ਤੁਰਕੀ ਨੂੰ ਦੋ ਕੁਰਦਾਂ ਦੇ ਕੰਟਰੋਲ ਵਾਲੇ ਸੀਰੀਆ ਦੇ ਰਾਸ-ਅਲ-ਆਇਨ ਸ਼ਹਿਰ ‘ਤੇ ਚੜ੍ਹਾਈ ਹੁਣ ਮਹਿੰਗੀ ਪੈ ਰਹੀ ਹੈ। ਕੁਰਦ ਲੜਾਕਿਆਂ ਦੀ ਅਗਵਾਈ ਵਾਲੀ ਸੀਰੀਅਨ ਡੈਮੋਕ੍ਰੇਟਿਥ ਫੋਰਸਿਸ (ਐੱਸਡੀਐੱਫ) ਦੇ ਜਵਾਬੀ ਹਮਲੇ ‘ਚ ਤੁਰਕੀ ਦੇ 75 ਸੈਨਿਕ ਮਾਰੇ ਗਏ। ਕੁਰਦਿਸ਼ ਮੀਡੀਆ ਮੁਤਾਬਕ, ਇਨ੍ਹਾਂ ਹਮਲਿਆਂ ‘ਚ ਤੁਰਕੀ ਦੇ 19 ਫ਼ੌਜੀ ਜ਼ਖ਼ਮੀ ਵੀ ਹੋਏ ਹਨ।
ਕੁਰਦਾਂ ਦੀ ਅਗਵਾਈ ਵਾਲੇ ਸ਼ਹਿਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਤੁਰਕੀ ਫ਼ੌਜ ਦੀ ਗੋਲ਼ੀਬਾਰੀ ਨਾਲ ਮਚੀ ਹਫੜਾ-ਦਫੜੀ ਦਾ ਫਾਇਦਾ ਚੁੱਕ ਕੇ ਸ਼ਹਿਰ ਦੇ ਇਕ ਕੈਂਪ ‘ਚ ਹਿਰਾਸਤ ‘ਚ ਰੱਖੇ ਗਏ ਆਈਐੱਸ ਅੱਤਵਾਦੀਆਂ ਦੇ ਸੌ ਤੋਂ ਵੱਧ ਪਤਨੀਆਂ-ਬੱਚੇ ਫਰਾਰ ਹੋ ਗਏ। ਤੁਰਕੀ ਦੀ ਸਰਕਾਰ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਉਸ ਦੀ ਫ਼ੌਜ ਸਾਹਮਣੇ ਹੁਣ ਤਕ 480 ਕੁਰਦ ਲੜਾਕਿਆਂ ਨੇ ਹਥਿਆਰ ਸੁੱਟੇ ਹਨ। ਤੁਰਕੀ ਦੇ ਸਰਹੱਦੀ ਇਲਾਕਿਆਂ ਤੋਂ ਕੁਰਦ ਲੜਾਕਿਆਂ ਨੂੰ ਖਦੇੜਨ ਲਈ ਬੀਤੇ ਬੁੱਧਵਾਰ ਨੂੰ ਉੱਤਰ-ਪੂਰਬੀ ਸੀਰੀਆ ‘ਚ ਫ਼ੌਜੀ ਮੁਹਿੰਮ ਸ਼ੁਰੂ ਕੀਤੀ ਸੀ। ਤੁਰਕੀ ਲੰਬੇ ਸਮੇਂ ਤੋਂ ਇਸ ਮੁਹਿੰਮ ਦੀ ਧਮਕੀ ਦੇ ਰਿਹਾ ਹੈ। ਪਰ ਇਲਾਕੇ ‘ਚ ਅਮਰੀਕੀ ਫ਼ੌਜੀਆਂ ਦੀ ਮੌਜੂਦਗੀ ਕਾਰਨ ਉਹ ਇਸ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ ਸੀ। ਹਾਲੀਆ ਹੀ ਅਮਰੀਕਾ ਨੇ ਜਿਵੇਂ ਹੀ ਇਲਾਕੇ ਤੋਂ ਆਪਣੇ ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ, ਤੁਰਕੀ ਨੇ ਸਰਹੱਦੀ ਸ਼ਹਿਰ ਰਾਸ-ਅਲ-ਆਇਨ ‘ਤੇ ਹਮਲਾ ਕਰ ਦਿੱਤਾ। ਤੁਰਕੀ ਦੇ ਇਸ ਅਭਿਆਨ ਨੇ ਅਮਰੀਕਾ ਨਾਲ ਉਸ ਦੇ ਨਾਟੋ ਸਹਿਯੋਗੀਆਂ ਜਰਮਨੀ ਤੇ ਫਰਾਂਸ ਨੂੰ ਵੀ ਨਾਰਾਜ਼ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮੁਹਿੰਮ ਨਾਲ ਸੀਰੀਆ ‘ਚ ਕੁਰਦ ਆਬਾਦੀ ਨੂੰ ਨੁਕਸਾਨ ਪਹੁੰਚਾਉਣ ਦੀ ਸੂਰਤ ‘ਚ ਤੁਰਕੀ ਦੇ ਅਰਥਚਾਰੇ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਹੈ। ਭਾਰਤ ਸਮੇਤ ਕਈ ਦੇਸ਼ਾਂ ਨੇ ਸੀਰੀਆ ‘ਚ ਤੁਰਕੀ ਦੀ ਫ਼ੌਜੀ ਮੁਹਿੰਮ ‘ਤੇ ਚਿੰਤਾ ਪ੍ਰਗਟਾਈ ਹੈ।