ਸੀਰਤ

ਦੀਪ ਚੌਹਾਨ

(ਸਮਾਜ ਵੀਕਲੀ)

ਮਾਪਿਆਂ ਦੀ ਲਾਡਲੀ ਮਨਸੀਰਤ ਨੂੰ ਘਰ ਵਿੱਚ ਸਾਰੇ ਪਿਆਰ ਨਾਲ ਸੀਰਤ ਕਹਿੰਦੇ ਸਨ । ਵੱਡੀ ਭੈਣ ਵੱਡੀ ਹੋਣ ਕਾਰਨ ਉਸ ਤੋਂ ਘਰ ਦਾ ਸਾਰਾ ਕੰਮ ਕਰਵਾ ਲੈਂਦੀ ਅਤੇ ਛੋਟਾ ਭਰਾ ਲਾਡਲਾ ਹੋਣ ਕਾਰਨ ਵੈਸੇ ਹੀ ਕਿਸੇ ਕੰਮ ਨੂੰ ਹੱਥ ਨਾ ਲਾਉਂਦਾ ਅਤੇ ਨਾ ਹੀ ਉਸ ਨੂੰ ਕੋਈ ਲਗਾਉਣ ਦਿੰਦਾ ਸੀ । ਸੀਰਤ ਬਚਪਨ ਤੋਂ ਹੀ ਆਪਣੇ ਛੋਟੇ ਭਰਾ ਦੀ ਹਰ ਖਵਾਇਸ਼ ਪੂਰੀ ਕਰਨ ਦੀ ਕੋਸ਼ਿਸ਼ ਕਰਦੀ ਘਰਦਿਆਂ ਵੱਲੋਂ ਉਸ ਨੂੰ ਦਿੱਤੇ ਪੈਸਿਆਂ ਦੀ ਵੀ ਚੀਜ਼ ਉਸ ਨੂੰ ਹੀ ਲੈ ਦਿੰਦੀ । ਸੀਰਤ ਦੀ ਮਾਂ ਨੂੰ ਕੈਂਸਰ ਦੀ ਬਿਮਾਰੀ ਸੀ ਜਿਸ ਦਾ ਕਾਫੀ ਸਮੇਂ ਤੋਂ ਇਲਾਜ ਚੱਲ ਰਿਹਾ ਸੀ । ਘਰ ਵਿੱਚ ਕਮਾਈ ਦਾ ਸਾਧਨ ਖੇਤੀਬਾੜੀ ਹੀ ਸੀ ।

ਜਿੱਥੇ ਵੀ ਕੋਈ ਦੱਸਦਾ ਸੀਰਤ ਦਾ ਪਿਤਾ ਉਸ ਦੀ ਮਾਤਾ ਨੂੰ ਲੈ ਕੇ ਉੱਥੇ ਹੀ ਇਲਾਜ ਲਈ ਚਲਾ ਜਾਂਦਾ । ਘਰ ਦੋ ਜਵਾਨ ਧੀਆਂ ਅਤੇ ਪਤਨੀ ਦੀ ਇਹ ਚੰਦਰੀ ਬਿਮਾਰੀ ਕਾਰਨ ਸੀਰਤ ਦਾ ਪਿਤਾ ਅਕਸਰ ਚਿੰਤਾ ਵਿਚ ਡੁੱਬਿਆ ਰਹਿੰਦਾ । ਸੀਰਤ ਅਤੇ ਉਸ ਦੀ ਭੈਣ ਰੱਜ ਕੇ ਸੋਹਣੀਆਂ ਸਨ ਜਿਸ ਕਾਰਨ ਰਿਸ਼ਤੇਦਾਰਾਂ ਨੇ ਸੀਰਤ ਦੀ ਵੱਡੀ ਭੈਣ ਦਾ ਰਿਸ਼ਤਾ ਬਾਹਰਲੇ ਮੁਲਕ ਕਰਵਾ ਦਿੱਤਾ । ਸੀਰਤ ਦੇ ਪਿਤਾ ਨੇ ਕਿਸੇ ਵੀ ਤਰ੍ਹਾਂ ਪੈਸਿਆਂ ਦਾ ਇੰਤਜ਼ਾਮ ਕੀਤਾ ਅਤੇ ਸੀਰਤ ਦੀ ਵੱਡੀ ਭੈਣ ਨੂੰ ਵਿਆਹ ਕੇ ਬਾਹਰਲੇ ਮੁਲਕ ਤੋਰ ਦਿੱਤਾ।  ਸੀਰਤ ਦੀ ਮਾਂ ਦਿਨੋਂ ਦਿਨ ਘੱਟਦੀ ਜਾ ਰਹੀ ਸੀ ।  ਸਭ ਨੂੰ ਉਸ ਦੀ ਫ਼ਿਕਰ ਹੋ ਰਹੀ ਸੀ ਕਿ ਇਸ ਉੱਤੇ ਤਾਂ ਹਾਲੇ ਬਹੁਤ ਜ਼ਿੰਮੇਵਾਰੀਆਂ ਬਾਕੀ ਹਨ ।

ਸਭ ਦਾ ਧਿਆਨ ਸੀਰਤ ਦੀ ਮਾਂ ਵੱਲ ਸੀ ਪਰ ਹੋਇਆ ਉਹ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ । ਸੀਰਤ ਦੇ ਪਿਤਾ ਦੀ ਚਿੰਤਾ ਇੰਨੀ ਵਧ ਗਈ ਸੀ ਕਿ ਇੱਕ ਸਵੇਰ ਉਸ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਅਤੇ ਹਸਪਤਾਲ ਲੇੈ ਕੇੇ ਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ । ਮਾਂ ਦੇੇ ਵੀ ਅਕਸਰ ਬੀਮਾਰ ਰਹਿਣ ਕਾਰਨ ਘਰ ਦੀ ਸਾਰੀ ਜ਼ਿੰਮੇਵਾਰੀ ਸੀਰਤ ਉੱਤੇ ਆ ਗਈ ਸੀ ਅਤੇ ਇਹ ਜ਼ਿੰਮੇਵਾਰੀ ਉਸ ਨੇ ਬਾਖ਼ੂਬ ਨਿਭਾਈ ਵੀ ਸੀ । ਉਹ ਮਾਂ ਦੀ ਸੇਵਾ ਕਰਦੀ, ਉਸ  ਨੂੰ ਦਵਾਈ ਦਾਰੂ ਦਿੰਦੀ , ਛੋਟੇ ਭਰਾ ਨੂੰ ਪੁੱਤਾਂ ਵਾਂਗੂ ਸਾਂਭਦੀ । ਸੀਰਤ ਦੀ ਮਾਂ ਵੀ ਇਹ ਭਾਰ ਜ਼ਿਆਦਾ ਚਿਰ ਆਪਣੇ ਸਿਰ ਤੇ ਸਾਂਭ ਨਾ ਸਕੀ।   ਦੋ ਸਾਲ ਬਾਅਦ ਦੌਰਾਨੇ ਇਲਾਜ ਸੀਰਤ ਦੀ ਮਾਂ ਦੀ ਵੀ ਮੌਤ ਹੋ ਗਈ ।

ਘਰ ਦੀ ਅਤੇ ਛੋਟੇ ਭਰਾ ਦੀ ਸਾਰੀ ਜ਼ਿੰਮੇਵਾਰੀ  ਤਾਂ ਸੀਰਤ ਉੱਤੇ ਪਹਿਲਾਂ ਹੀ ਪਈ ਹੋਈ ਸੀ ਪਰ ਹੁਣ ਉਸ ਨੂੰ ਇਹ ਜ਼ਿੰਮੇਵਾਰੀ ਪਹਿਲਾਂ ਨਾਲੋਂ ਵੱਧ ਹਿੰਮਤ ਨਾਲ ਨਿਭਾਉਣੀ ਪੈਣੀ ਸੀ ਕਿਉਂਕਿ ਹੁਣ ਉਸ ਦੇ ਸਿਰ ਤੇ ਨਾ ਉਸ ਦਾ ਪਿਤਾ ਸੀ ਅਤੇ ਨਾ ਹੀ ਮਾਂ । ਘਰ ਨੂੰ ਸੰਭਾਲਣ ਦੇ ਨਾਲ ਨਾਲ ਸੀਰਤ ਪੜ੍ਹਦੀ ਵੀ ਰਹੀ । ਹੁਣ ਸੀਰਤ ਦੀ ਨੌਕਰੀ ਦਿੱਲੀ ਸ਼ਹਿਰ ਵਿੱਚ ਇੱਕ ਵਧੀਆ ਕੰਪਨੀ ਵਿੱਚ ਲੱਗ ਗਈ ਸੀ ਪਰ ਛੋਟੇ ਭਰਾ ਨੂੰ ਅਤੇ ਘਰ ਨੂੰ ਇਕੱਲਾ ਛੱਡਣ ਦਾ ਉਸ ਦਾ ਬਿਲਕੁਲ ਵੀ ਮਨ ਨਹੀਂ ਸੀ । ਉਸ ਨੇ ਆਪਣੀ ਦੂਰ ਦੀ ਰਿਸ਼ਤੇਦਾਰੀ ਵਿੱਚ ਲੱਗਦੀ ਭੂਆ ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਅਤੇ ਉਹ ਆਪਣੇ ਲੜਕੇ ਨਾਲ ਇਕੱਲੀ ਰਹਿੰਦੀ ਸੀ ਨੂੰ ਆਪਣੇ ਘਰ ਆਪਣੇ ਭਰਾ ਨਾਲ ਰਹਿਣ ਲਈ ਬੁਲਾ ਲਿਆ ਸੀ ।

ਸੀਰਤ ਜਿਸ ਕੰਪਨੀ ਵਿੱਚ ਕੰਮ ਕਰਦੀ ਸੀ ਉੱਥੇ ਉਹ ਬਹੁਤ ਮਿਹਨਤ ਨਾਲ ਕੰਮ ਕਰਦੀ ਅਤੇ ਆਪਣੇ ਭਰਾ ਦੀ ਹਰ ਇੱਛਾ ਨੂੰ ਉਸ ਦੇ ਕਹਿਣ ਤੋਂ ਪਹਿਲਾਂ ਪੂਰਾ ਕਰਦੀ । ਸੀਰਤ ਦੀ ਦੋਸਤੀ ਦਿੱਲੀ ਦੇ ਹੀ ਰਹਿਣ ਵਾਲੇ ਇਕ ਲੜਕੇ ਦੇ ਨਾਲ ਹੋ ਗਈ ਅਤੇ ਬਹੁਤ ਹੀ ਜਲਦੀ ਦੋਨਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ । ਸੀਰਤ ਦੇ ਸਿਰ ਤੇ ਚੰਗਾ ਮਾੜਾ ਦੱਸਣ ਵਾਲੀ  ਨਾ ਤਾਂ ਉਸ ਦੀ ਮਾਂ ਸੀ ਅਤੇ ਨਾ ਹੀ ਉਸ ਦਾ ਪਿਤਾ ਜਿਸ ਕਾਰਨ ਉਸ ਨੂੰ ਆਪਣੇ ਸਾਰੇ ਫ਼ੈਸਲੇ ਖ਼ੁਦ ਹੀ ਲੈਣੇ ਪੈਂਦੇ ਸਨ । ਸੀਰਤ ਦਾ ਭਰਾ ਹਾਲੇੇ ਪੜ੍ਹਦਾ ਸੀ ਜਿਸ ਕਾਰਨ ਉਸ ਦਾ ਸਾਰਾ ਖਰਚਾ ਸੀਰਤ ਹੀ ਕਰਦੀ ਸੀ ਅਤੇ ਵਿਆਹ ਤੋਂ ਬਾਅਦ ਵੀ ਸੀਰਤ ਉਸੇ ਤਰ੍ਹਾਂ ਆਪਣੇ ਭਰਾ ਨੂੰ ਖਰਚਾ ਭੇਜਦੀ ਰਹੀ , ਜੋ ਸ਼ਾਇਦ ਉਸ ਦੇ ਪਤੀ ਨੂੰ ਬਹੁਤਾ ਪਸੰਦ ਨਹੀਂ ਸੀ ।

ਸੀਰਤ ਆਪਣੇ ਭਰਾ ਨੂੰ ਬਾਹਰਲੇ ਮੁਲਕ ਭੇਜਣਾ ਚਾਹੁੰਦੀ ਸੀ ਜਿਸ ਲਈ ਉਹ ਪੈਸੇ ਇਕੱਠੇ ਕਰ ਰਹੀ ਸੀ ਪਰ ਸੀਰਤ ਦਾ ਪਤੀ ਚਾਹੁੰਦਾ ਸੀ ਕਿ ਉਹ ਸਾਰਾ ਖਰਚਾ ਉਸ ਤੇ ਕਰੇ ਕਿਉਂਕਿ ਉਹ ਆਪ ਕੁਝ ਨਹੀਂ ਕਮਾਉਂਦਾ ਸੀ ਬੱਸ ਮਾਂ ਬਾਪ ਦੀ ਜਾਇਦਾਦ ਉੱਤੇ ਹੀ ਐਸ਼ ਕਰਦਾ ਸੀ ।  ਇਹ ਛੋਟੀਆਂ ਛੋਟੀਆਂ ਲੜਾਈਆਂ ਏਨੀਆਂ ਵਧ ਗਈਆਂ ਕਿ ਗੱਲ ਤਲਾਕ ਤੇ ਪਹੁੰਚ ਗਈ ਸੀ । ਸੀਰਤ ਦੇ ਪਤੀ ਨੇ ਉਸ ਦੇ ਸਾਹਮਣੇ ਦੋ ਸ਼ਰਤਾਂ ਰੱਖੀਆਂ ਸਨ ” ਜਾਂ ਤਾਂ ਮੈਨੂੰ ਚੁਣ ਲੈ ਜਾਂ ਆਪਣੇ ਭਰਾ ਨੂੰ ” । ਸੀਰਤ ਨੇ ਆਪਣੇ ਭਰਾ ਨੂੰ ਚੁਣਿਆ ਅਤੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ । ਬੜੀ ਮਿਹਨਤ ਕਰਕੇ ਸੀਰਤ ਨੇ ਆਪਣੇ ਭਰਾ ਨੂੰ ਅਤੇ ਆਪਣੀ ਦੂਰ ਦੀ ਭੂਆ ਦਾ ਮੁੰਡਾ ਜੋ ਉਨ੍ਹਾਂ ਦੇ ਹੀ ਘਰ ਰਹਿੰਦਾ ਸੀ ਦੋਨਾਂ ਨੂੰ ਬਾਹਰਲੇ ਮੁਲਕ ਭੇਜ ਦਿੱਤਾ ।

ਇੱਕ ਸਵੇਰ ਅਚਾਨਕ ਸੀਰਤ ਚੱਕਰ ਖਾ ਕੇ ਡਿੱਗ ਪਈ ਜਦ ਹੋਸ਼ ਆਇਆ ਤਾਂ ਹਸਪਤਾਲ ਵਿੱਚ ਸੀ । ਉਸਦੀ ਕਿਸੇ ਸਹੇਲੀ ਨੇ ਉਸ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਸੀ । ਸੀਰਤ ਦੇ ਸ਼ਰੀਰ ਵਿੱਚ ਕਾਫ਼ੀ ਕੰਮਜੋਰੀ ਸੀ ਜਿਸ ਕਾਰਨ ਉਸ ਨੂੰ ਕਾਫੀ ਦਿਨ ਹਸਪਤਾਲ ਵਿੱਚ ਦਾਖ਼ਲ ਪਿਆ । ਦੂਜੇ ਪਾਸੇ ਕਰੋਨਾ ਕਾਰਨ ਕੰਪਨੀ ਦੇ ਕਰਮਚਾਰੀ ਘਟਾਣੇੇ ਸ਼ੁਰੂ ਕਰ ਦਿੱਤੇ ਸਨ , ਬਦਕਿਸਮਤੀ ਨਾਲ ਉਨ੍ਹਾਂ ਵਿੱਚ ਸੀਰਤ ਵੀ  ਸੀ । ਨੌਕਰੀ ਖੁੱਸਣ ਕਾਰਨ ਸੀਰਤ ਮੁੜ ਆਪਣੇ ਘਰ ਵਾਪਸ ਆ ਗਈ,  ਜਿੱਥੇ ਹੁਣ ਉਸ ਦੀ ਭੂਆ ਇਕੱਲੀ ਰਹਿੰਦੀ ਸੀ । ਭੂਆ ਨੂੰ ਜਦੋਂ ਪਤਾ ਲੱਗਾ ਕਿ ਸੀਰਤ ਦੀ ਨੌਕਰੀ ਚੱਲੀ ਗਈ ਹੈ ਤਾਂ ਭੂਆ ਜਾਣਦੀ ਸੀ ਕਿ ਸੀਰਤ ਵੱਲੋਂ ਉਸ ਦੇ ਲੜਕੇ ਨੂੰ ਬਾਹਰ ਭੇਜਣ ਲਈ ਲਗਾਏ ਗਏ ਪੈਸੇ ਉਹ ਜ਼ਰੂਰ ਵਾਪਸ ਮੰਗੇਗੀ ।

ਉਹ ਹਰ ਵਕਤ ਲੜਨ ਦਾ ਬਹਾਨਾ ਲੱਭਦੀ  ਰਹਿੰਦੀ  ਅਤੇ ਇੱਕ ਦਿਨ ਬਿਨਾਂ ਮਤਲਬ ਦੇ ਹੀ ਲੜਾਈ ਕਰ ਕੇ ਉਹ ਆਪਣੇ ਕਿਸੇ ਹੋਰ ਰਿਸ਼ਤੇਦਾਰ ਦੇ ਕੋਲ ਰਹਿਣ ਲਈ ਚਲੀ ਗਈ । ਸੀਰਤ ਫਿਰ ਇਕੱਲੀ ਰਹਿ ਗਈ ਸੀ ਪਰ ਉਸ ਦੇ ਕੋਲ ਹਾਲੇ ਵੀ ਇੱਕੋ ਹੀ ਸਹਾਰਾ ਸੀ ਉਸ ਦਾ ਭਰਾ , ਪਰ ਹੈਰਾਨੀ ਦੀ ਗੱਲ ਇਹ ਸੀ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਸ ਦੇ ਭਰਾ ਨੇ ਬਾਹਰਲੇ ਮੁਲਕ ਜਾ ਕੇ ਕਦੀ ਸੀਰਤ ਦੀ ਸਾਰ ਵੀ ਨਾਲ ਲਈ ਸੀ । ਸੀਰਤ ਦੇ ਭਰਾ ਨੇ ਬਾਹਰਲੇ ਮੁਲਕ ਜਾਂਦੇ ਹੀ  ਨਾਲ ਪੜ੍ਹਦੀ ਇੱਕ ਲੜਕੀ ਨਾਲ ਮੰਗਣੀ ਕਰਵਾ ਲਈ ਸੀ ਅਤੇ ਆਪਣੀ ਜ਼ਿੰਦਗੀ ਵਿੱਚ ਇੰਨਾ ਮਸਤ ਹੋ ਗਿਆ ਸੀ ਕਿ ਉਸ ਨੂੰ ਆਪਣੀ ਭੈਣ ਦੇ ਕੀਤੇ ਹੋਏ ਆਪਣੇ ਉਪਰ ਅਹਿਸਾਨ ਬਿਲਕੁਲ ਭੁੱਲ ਗਏ ਸਨ ।

ਸੀਰਤ  ਆਪਣੀ ਜ਼ਿੰਦਗੀ ਨੂੰ ਹੌਲੀ ਹੌਲੀ ਪਟਰੀ ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸ ਤੇ ਇਸ ਔਖੇ ਵੇਲੇ ਵਿੱਚ ਨਾ ਤਾਂ ਉਸਦਾ ਭਰਾ ਉਸ ਦਾ ਸਾਥ ਦੇ ਰਿਹਾ ਸੀ ਅਤੇ ਨਾ ਹੀ ਕੋਈ ਹੋਰ ਰਿਸ਼ਤੇਦਾਰ । ਉਹ ਬਿਲਕੁਲ ਇਕੱਲੀ ਰਹਿ ਗਈ ਸੀ ।

ਸੀਰਤ ਮੇਰੀ ਪਤਨੀ ਦੀ ਸਹੇਲੀ ਹੋਣ ਕਾਰਨ ਮੈਂ ਇਹ ਸਾਰੀ ਗੱਲ  ਆਪਣੀ ਪਤਨੀ ਤੋਂ ਸੁਣੀ ਸੀ  । ਕਾਫੀ ਸਮੇਂ ਬਾਅਦ ਜਦ ਮੈਂ ਅਤੇ ਮੇਰੀ ਪਤਨੀ ਸੀਰਤ ਨੂੰ ਮਿਲੇ ਤਾਂ ਉਹ ਬਹੁਤ ਖੁਸ਼ ਲੱਗ ਰਹੀ ਸੀ , ਉਸ ਦੀ ਸ਼ਾਦੀ ਹੋ ਚੁੱਕੀ ਸੀ ਕੋਲ ਇਕ ਬੱਚਾ ਵੀ ਸੀ ਜ਼ਿੰਦਗੀ ਬਹੁਤ ਸੋਹਣੀ ਚੱਲ ਰਹੀ ਸੀ ਉਸਦੀ  ।

ਜਦ ਮੈਂ ਉਸ ਨਾਲ ਖੁੱਲ੍ਹ ਕੇ ਗੱਲ ਕੀਤੀ ਤਾਂ ਸੀਰਤ ਦਾ ਕਹਿਣਾ ਸੀ ਕਿ ਜਦ ਲੋਕ ਬਦਲ ਸਕਦੇ ਹਨ ਤਾਂ ਕਿਸਮਤ ਕਿਓਂ ਨਹੀਂ । ਉਸ ਨੇ ਆਪਣੀ ਜ਼ਿੰਦਗੀ ਵਿੱਚ ਹਰ ਆਪਣੇ ਨੂੰ ਬਦਲਦਾ ਵੇਖਿਆ ਸੀ , ਫਿਰ ਵੀ ਉਸ ਨੇ ਆਪਣੀ ਕਿਸਮਤ ਨੂੰ ਬਦਲਣ ਦਾ ਹੌਸਲਾ ਨਹੀਂ ਛੱਡਿਆ। ਉਸ ਨੂੰ ਪਤਾ ਸੀ ਕਿ ਜ਼ਿੰਦਗੀ ਹਮੇਸ਼ਾ ਇਕੋ ਤਰ੍ਹਾਂ ਦੀ ਨਹੀਂ ਰਹਿੰਦੀ  ਕਦੀ ਵੀ ਜੀਣਾ ਛੜਨਾ ਨਹੀਂ ਚਾਹੀਦਾ  ।

                                           ਦੀਪ ਚੌਹਾਨ
                                   ਮੋ: 9464212566

Previous articleਅਸੀਂ ਮਰਦੇ ਨਹੀਂ!!
Next articleਪੈਸਾ ਤੇ ਮਖੌਲ