦੇ ਹਨ? ਮੈਨੂੰ ਸ਼ੱਕ ਹੈ। ਤਾਜਪੋਸ਼ੀ ਬਾਦਸ਼ਾਹਤ ਦੇ ਜ਼ਮਾਨੇ ਦੀ ਰੀਤ ਸੀ। ਕਿਸੇ ਨੂੰ ਮਹਾਰਾਜਾ ਬਨਾਉਣ ਵੇਲੇ ਰਾਜ ਦਾ ਸਭ ਤੋਂ ਵੱਡਾ ਪ੍ਰੋਹਿਤ / ਅਧਿਆਤਮਕ ਆਗੂ (ਜਾਂ ਵਿਹਲੜ) ਕਿਸੇ ਦੇ ਸਿਰ ‘ਤੇ ਤਾਜ਼ ਰੱਖਦਾ ਤੇ ਤਿਲਕ ਲਾਉਂਦਾ – ਉਸ ਰੀਤ ਨੂੰ ਤਾਜਪੋਸ਼ੀ ਕਿਹਾ ਜਾਂਦਾ ਸੀ। ਦੱਸਿਉ ਜ਼ਰਾ ਕਿ ਭਗਵੰਤ ਮਾਨ ਕਿਹੜੀ ਰਿਆਸਤ ਜਾਂ ਰਾਜ ਦਾ “ਮਹਾਰਾਜਾ ਜਾਂ ਬਾਦਸ਼ਾਹ” ਬਣਿਆ ਹੈਜਾਂ ਬਣਾਇਆ ਗਿਆ ਹੈ? ਇਹ ਤਾਂ ਕੇਜਰੀਵਾਲ / ਮਨੀਸ਼ ਸਿਸੋਦੀਆ ਵਲੋਂ ਆਪਣੀ ਹੀ ਸਿਆਸੀ ਪਾਰਟੀ ਦਾ (ਜਿੰਨੀ ਕੁ ਵੀ ਬਚੀ ਹੈ) ਦਾ ਪ੍ਰਧਾਨ / ਮੁੱਖ ਸੇਵਕ (ਪਾਰਟੀ ਮੈਂਬਰਾਂ ਨੇ ਲੋਕਤੰਤਰੀ ਢੰਗ ਨਾਲ ਨਹੀਂ ਚੁਣਿਆਂ) ਥਾਪਿਆ ਗਿਆ ਹੈ। ਲੋਕਤੰਤਰ ਵਿਚ ਕਿਸੇ ਵੀ ਸਿਆਸੀ ਆਗੂ ਦੀ ਤਾਜਪੋਸ਼ੀ ਹੋ ਹੀ ਨਹੀਂ ਸਕਦੀ। ( ਇਹ ਧੱਕੇ ਤੇ ਧੌਂਸ ਵਾਲੇ ਕਦਮ ਹਨ)। ਕਿਸੇ ਵੱਡੇ ਆਗੂ ਜਾਂ ਆਗੂਆਂ ਵਲੋਂ ਥਾਪਿਆ ਬੰਦਾ ਤਾਂ ਥਾਪਣ ਵਾਲਿਆਂ ਦਾ ਦੇਣਦਾਰ ਹੀ ਹੁੰਦਾ ਹੈ – ਹੋਰ ਕੁੱਝ ਵੀ ਨਹੀਂ। ਸਿਆਸਤ ਅੰਦਰ ਵੀ ਭਾਸ਼ਾਈ ਸਰੋਕਾਰਾਂ ਦਾ ਵੱਡਾ ਮਹੱਤਵ ਹੁੰਦਾ ਹੈ – ਇਸ ਵੱਲ ਧਿਆਨ ਦੇਣ ਦੀ ਲੋੜ ਹੈ।
2 – ਘੈਂਟ ਪੱਤਰਕਾਰ : ਪੰਜਾਬੀ ਦੇ ਪੱਤਰਕਾਰੀ ਜਗਤ ਵਿਚ ਇਹ ਲਫਜ਼ ਵੀ ਬਹੁਤ ਚੱਲਦਾ ਹੈ – “ਘੈਂਟ ਪੱਤਰਕਾਰ”। ਇਹ ਕੀ ਹੁੰਦਾ ਹੈ? ਪੱਤਰਕਾਰ ਜਾਂ ਤਾਂ ਲੋਕ ਪੱਖੀ ਹੁੰਦਾ ਹੈ ਜਾਂ ਹਕੂਮਤ ਪੱਖੀ। ਪੱਤਰਕਾਰੀ ਵੀ ਜਾਂ ਤਾਂ ਲੋਕਾਂ ਨੂੰ ਸੱਚ ਦੱਸਣ ਵਾਲੀ ਹੁੰਦੀ ਹੈ ਜਾਂ ਸੱਚ ਛੁਪਾਉਣ ਵਾਲ਼ੀ (ਸੱਚ ਛੁਪਾਉਣ ਵਾਲੇ ਆਪਣੇ ਆਪ ਨੂੰ “ਨਿਰਪੱਖ ਪੱਤਰਕਾਰ” ਹੋਣ ਵਾਲੇ ਝੁੱਲ ਹੇਠ ਵੀ ਲਕੋ ਲੈਂਦੇ ਹਨ ) । ਸੋਚਿਆ ਜਾਵੇ ਤਾਂ ਝੁੱਲ ਸ਼ਬਦ ਪਸ਼ੂਆਂ ਵਾਸਤੇ ਵਰਤਿਆ ਜਾਂਦਾ ਹੈ – ਪਰ ਜਿਹੜੇ “ਪੱਤਰਕਾਰ” ਆਪਣੇ ਆਪ ਉੱਪਰ ਕਿਸੇ ਤਰ੍ਹਾਂ ਦਾ ਵੀ ਝੁੱਲ਼ ਪਾ ਲੈਣ – ਭਲਾਂ ਉਨ੍ਹਾਂ ਦਾ ਕੋੜਮਾਂ-ਕਬੀਲਾ ਕੀ ਹੋਇਆ ਫੇਰ?
ਸੋਸ਼ਲ ਮੀਡੀਆ ਨੇ ਵੱਡੀ ਸਮੱਸਿਆ ਇਹ ਖੜ੍ਹੀ ਕਰ ਦਿੱਤੀ ਹੈ ਕਿ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਵੱਡੀ ਗਿਣਤੀ ਨੇ ਆਪ ਸੋਚਣਾਂ/ਸਮਝਣਾ ਬੰਦ ਕਰ ਦਿੱਤਾ ਹੈ। ਕਿਸੇ ਦੀ ਪਾਈ ਲਿਖਤ ਨੂੰ ਵਡਿਆਉਣ ਜਾਂ ਨਿੰਦਣ ਦੇ ਕਾਰਜ ਵਿਚ ਹੀ ਵਿਅਸਥ ਹੋ ਗਏ ਹਨ। ਆਪਣੀ ਸੋਚ / ਸੂਝ ਨੂੰ ਵਰਤ ਕੇ ਇਸ ਮੰਚ ਨੂੰ ਦੁਨੀਆਂ ਅੰਦਰ ਫੈਲਾਈਆਂ ਜਾ ਰਹੀਆਂ ਨਫਰਤਾਂ ਦੇ ਖਿਲਾਫ ਮੁਹੱਬਤਾਂ ਵਾਲਾ / ਇਕ ਦੂਜੇ ਦੀ ਸੁੱਖ ਮੰਗਣ ਵਾਲਾ ਭਾਈਚਾਰਾ ਕਾਇਮ ਕਰਨ ਵੱਲ ਵਧੀਏ। (ਭਾਵੇਂ ਪੰਜਾਬੀਆਂ ਦਾ ਹੀ ਕਹਿ ਲਵੋ)। ਸਾਡੇ ਵਿਰਸੇ ਤੋਂ ਸਾਨੂੰ ਇਹ ਹੀ ਸੇਧ ਮਿਲਦੀ ਹੈ। ਪੱਤਰਕਾਰ ਭਾਈਚਾਰੇ ਤੋਂ ਵੀ ਲੋਕ ਆਸ ਕਰਦੇ ਹਨ ਕਿ ਇਹ ਛੋਟੀ ਸੋਚ ਨੂੰ (ਜਿਵੇਂ ਕਿ – ਸਭ ਤੋਂ ਪਹਿਲਾਂ/ ਸਭ ਤੋਂ ਤੇਜ ਮਾਰਕਾ ਭਕਾਈ- (ਜਿਵੇਂ ਸਾਰੇ “ਘੈਂਟ” ਪੱਤਰਕਾਰ ਸਿਰਫ ਪੰਜਾਬੀ ਵਿਚ ਹੀ ਹੋਣ) ਤਿਆਗ ਕੇ ਅਮਨ , ਸੁੱਖ ਸ਼ਾਂਤੀ ਅਤੇ ਗਰੀਬ-ਗੁਰਬੇ ਲਈ ਵੀ ਕੰਮ ਕਰਨ। ਇਸ ਕਾਰਜ ਵਾਸਤੇ ਕਿਸੇ ਨੂੰ ਵੀ “ਘੈਂਟ” ਬਣਨ ਦੀ ਲੋੜ ਲਈ , ਬਸ! ਆਪਣੇ ਕਾਰਜ ਅਤੇ ਆਪਣੇ ਲੋਕਾਂ ਪ੍ਰਤੀ ਇਮਾਨਦਾਰ ਹੋਣ ਦੀ ਲੋੜ ਹੈ। ਉਂਜ ਲੋਕ ਤਾਂ ਸਭ ਕੁੱਝ ਜਾਣਦੇ ਹੀ ਹਨ – ਇਹ “ਘੈਂਟ” ਹੀ ਐਵੇਂ ਭੁਲੇਖੇ ਵਿਚ ਤੁਰੇ ਫਿਰਦੇ ਹਨ।
3 : ਪੰਜਾਬੀ ਸ਼ਬਦ ਨਾ ਮਾਰੋ
ਇਹ ਤਾਂ ਹੁੰਦਾ ਹੀ ਆਇਆ ਹੈ ਕਿ ਸਮੇਂ ਦੇ ਨਾਲ ਨਾਲ ਹਰ ਜ਼ੁਬਾਨ ਵਿਚ ਨਵੇਂ ਸ਼ਬਦ ਰਲਦੇ ਹਨ, ਇਸ ਨਾਲ ਹਰ ਭਾਸ਼ਾ ਹੀ ਅਮੀਰ ਹੁੰਦੀ ਹੈ। ਕੁੱਝ ਕੁ ਅਪ੍ਰਸੰਗਿਕ ਹੋ ਗਏ ਸ਼ਬਦ ਵਿਸਰ ਵੀ ਜਾਂਦੇ ਹਨ। ਪਰ ਜਦੋਂ ਕਿਸੇ ਜ਼ੁਬਾਨ ਦੇ ਸ਼ਬਦ ਜਾਣ-ਬੁੱਝ ਕੇ ਮਾਰੇ ਜਾਣ ਤਾਂ ਬਹੁਤ ਦੁੱਖ ਹੁੰਦਾ ਹੈ। ਪੰਜਾਬੀ ਦੀ ਪੱਤਰਕਾਰੀ (ਪ੍ਰਿੰਟ ਅਤੇ ਬਿਜਲਈ ਭਾਵ ਅਖਬਾਰਾਂ ਰੇਡੀਉ ਅਤੇ ਟੈਲੀਵੀਜ਼ਨ) ਅੰਦਰ ਇਹ ਰੁਝਾਨ ਬਿਨਾਂ ਸੋਚੇ ਸਮਝੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਨ੍ਹਾਂ ਅਦਾਰਿਆਂ ਅੰਦਰ ਜੁੰਮੇਵਾਰ ਅਹੁਦਿਆਂ ‘ਤੇ ਬੈਠੇ ਪਤਾ ਨਹੀਂ ਕਿਉਂ ਚੁੱਪ ਕਰਕੇ ‘ਤਮਾਸ਼ਾ’ ਦੇਖੀ ਜਾ ਰਹੇ ਹਨ? ਉਹ ਗਲਤ ਨੂੰ ਗਲਤ ਕਹਿਣ ਤੋਂ ਸੰਗਦੇ ਕਿਉਂ ਹਨ ? ਉਨ੍ਹਾਂ ਦੇ ਆਪਣੇ ਹੀ ਅਦਾਰਿਆਂ ਅੰਦਰ ਹੋ ਰਹੀ ਕਿਸੇ ਵੀ ਗਲਤੀ ਨੂੰ ਸੁਧਾਰਨਾਂ ਉਨ੍ਹਾਂ ਦਾ ਫਰਜ਼ ਹੈ।
ਪੰਜਾਬੀ ਦੇ ਸਿਰਫ ਇਕ ਸ਼ਬਦ ਦੀ ਗੱਲ ਕਰਨੀ ਹੈ (ਸ਼ਬਦ ਬਹੁਤ ਹਨ-ਉਨ੍ਹਾਂ ਬਾਰੇ ਅਗਲੇ ਸਮੇਂ) ਜੋ ਪਿਛਲੇ ਲੰਬੇ ਸਮੇਂ ਤੋਂ ਵਾਰ ਵਾਰ ਵਰਤਿਆ ਗਿਆ ਹੈ, ਉਹ ਸ਼ਬਦ ਹੈ, ਬਦਮਾਸ਼ ਜਾਂ ਗੁੰਡੇ । ਪਿਛਲੇ ਕਾਫੀ ਸਮੇਂ ਤੋਂ ਇਸ ਸ਼ਬਦ (ਬਦਮਾਸ਼ – ਗੁੰਡੇ ਆਦਿ) ਨੂੰ ਮਾਰਨ ਵਾਸਤੇ ਅੰਗਰੇਜ਼ੀ ਦੇ “ਗੈਂਗਸਟਰ” ਸ਼ਬਦ ਨੂੰ ਪੰਜਾਬੀ ਵਿਚ ਮੱਲੋਜ਼ੋਰੀ ਘੁਸੇੜ ਦਿੱਤਾ ਗਿਆ ਹੈ। ਜੇ ਪੰਜਾਬੀ ਵਿਚ ਇਸ ਵਾਸਤੇ (ਭਾਵ ਬਦਮਾਸ਼, ਗੁੰਡੇ) ਵਰਗੇ ਸ਼ਬਦ ਨਾ ਹੁੰਦੇ ਤਾਂ ਬੇਗਾਨਾ ਸ਼ਬਦ ਵਰਤਿਆ ਵੀ ਜਾ ਸਕਦਾ ਸੀ । ਹੁਣ ਤਾਂ ਹਰ (ਪੰਜਾਬੀ) ਅਖਬਾਰ, ਰੇਡੀਉ, ਟੈਲੀਵੀਜ਼ਨ ਤੇ ਲਿਖਣ ਵਾਲਾ ਪੱਤਰਕਾਰ ਜਾਂ ਬੋਲਣ ਵਾਲਾ ਪੇਸ਼ਕਾਰ ਸਿਰਫ ਗੈਂਗਸਟਰ ਹੀ ਬੋਲਦਾ ਹੈ। ਕਹਿਣ ਨੂੰ ਪੰਜਾਬੀ ਵਿਚ ਬਦਮਾਸ਼ ਕਹੋ, ਬਦਮਾਸ਼ਾਂ ਦੇ ਟੋਲੇ ਕਹੋ, ਗੁੰਡਿਆਂ ਦੇ ਗ੍ਰੋਹ ਕਹੋ – ਕਿਉਂ ਨਹੀਂ ਇੰਜ ਬੋਲੇ/ਕਹੇ ਜਾ ਰਹੇ? ਕਿਉਂ ਨਹੀਂ ਇਹ ਲਿਖਿਆ ਜਾ ਰਿਹਾ? ਕੀ ਇਸਨੂੰ ਵੀ ਹੁਣ “ਆਧੁਨਿਕਤਾ”ਦੇ ਨਾਮ ਹੇਠ ਹੀ ਦੱਬ ਦਿੱਤਾ ਜਾਵੇਗਾ? ਸੂਝਵਾਨੋਂ! ਇਹ ਆਧੁਨਿਕਤਾ ਨਹੀਂ ਪੰਜਾਬੀ ਦੇ ਇਕ ਸ਼ਬਦ ਦੀ ਮੌਤ ਹੈ।
ਕਈ ਸਾਰੇ ਰੇਡੀਉ ਦੇ ਪੇਸ਼ਕਾਰ ਤਾਂ ਗੈਂਗਸਟਰ ਨੂੰ ਵੀ ਦੋ ਸ਼ਬਦ ਬਣਾ ਕੇ ਬੋਲਦੇ ਹਨ ਜਿਵੇਂ “ਗੈਂਗਸਟਰ” ਨੂੰ ਉਹ ਦੋ ਸ਼ਬਦ ਗੈਂਗ ਤੇ ਸਟਰ ਦੇ ਵਿਚਾਲੇ ਵਿੱਥ ਜਹੀ ਪਾ ਕੇ ਜਾਂ ਸਾਹ ਲੈ ਕੇ ਬੋਲਦੇ ਹਨ। ਇਹ ਬਿਲਕੁੱਲ ਗਲਤ ਹੋ ਰਿਹਾ ਹੈ। ਪੰਜਾਬੀ ਦੇ ਜਾਣਕਾਰ, ਪੰਜਾਬੀ ਨੂੰ ਪਿਆਰ ਕਰਨ ਵਾਲੇ, ਪੰਜਾਬੀ ਦੇ “ਬੁੱਧੀਜੀਵੀ” ਜੇ ਕਾਨਫਰੰਸਾਂ ਤੋਂ ਵਿਹਲੇ ਹੋਣ ਤਾਂ ਪੰਜਾਬੀ ਦੇ ਸ਼ਬਦਾਂ ਦੀ ਲਗਾਤਾਰ ਕੀਤੀ ਜਾ ਰਹੀ ਦੁਰਦਸ਼ਾ ਬਾਰੇ ਸੋਚਣ। ਸ਼ਾਇਦ ਇਸ ਤਰ੍ਹਾਂ ਜਤਨ ਕਰਨ ਨਾਲ ਹੋਰ ਬਹੁਤ ਸਾਰੀਆਂ ਪੈਦਾ ਕੀਤੀਆਂ ਜਾ ਰਹੀਆਂ ਗਲਤ ਧਾਰਨਾਵਾਂ ਤੋਂ ਵੀ ਬਚਾ ਹੋ ਜਾਵੇ। ਜਾਣੇ ਜਾਂ ਅਣਜਾਣੇ ‘ਚ ਮਾਰੇ ਜਾ ਰਹੇ ਸ਼ਬਦਾਂ ਨੂੰ ਬਚਾAਣਾ ਪੰਜਾਬੀ ਪਿਆਰਿਆਂ ਦੀ ਜੁੰਮੇਵਾਰੀ ਹੈ।
ਤੁਹਾਨੂੰ ਸਭ ਪੰਜਾਬੀ ਬੋਲਣ/ਲਿਖਣ ਵਾਲਿਆਂ ਨੂੰ ਸੱਦਾ ਹੈ ਕਿ ਵਿਗਾੜੇ ਜਾਂ ਮਾਰੇ ਜਾ ਰਹੇ ਪੰਜਾਬੀ ਸ਼ਬਦ ਲੱਭੀਏ, ਜ਼ਿਕਰ ਕਰੀਏ/ ਵਿਚਾਰ ਕਰੀਏ ਤੇ ਉਨ੍ਹਾਂ ਨੂੰ ਮਰਨੋਂ ਬਚਾਉਣ ਦਾ ਉਪਰਾਲਾ ਕਰੀਏ। ਸਿਆਣਿਆਂ ਦਾ ਕਿਹਾ ਸੱਚ ਹੈ ਕਿ – ‘ਮੰਗਵੀਂ ਧਾੜ ਫੇਰ ਵੀ ਮੰਗਵੀਂ ਹੀ ਹੁੰਦੀ ਹੈ ਤੇ ਮੰਗਵੀਂ ਧਾੜ ਨਾਲ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ।’ ਪੱਤਰਕਾਰਾਂ ਅਤੇ ਰੇਡੀਉ, ਟੈਲੀਵੀਜ਼ਨਾਂ ਦੇ ਪੇਸ਼ਕਾਰਾਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰੀਏ ਕਿ ਉਹ ਆਪਣੀ ਸੌੜੀ ਤੇ “ਸਿਆਣੀ” ਪਰ ਬੇਗਾਨੀ “ਵੋਕੈਬਲਰੀ” ਨਾਲੋਂ ਆਪਣੇ ਸ਼ਬਦ ਭੰਡਾਰ ਵਿਚ ਵਾਧਾ ਕਰਨ। ਪੰਜਾਬੀ ਕੋਲ ਹੋਰ ਬਹੁਤ ਸਾਰੀਆਂ ਜ਼ੁਬਾਨਾਂ ਤੋਂ ਵਾਧੂ ਸ਼ਬਦ ਭੰਡਾਰ ਹੈ- ਲੋੜ ਆਪਣੇ ਭਰੇ ਪਏ ਖ਼ਜ਼ਾਨੇ ਨੂੰ ਫਰੋਲਣ ਦੀ ਹੈ।
ਪੰਜਾਬੀ ਨੂੰ ਪਿਆਰ ਕਰਨ ਵਾਲਿਉ, ਆਉ- ਇਕ ਇਕ ਸ਼ਬਦ ‘ਤੇ ਪਹਿਰਾ ਦੇਣ ਵਾਸਤੇ ਜਾਗਣ ਦਾ ਹੋਕਾ ਦੇਈਏ।
ਜੈ ਪੰਜਾਬੀ – ਜੀਵੇ ਪੰਜਾਬੀ।
4 : ਪੰਜਾਬੀ ‘ਤੇ ਮਾਣ ਕਰੋ, “ਪੰਗਰੇਜ਼ੀ” ਵਾਲੀ “ਕਾਂਗਿਆਰੀ” ਤੋਂ ਬਚੋ !!
ਪੰਜਾਬ ਦੇ ਕਈ ਲੀਡਰ ਜਿਨ੍ਹਾਂ ਨੂੰ ਪਤਾ ਹੈ ਕਿ ਪੰਜਾਬ ਦੀ ਬੋਲੀ ਅਤੇ ਸਰਕਾਰੀ ਪੱਧਰ ਤੇ ਰਾਜ ਭਾਸ਼ਾ ਪੰਜਾਬੀ ਹੈ। ਉਹ ਖਾਹਮਖਾਹ ਹੀ ਕਿਸੇ ਜਲਸੇ ਵਿਚ ਤਕਰੀਰ ਕਰਦਿਆਂ ਜਾਂ ਪੇਂਡੂ ਪੱਤਰਕਾਰਾਂ ਨਾਲ ( ਜਿਨ੍ਹਾਂ ਦੇ ਇਨ੍ਹਾਂ ਲੀਡਰਾਂ ਵਲੋਂ ਬੋਲੀ ਸਾਰੀ “ਅੰਗਰੇਜ਼ੀ” ਪੱਲੇ ਵੀ ਨਹਂਂ ਪੈਂਦੀ – ਪਰ ਉਹ ਪੱਤਰਕਾਰ ਫੇਰ ਵੀ ਨਹੀਂ ਬੋਲਦੇ) ਅੰਗਰੇਜ਼ੀ ਜਾਂ ਪੰਗਰੇਜ਼ੀ ਬੋਲਦੇ ਹਨ – ਫੋਕੀ ਟੌਅਰ ਖਾਤਰ ? “ਮੱਝ ਅੱਗੇ ਬੀਨ ਵਜਾਉਣੀ” ਸ਼ਾਇਦ ਇਸੇ ਨੂੰ ਕਿਹਾ ਗਿਆ ਹੋਵੇਗਾ।
ਪੰਜਾਬ ਦੇ ਹਰ ਵਸਨੀਕ ਨੂੰ ਪੰਜਾਬੀ ਆਉਂਦੀ ਹੈ , ਕੈਪਟਨ ਸਾਹਿਬ ਤੇ ਸੁਖਪਾਲ ਖਹਿਰੇ ਨੂੰ ਵੀ। ਸਮਝ ਨਹੀਂ ਲਗਦੀ ਕਿ ਬੋਲਦਿਆਂ ਬੋਲਦਿਆਂ ਇਹ “ਪੰਗਰੇਜ਼ੀ” (ਪੰਜਾਬੀ-ਅੰਗਰੇਜ਼ੀ ਦਾ “ਗੁਤਾਵਾ”) ਕਿਉਂ ਬੋਲਣ ਲੱਗ ਪੈਂਦੇ ਹਨ? ਇਸ ਬੀਮਾਰੀ ਦੇ ਸਭ ਤੋਂ ਵੱਡੇ ਮਰੀਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਵੀ ਹਨ ਸਭ ਤੋਂ ਵੱਧ “ਪੰਜਾਬੀ ਦਾ ਰਾਗ ਅਲਾਪਣ ਵਾਲਾ” ਸੁਖਪਾਲ ਖਹਿਰਾ ਵੀ ਹੈ (ਹੋਰ ਵੀ ਕਈ ਹਨ) । ਜਿਸਨੇ “ਆਪਣੀ ਪਾਰਟੀ” ਦਾ ਨਾਂ ਵੀ “ਪੰਜਾਬੀ ਏਕਤਾ ਪਾਰਟੀ” ਰੱਖਿਆ ਹੈ। ਕੀ ਆਪਣੀ ਮਾਂ ਬੋਲੀ ਨਾਲ ਅਜਿਹਾ ਸਲੂਕ ਪੰਜਾਬੀ ਬੋਲੀ ਦਾ ਅਪਮਾਨ ਨਹੀਂ ? ਕਾਂਗਰਸ ਪਾਰਟੀ ਵਲੋਂ ਕੈਪਟਨ ਸਾਹਿਬ ਦੇ ਸਲਾਹਕਾਰ ਪੰਜਾਬ ਦੇ ਖ਼ਜ਼ਾਨੇ ਵਿਚੋਂ ਵੱਡੀਆਂ ਤਨਖਾਹਾਂ ਲੈਂਦੇ ਹਨ- ਕੀ ਪੰਜਾਬੀ ਬਾਰੇ ਇਹ ਸਲਾਹ ਉਹ ਨਹੀਂ ਦੇ ਸਕਦੇ ? – ਕਾਂਗਰਸ ਵਿਚ ਹੋਰ ਵੀ ਸੂਝਵਾਨ ਜਰੂਰ ਹੋਣਗੇ ਜਿਨ੍ਹਾਂ ਨੂੰ ਪੰਜਾਬੀ ਨਾਲ ਜਰੂਰ ਮੋਹ ਹੋਵੇਗਾ, ਉਹ ਇਸ ਮਾਮਲੇ ਵਿਚ ਕੁੱਝ ਕਰਨ। ਇਸੇ ਤਰ੍ਹਾਂ ਖਹਿਰੇ ਦੇ ਹਮਾਇਤੀਆਂ ਵਿਚ ਵੀ ਜਰੂਰ ਕੋਈ ਨਾ ਕੋਈ ਹੋਵੇਗਾ – ਜਿਸ ਨੂੰ ਇਹ ਜਰੂਰ ਪਤਾ ਹੋਵਗਾ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ – ਉਹ ਖਹਿਰੇ ਨੂੰ ਦੱਸਣ ਕਿ ਪੰਜਾਬ ਵਿਚ ਕਿਸੇ ਥਾਂ ਵੀ ਬੋਲਦਿਆਂ ਉਹਨੂੰ “ਪੰਗਰੇਜ਼ੀ” ਬੋਲ ਕੇ ਪੰਜਾਬੀ ਦੀ ਬੇਅਦਬੀ ਕਰਨ ਦੀ ਲੋੜ ਨਹੀਂ। ਜੇ ਕੋਈ ਪੰਜਾਬੀ ਪਿਆਰਾ ਇਨ੍ਹਾਂ ਲੀਡਰਾਂ ਨੂੰ ਦੱਸੇ ਕਿ ਪੰਜਾਬੀ ਬਹੁਤ ਹੀ ਮਾਣਮੱਤੀ ਬੋਲੀ ਹੈ- ਇਸ ਵਿਚ ਆਪਣੇ ਸਾਰੇ “ਭਾਵ” ਪੇਸ਼ ਕਰ ਸਕਦੇ ਹਨ। ਪੰਜਾਬੀ ਦਾ ਸ਼ਬਦ ਭੰਡਾਰ ਕਿਸੇ ਵੀ ਹੋਰ ਬੋਲੀ ਤੋਂ ਬਹੁਤ ਵਿਸ਼ਾਲ ਹੈ। ਫੇਰ ਸਾਡੇ ਇਹ ਲੀਡਰ “ਆਪਣੀ ਗਰੀਬ ਭਾਸ਼ਾਈ ਮਾਨਸਿਕਤਾ ” ਦਾ ਮੁਜਾਹਿਰਾ ਕਿਉਂ ਤੇ ਕਿਸ ਵਾਸਤੇ ਕਰਦੇ ਹਨ। ਇਨ੍ਹਾਂ ਲੀਡਰਾਂ ਦੇ ਮਨ ਵਿਚ ਪੰਜਾਬੀ ਬੋਲੀ ਪ੍ਰਤੀ ਅਜਿਹੀ ਹੀਣ ਭਾਵਨਾ ਕਿਉਂ ਹੈ ?? ਇਨ੍ਹਾਂ ਨੂੰ ਪੰਜਾਬੀ ਬੋਲੀ /ਭਾਸ਼ਾ ਬਾਰੇ ਹੋਰ ਜਾਣਕਾਰੀ ਦੀ ਲੋੜ ਹੈ। ਇਹ ਬਹੁਤ ਹੀ ਅਫਸੋਸਨਾਕ ਵਰਤਾਰਾ ਹੈ – ਇਸ ਤੋਂ ਬਚਿਆ ਜਾਣਾ ਚਾਹੀਦਾ ਹੈ। ਇਹ ਯਾਦ ਰੱਖਣ ਕਿ ਬਾਬਾ ਸੇæਖ ਫਰੀਦ ਤੇ ਬਾਬਾ ਗੁਰੂ ਨਾਨਕ ਦੀ ਬੋਲੀ/ ਭਾਸ਼ਾ ਕਿਸੇ ਵੀ ਦੂਸਰੀ ਬੋਲੀ ਜਾਂ ਭਾਸ਼ਾ ਤੋਂ ਗਰੀਬ ਨਹੀਂ – ਇਨ੍ਹਾਂ (ਤੇ ਇਨ੍ਹਾਂ ਵਰਗੇ ਹੋਰਨਾਂ) ਲੀਡਰਾਂ ਨੂੰ ਆਪਣੇ ਗਿਆਨ ਵਿਚ ਵਾਧਾ ਕਰਨ ਦੀ ਲੋੜ ਹੈ ਤਾਂ ਕਿ ਇਹ ਆਪਣੀ ਪਾਲ਼ੀ ਹੋਈ ਹੀਣ ਭਾਵਨਾ ਤੋਂ ਬਾਹਰ ਨਿਕਲ ਸਕਣ।
ਇਹ ਸਮਝ ਆAਂਂਦਾ ਹੈ ਕਿ ਗੈਰ ਪੰਜਾਬੀਆਂ ਨਾਲ ਉਨ੍ਹਾਂ ਵਲੋਂ ਕਿਸੇ ਹੋਰ ਬੋਲੀ /ਭਾਸ਼ਾ ਵਿਚ ਗੱਲ ਕਰਨੀ ਜਰੂਰੀ ਹੋ ਸਕਦੀ ਹੈ ਇਸ ਬਾਰੇ ਇਤਰਾਜ਼ ਵੀ ਕਿਸੇ ਨੂੰ ਨਹੀਂ ਹੋਵੇਗਾ।
ਆਸ ਕਰਨੀ ਬਣਦੀ ਹੈ ਕਿ ਆਮ ਲੋਕ ਅਤੇ ਖਾਸ ਕਰਕੇ ਪੰਜਾਬੀ ਪੱਤਰਕਾਰ ਭਾਈਚਾਰਾ, ਸਾਹਿਤਕ ਸਭਾਵਾਂ ਅਤੇ ਪੰਜਾਬੀ ਦੇ ਵਿਦਵਾਨ ਜਾਗਣਗੇ ਅਤੇ ਇਸ ਪਾਸੇ ਜਰੂਰ ਧਿਆਨ ਦੇਣਗੇ।
5. ਮਾਂ ਬੋਲੀ ਨਾਲ ਜੁੜਨਾ ਜੀਵਨ, ਮਾਂ ਬੋਲੀ ਨਾਲੋਂ ਟੁੱਟਣਾ ਮੌਤ :
ਮੁਗਲਾਂ ਵੇਲੇ ਫੌਜ ਵਿਚ ਭਰਤੀ ਹੋਏ ਫੌਜੀ ਦੀ ਕਹਾਣੀ ਆਮ ਸੁਣਨ/ਪੜ੍ਹਨ ਨੂੰ ਮਿਲਦੀ ਰਹੀ ਹੈ ਕਿ ਕੋਈ ਪੇਂਡੂ ਮੁਗਲਾਂ ਦੀ ਫੌਜ ਵਿਚ ਭਰਤੀ ਹੋਇਆ ਤਾਂ ਉੱਥੇ ਫਾਰਸੀ ਬੋਲਣੀ ਲਾਜ਼ਮੀ ਸੀ। ਪੇਂਡੂ ਵੀ ਫਾਰਸੀ ਸਿੱਖ ਗਿਆ ਅਤੇ ਬੋਲਣ ਦਾ ਆਦੀ ਹੋ ਗਿਆ। ਗਰਮੀਆਂ ਦੀ ਰੁੱਤੇ ਉਹ ਆਪਣੇ ਪਿੰਡ ਛੁੱਟੀ ਕੱਟਣ ਵਾਸਤੇ ਆ ਰਿਹਾ ਸੀ। ਤੁਰੇ ਆਉਂਦਿਆਂ ਤ੍ਰੇਹ ਲੱਗੀ – ਉਹ ਹਾਲੋਂ ਬੇਹਾਲ ਹੋ ਗਿਆ। ਪਾਣੀ ਦਾ ਸਾਧਨ ਨੇੜੇ ਕੋਈ ਨਹੀਂ ਸੀ। ਉਸ ਸਮੇਂ ਨਲਕੇ ਬਗੈਰਾ ਤਾਂ ਹੁੰਦੇ ਹੀ ਨਹੀਂ ਸਨ। ਉਦੋਂ ਪਾਣੀ ਪੀਣ ਵਾਸਤੇ ਰਾਹਾਂ ਵਿਚ ਪੌਅ ਹੁੰਦੇ ਸਨ ਜਿੱਥੇ ਇਕ ਖੂਹ ਹੁੰਦਾ ਸੀ, ਲੱਜ ਨਾਲ ਬੰਨ੍ਹਿਆਂ ਡੋਲ ਹੁੰਦਾ ਸੀ। ਪਰ ਉਹਦੇ ਰਾਹ ਵਿਚ ਕੋਈ ਪੌਅ ਨਾ ਆਇਆ। ਆਖਰ ਹਾਲੋਂ ਬੇਹਾਲ ਹੋਇਆ ਪਿੰਡੋਂ ਥੋੜ੍ਹੀ ਦੂਰ ਆ ਕੇ ਤ੍ਰੇਹ ਨਾਲ ਬੇਹਾਲ ਹੋ ਕੇ ਡਿਗ ਪਿਆ। ਕਈ ਲੋਕ ਕੋਲੋਂ ਲੰਘੇ ਉਹ ਪੁੱਛਦੇ ਪਰ ਨਾ ਸਮਝਣ ਕਰਕੇ ਅੱਗੇ ਤੁਰ ਜਾਂਦੇ – ਕਿਸੇ ਨੂੰ ਪਤਾ ਹੀ ਨਾ ਲੱਗਾ ਕਿ ਉਹ ਧਰਤੀ ‘ਤੇ ਡਿੱਗਾ ਕਿਉਂ ਹੈ। ਪਾਣੀ ਨਾ ਮਿਲਣ ਕਰਕੇ ਤਿਹਾ ਨਾਲ ਆਖਰ ਉਹ ਪ੍ਰਾਣ ਤਿਆਗ ਗਿਆ।
ਫੇਰ ਲੋਕ ਇਕ ਦੂਜੇ ਤੋਂ ਪੁੱਛਣ ਲੱਗੇ ਕਿ ਆਖਰ ਗੱਲ ਕੀ ਹੋਈ । ਕਿਸੇ ਨੇ ਦੱਸਿਆ ਕਿ ਇਹ ਤਾਂ ਵਾਰ ਵਾਰ ਇਕੋ ਸ਼ਬਦ ਕਹਿ ਰਿਹਾ ਸੀ – ਆਬ, ਆਬ। ਫਾਰਸੀ ਵਿਚ ਪਾਣੀ ਨੂੰ ਆਬ ਕਹਿੰਦੇ ਹਨ ਪਰ ਪਿੰਡ ਵਿਚ ਕਿਸੇ ਨੂੰ ਫਾਰਸੀ ਨਹੀਂ ਸੀ ਆਉਂਦੀ – ਉਹਨੂੰ ਪਾਣੀ ਕੌਣ ਦਿੰਦਾ। ਫੌਜ ਵਿਚ ਫਾਰਸੀ ਬੋਲਣ ਗਿੱਝਿਆ ਫਾਰਸੀ ਦਾ ਹੀ ਸ਼ਿਕਾਰ ਹੋ ਗਿਆ। ਆਪਣੀ ਮਾਂ ਬੋਲੀ ਨਾ ਬੋਲਣ ਕਰਕੇ ਉਹਦੀ ਜਾਨ ਚਲੀ ਗਈ। ਜਦੋਂ ਇਸ ਗੱਲ ਦਾ ਇਕ ਬੁੱਢੀ ਮਾਈ ਨੂੰ ਪਤਾ ਲੱਗਾ ਤਾਂ ਉਹਨੇ ਕਿਹਾ ਸੀ :
ਆਬ ਆਬ ਕਰ ਬੱਚੜਾ ਮੋਇਆ
ਫਾਰਸੀਆਂ ਘਰ ਗਾਲ਼ੇ।
ਇਸੇ ਦਾ ਸਿੱਟਾ ਨਿਕਲਦਾ ਹੈ ਕਿ ਮਾਂ ਬੋਲੀ ਇਨਸਾਨ ਨੂੰ ਜੀਵਨ ਦਿੰਦੀ ਹੈ। ਥਾਂ-ਕੁਥਾਂਅ ਅਤੇ ਬੇ-ਵਕਤ ਵਰਤੀ ਬੇਗਾਨੀ ਬੋਲੀ ਮੌਤ ਵੀ ਬਣ ਸਕਦੀ ਹੈ।