ਸੁਖਬੀਰ, ਹਰਸਿਮਰਤ, ਜਾਖੜ ਤੇ ਬੀਬੀ ਜਗੀਰ ਕੌਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪੋ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਜਿੱਤ ਲਈ ਅਰਦਾਸ ਕੀਤੀ। ਅੱਜ ਮੱਥਾ ਟੇਕਣ ਵਾਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਖਡੂਰ ਸਾਹਿਬ ਹਲਕੇ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਸ਼ਾਮਲ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਉਹ ਨਵੀਂ ਜ਼ਿੰਮੇਵਾਰੀ ਤਹਿਤ ਸੰਸਦੀ ਚੋਣਾਂ ਲੜ ਰਹੇ ਹਨ। ਹੁਣ ਉਹ ਕੇਂਦਰ ਤੇ ਸੂਬਾ ਦੋਵਾਂ ਥਾਵਾਂ ‘ਤੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੰਸਦੀ ਚੋਣਾਂ ਵਿਚ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਵਾਸਤੇ ਮੰਤਰੀਆਂ ਅਤੇ ਵਿਧਾਇਕਾਂ ਦੀ ਲਾਈ ਜ਼ਿੰਮੇਵਾਰੀ ਸਬੰਧੀ ਉਨ੍ਹਾਂ ਆਖਿਆ ਕਿ ਹਾਰ ਨੂੰ ਸਾਹਮਣੇ ਦੇਖਦਿਆਂ ਮੁੱਖ ਮੰਤਰੀ ਬੌਖਲਾਹਟ ਵਿਚ ਹਨ। ਚੋਣਾਂ ਵਿਚ ਸ਼੍ਰੋਮਣੀ ਕਮੇਟੀ ਤੇ ਗੁਰੂ ਘਰ ਦੇ ਫੰਡਾਂ ਦੀ ਦੁਰਵਰਤੋਂ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਉਨ੍ਹਾਂ ਨੇ ਰੱਦ ਕੀਤਾ ਤੇ ਆਖਿਆ ਕਿ ਗੁਰੂ ਘਰ ਦੀ ਗੋਲਕ ਦੀ ਕਦੇ ਵੀ ਦੁਰਵਰਤੋਂ ਨਹੀਂ ਕਰ ਸਕਦੇ। ਗੁਰਦਾਸਪੁਰ ਹਲਕੇ ਤੋਂ ਫਿਲਮੀ ਅਦਾਕਾਰ ਸੰਨੀ ਦਿਓਲ ਨੂੰ ਉਮੀਦਵਾਰ ਬਣਾਉਣ ਬਾਰੇ ਉਨ੍ਹਾਂ ਆਖਿਆ ਕਿ ਉਹ ਪੰਜਾਬ ਦੇ ਜੰਮਪਲ ਹਨ ਅਤੇ ਉਹ ਵੀ ਮਰਹੂਮ ਵਿਨੋਦ ਖੰਨਾ ਵਾਂਗ ਜਿੱਤ ਪ੍ਰਾਪਤ ਕਰਨਗੇ। ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਬਾਰੇ ਉਨ੍ਹਾਂ ਆਖਿਆ ਕਿ ਉਹ ਆਪਣਾ ਪਹਿਲਾ ਹਲਕਾ ਛੱਡ ਕੇ ਇੱਥੇ ਆਏ ਹਨ। ਇਸ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨੂੰ ਚੁਣੌਤੀ ਮੰਨਣ ਦੀ ਥਾਂ ਆਖਿਆ ਕਿ ਉਹ ਛੋਟਾ ਵੀਰ ਹੈ ਅਤੇ ਉਸ ਨੂੰ ਚੋਣ ਲੜਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੂੰ ਅੱਜ ਇੱਥੇ ਸੂਚਨਾ ਕੇਂਦਰ ਵਿਚ ਸ਼੍ਰੋਮਣੀ ਕਮੇਟੀ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸ੍ਰੀ ਜਾਖੜ ਨੇ ਆਖਿਆ ਕਿ ਗੁਰਦਾਸਪੁਰ ਹਲਕੇ ਵਿਚ ਉਨ੍ਹਾਂ ਦੀ ਲੜਾਈ ਕਿਸੇ ਫਿਲਮੀ ਅਭਿਨੇਤਾ ਨਾਲ ਨਹੀਂ, ਸਗੋਂ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਹੈ, ਜਿਨ੍ਹਾਂ ਨੇ ਪਿਛਲੇ ਪੰਜ ਸਾਲਾਂ ਤੋਂ ਆਪਣੀ ਕਲਾਕਾਰੀ ਨਾਲ ਦੇਸ਼ ਵਾਸੀਆਂ ਨੂੰ ਗੁਮਰਾਹ ਕੀਤਾ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਦੀ ਜ਼ਮਾਨਤ ਜ਼ਬਤ ਕਰਾਉਣ ਦੇ ਕੀਤੇ ਦਾਅਵੇ ਬਾਰੇ ਸ੍ਰੀ ਜਾਖੜ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਨ੍ਹਾਂ ਆਗੂਆਂ ਦਾ ਹੰਕਾਰ ਪਹਿਲਾਂ ਹੀ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿਚ ਤੋੜ ਦਿੱਤਾ ਸੀ ਅਤੇ ਬਾਕੀ ਰਹਿੰਦੀ ਕਸਰ ਲੋਕਾਂ ਵੱਲੋਂ ਸੰਸਦੀ ਚੋਣਾਂ ਵਿਚ ਪੂਰੀ ਕਰ ਦਿੱਤੀ ਜਾਵੇਗੀ।

Previous articleਪਹਿਲਾਂ ਫ਼ਸਲ ਰੁਲੀ ਤੇ ਹੁਣ ਕਿਸਾਨ
Next article‘ਲੰਮੀ ਉਮਰ ਲਈ ਜੀਵਨ ਸਾਥੀ ਨੂੰ ਖ਼ੁਸ਼ ਰੱਖੋ’