ਸੁਖਬੀਰ ਖ਼ਿਲਾਫ਼ ਕਾਰਵਾਈ ਕਰਨ ਜਥੇਦਾਰ: ਜਾਖੜ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ’ਤੇ ਇੱਕ ਟੀਵੀ ਚੈਨਲ ਦੇ ਏਕਾਧਿਕਾਰ ਨੂੰ ਗੁਰੂ ਸਾਹਿਬਾਨ ਵੱਲੋਂ ਦਿਖਾਏ ਸਰਬ-ਸਾਂਝੀਵਾਲਤਾ ਦੇ ਸਿਧਾਂਤ ਤੋਂ ਉਲਟ ਦੱਸਿਆ ਹੈ। ਉਨ੍ਹਾਂ ਨੇ ਦਰਬਾਰ ਸਾਹਿਬ ਤੋਂ ਜਾਰੀ ਹੁੰਦੇ ਪਵਿੱਤਰ ਹੁਕਮਨਾਮੇ ਨੂੰ ਫੇਸਬੁੱਕ ਰਾਹੀਂ ਸ਼ੇਅਰ ਕਰਨ ਤੋਂ ਪੀਟੀਸੀ ਚੈਨਲ ਵੱਲੋਂ ਰੋਕੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਗੁਰਮਰਿਆਦਾ ਨੂੰ ਢਾਹ ਲਗਾਉਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤਲਬ ਕਰ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਕੀਤੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਇੱਕ ਪਾਸੇ ਪਾਰਟੀ ਦੇ ਪ੍ਰਧਾਨ ਹਨ ਉੱਥੇ ਚੈਨਲ ਦੀ ਮਾਲਕੀ ਵੀ ਉਨ੍ਹਾਂ ਕੋਲ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦਾ ਪ੍ਰਧਾਨ ਵੀ ਉਨ੍ਹਾਂ ਖ਼ੁਦ ਹੀ ਥਾਪਿਆ ਹੈ, ਅਜਿਹੇ ਵਿੱਚ ਆਪਸੀ ਹਿੱਤਾਂ ਦੇ ਟਕਰਾਅ ਦੇ ਇਸ ਵਰਤਾਰੇ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਇਹ ਉਮੀਦ ਕਰਨੀ ਯੋਗ ਨਹੀਂ ਹੋਵੇਗੀ ਕਿ ਉਹ ਪੰਥਕ ਪਾਰਟੀ ਦੇ ਪ੍ਰਧਾਨ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਸ੍ਰੀ ਅਕਾਲ ਤਖ਼ਤ ਇਸ ਮੁੱਦੇ ’ਤੇ ਦਖਲ ਦੇ ਕੇ ਗੁਰਬਾਣੀ ਦੀ ਪਹੁੰਚ ਸਭ ਤੱਕ ਯਕੀਨੀ ਬਣਾਉਣ ਲਈ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਭ ਧਰਮਾਂ ਤੇ ਵਰਣਾਂ ਲਈ ਬਰਾਬਰ ਸਤਿਕਾਰਯੋਗ ਹੈ। ਅਜਿਹੇ ਵਿੱਚ ਗੁਰਬਾਣੀ ਦੇ ਪ੍ਰਸਾਰਨ ’ਤੇ ਕਿਸੇ ਨਿੱਜੀ ਅਦਾਰੇ ਵੱਲੋਂ ਵਪਾਰਕ ਹਿੱਤਾਂ ਲਈ ਬੰਦਿਸ਼ਾਂ ਲਗਾਉਣੀਆਂ ਸਿੱਖ ਸਿਧਾਂਤਾਂ ਦੇ ਵਿਰੁੱਧ ਹਨ। ਸ੍ਰੀ ਜਾਖੜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ, ਜੋ ਕਿ ਸਿੱਧੇ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੰਟਰੋਲ ਹੇਠ ਹੈ, ਵੱਲੋਂ ਨਿਗੂਣੀ ਰਕਮ ਬਦਲੇ ਸਰਬ ਸਾਂਝੀ ਗੁਰਬਾਣੀ ਦੇ ਪ੍ਰਸਾਰਨ ਦੇ ਅਧਿਕਾਰ ਸੁਖਬੀਰ ਸਿੰਘ ਬਾਦਲ ਦੀ ਮਲਕੀਅਤ ਵਾਲੇ ਨਿੱਜੀ ਚੈਨਲ ਨੂੰ ਦੇ ਦੇਣਾ ਇਸ ਸੰਸਥਾ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਸ੍ਰੀ ਜਾਖੜ ਨੇ ਮੰਗ ਕੀਤੀ ਕਿ ਗੁਰਬਾਣੀ ਪ੍ਰਸਾਰਨ ਦੇ ਕਿਸੇ ਚੈਨਲ ਵਿਸ਼ੇਸ਼ ਨੂੰ ਦਿੱਤੇ ਅਧਿਕਾਰ ਤੁਰੰਤ ਰੱਦ ਕੀਤੇ ਜਾਣ ਅਤੇ ਪਵਿੱਤਰ ਹੁਕਮਨਾਮੇ ਦੀ ਆਡੀਓ ਜਾਂ ਵੀਡੀਓ ਫੇਸਬੁਕ ਜਾਂ ਕਿਸੇ ਵੀ ਹੋਰ ਮਾਧਿਅਮ ਰਾਹੀਂ ਸ਼ੇਅਰ ਕਰਨ ’ਤੇ ਲਾਈਆਂ ਰੋਕਾਂ ਹਟਾਈਆ ਜਾਣ ਅਤੇ ਦਰਬਾਰ ਸਾਹਿਬ ਤੋਂ ਸਾਰੇ ਚੈਨਲਾਂ ਨੂੰ ਕੀਰਤਨ ਦੇ ਪ੍ਰਸਾਰਨ ਦੀ ਆਗਿਆ ਦਿੱਤੀ ਜਾਵੇ। ਸ੍ਰੀ ਜਾਖੜ ਨੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਸਲੇ ’ਤੇ ਨਿੱਜੀ ਦਖਲ ਦੇ ਕੇ ਆਪਣੇ ਪਰਿਵਾਰ ’ਤੇ ਗੁਰਬਾਣੀ ਪ੍ਰਸਾਰਨ ਦੇ ਅਧਿਕਾਰ ਵੇਚਣ ਦੇ ਲੱਗੇ ਕਲੰਕ ਨੂੰ ਧੋਣ ਲਈ ਅੱਗੇ ਆਉਣ।

Previous articleਸਿੱਖਿਆ ਮਹਿਕਮੇ ਦੇ ਪ੍ਰਬੰਧ ਕੱਚੇ; ਭੁਗਤ ਰਹੇ ਨੇ ਬੱਚੇ
Next articleModi opens light & sound show at Howrah Bridge