ਸੁਖਬੀਰ ਵੱਲੋਂ ਪੁੱਛੇ ਚਾਰ ਸਵਾਲਾਂ ਦੇ ਜਵਾਬ ਦੇਣ ਮੁੱਖ ਮੰਤਰੀ: ਹਰਸਿਮਰਤ

ਬਠਿੰਡਾ (ਸਮਾਜ ਵੀਕਲੀ) : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਥੇ ਏਮਜ਼ ਵਿੱਚ ਰੇਡੀਓ ਡਾਇਗਨੋਸਿਜ਼ ਵਿੰਗ ਦੇ ਉਦਘਾਟਨ ਸਮਾਗਮ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਹ ਲੋਕਾਂ ਨੂੰ ਦੱਸਣ ਕਿ ਉਹ ਕਿਸਾਨਾਂ ਨਾਲ ਠੱਗੀ ਮਾਰਨ ਵਾਸਤੇ ਕੇਂਦਰ ਨਾਲ ਦੋਸਤਾਨਾ ਮੈਚ ਕਿਉਂ ਖੇਡ ਰਹੇ ਹਨ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੁੱਛੇ ਚਾਰ ਸਵਾਲਾਂ ਦੇ ਜਵਾਬ ਦੇਣ।

ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਕੋਲੇ ਦੀ ਘਾਟ ਕਾਰਨ ਕਿਸਾਨਾਂ ਤੋਂ ਰੇਲ ਲਾਈਨਾਂ ਖਾਲੀ ਕਰਵਾਈਆਂ ਪਰ ਮਗਰੋਂ ਉਹ ਕੇਂਦਰ ਤੋਂ ਮਾਲ ਗੱਡੀਆਂ ਦੀ ਸੇਵਾ ਬਹਾਲ ਨਹੀਂ ਕਰਵਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਸੰਕੇਤ ਮਿਲਦਾ ਹੈ ਕਿ ਮੁੱਖ ਮੰਤਰੀ ਕਿਸਾਨਾਂ ਦੀ ਬਦਨਾਮੀ ਕਰਨ ਲਈ ਕੇਂਦਰ ਨਾਲ ਰਲੇ ਹੋਏ ਹਨ।

ਬਠਿੰਡਾ ਦੇ ਜੌਗਰ ਪਾਰਕ ਵਿੱਚੋਂ ਆਟਾ ਬਰਾਮਦ ਹੋਣ ਦੀਆਂ ਰਿਪੋਰਟਾਂ ’ਤੇ ਹਰਸਿਮਰਤ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਗ਼ਰੀਬਾਂ ਤੋਂ ਉਨ੍ਹਾਂ ਦਾ ਹੱਕ ਖੋਹਿਆ ਅਤੇ ਕੇਂਦਰ ਤੋਂ ਗ਼ਰੀਬਾਂ ਲਈ ਆਇਆ ਆਟਾ ਬਠਿੰਡਾ ਦੇ ਪਾਰਕ ਵਿੱਚ ਦਫਨਾ ਦਿੱਤਾ, ਜੋ ਕਿ ਨਿੰਦਣਯੋਗ ਹੈ। ਹਰਸਿਮਰਤ ਬਾਦਲ ਨੇ ਏਮਜ਼ ਵਿਚਲੇ ਸਮਾਗਮ ਦੌਰਾਨ ‘ਗੈਸਟ ਆਫ ਆਨਰ’ ਵਜੋਂ ਸ਼ਿਰਕਤ ਕੀਤੀ। ਸੰਬੋਧਨ ਕਰਦਿਆਂ ਉਨ੍ਹਾਂ ਲੋਕਾਂ ਨੂੰ ਉਹ ਦਿਨ ਚੇਤੇ ਕਰਵਾਏ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਇਸ ਪ੍ਰਾਜੈਕਟ ਵਾਸਤੇ ਜ਼ਮੀਨ ਦਿੱਤੀ ਸੀ।

Previous articleਛੋਟਾ ਪਿੰਡ, ਵੱਡੀ ਪੈੜ: ਰਣਸੀਂਹ ਕਲਾਂ ਨੇ ਭੰਨੀ ਸਰਕਾਰ ਦੀ ਮੜ੍ਹਕ
Next articleEx-Gujarat CM Keshubhai Patel passes away