ਨਵੀਂ ਦਿੱਲੀ (ਸਮਾਜਵੀਕਲੀ) : ਸੈਂਟਰਲ ਬੋਰਡ ਆਫ ਸੈਕੰੰਡਰੀ ਐਜੂਕੇਸ਼ਨ (ਸੀਬੀਐੱਸਈ) ਵਲੋਂ ਬਾਰ੍ਹਵੀਂ ਜਮਾਤ ਦੇ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਲੜਕੀਆਂ ਦੀ ਕਾਰਗੁਜ਼ਾਰੀ ਲੜਕਿਆਂ ਨਾਲ ਬਿਹਤਰ ਰਹੀ ਹੈ ਅਤੇ ਪਿਛਲੇ ਵਰ੍ਹੇ ਦੇ ਮੁਕਾਬਲੇ ਇਸ ਵਾਰ ਕੁੱਲ ਪਾਸ ਪ੍ਰਤੀਸ਼ਤਤਾ ਪੰਜ ਫ਼ੀਸਦ ਵਧੀ ਹੈ।
ਸੀਬੀਐੱਸਈ ਨੇ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਈਆਂ ਸਥਿਤੀਆਂ ਦੌਰਾਨ ਐਲਾਨੇ ਨਤੀਜਿਆਂ ਸਬੰਧੀ ਮੈਰਿਟ ਸੂਚੀ ਨਾ ਐਲਾਨਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਬੋਰਡ ਨੇ ‘ਫੇਲ੍ਹ’ ਸ਼ਬਦ ਦੀ ਥਾਂ ‘ਲਾਜ਼ਮੀ ਦੁਹਰਾਈ’ ਸ਼ਬਦ ਵਰਤਿਆ ਹੈ। ਇਸ ਕਾਰਨ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਦਸਤਾਵੇਜ਼ਾਂ ਅਤੇ ਬੋਰਡ ਦੀ ਵੈੱਬਸਾਈਟ ’ਤੇ ‘ਫੇਲ੍ਹ’ ਸ਼ਬਦ ਨਜ਼ਰ ਨਹੀਂ ਆਵੇਗਾ। ਨਤੀਜਿਆਂ ਅਨੁਸਾਰ ਇਸ ਵਾਰ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 92.15 ਫ਼ੀਸਦ ਰਹੀ ਹੈ ਜਦਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 86.19 ਫ਼ੀਸਦ ਹੈ। ਲੜਕੀਆਂ ਦੀ ਕਾਰਗੁਜ਼ਾਰੀ 5.96 ਫ਼ੀਸਦ ਬਿਹਤਰ ਰਹੀ ਹੈ। ਟ੍ਰਾਂਸਜੈਂਡਰਾਂ ਦੀ ਪਾਸ ਪ੍ਰਤੀਸ਼ਤਤਾ ਰਿਕਾਰਡ 66.67 ਫ਼ੀਸਦ ਦਰਜ ਕੀਤੀ ਗਈ ਹੈ।
ਪਿਛਲੇ ਵਰ੍ਹੇ ਦੇ ਮੁਕਾਬਲੇ ਕੁੱਲ ਪਾਸ ਪ੍ਰਤੀਸ਼ਤਤਾ 5.38 ਫ਼ੀਸਦ ਵੱਧ ਰਹੀ ਹੈ। ਪਿਛਲੇ ਵਰ੍ਹੇ 83.40 ਫ਼ੀਸਦ ਵਿਦਿਆਰਥੀਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ ਜਦਕਿ ਇਸ ਵਰ੍ਹੇ 88.78 ਫ਼ੀਸਦ ਵਿਦਿਆਰਥੀ ਪਾਸ ਹੋਏ ਹਨ। ਬਾਰ੍ਹਵੀਂ ਦੇ ਇਮਤਿਹਾਨਾਂ ਵਿੱਚ ਬੈਠੇ ਕੁੱਲ 11.92 ਲੱਖ ਵਿਦਿਆਰਥੀਆਂ ’ਚੋਂ 1.57 ਲੱਖ ਤੋਂ ਵੱਧ ਨੇ 90 ਫ਼ੀਸਦ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਜਦਕਿ 38 ਹਜ਼ਾਰ ਵਿਦਿਆਰਥੀਆਂ ਨੇ 95 ਫ਼ੀਸਦ ਤੋਂ ਵੱਧ ਅੰਕ ਹਾਸਲ ਕੀਤੇ ਹਨ। ਸਭ ਤੋਂ ਵੱਧ ਪਾਸ ਪ੍ਰਤੀਸ਼ਤਤਾ ਤ੍ਰਿਵੇਂਦਰਮ ਖ਼ੇਤਰ ਵਿੱਚ 97.67 ਫ਼ੀਸਦ ਦਰਜ ਕੀਤੀ ਗਈ ਹੈ ਜਦਕਿ ਪਟਨਾ ਖੇਤਰ ਵਿੱਚ ਸਭ ਤੋਂ ਘੱਟ 74.57 ਫ਼ੀਸਦ ਪਾਸ ਪ੍ਰਤੀਸ਼ਤਤਾ ਦਰਜ ਕੀਤੀ ਗਈ।
ਸੀਬੀਐੱਸਈ ਵਲੋਂ ਨਤੀਜਿਆਂ ਦਾ ਐਲਾਨ ਵਿਕਲਪਿਕ ਮੁਲਾਂਕਣ ਸਕੀਮ ਦੇ ਆਧਾਰ ’ਤੇ ਕੀਤਾ ਗਿਆ ਹੈ ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਕਈ ਖੇਤਰਾਂ ਵਿੱਚ ਪ੍ਰੀਖਿਆਵਾਂ ਰੱਦ ਕਰਨੀਆਂ ਪਈਆਂ ਸਨ। ਚਾਰ-ਨੁਕਾਤੀ ਮੁਲਾਂਕਣ ਸਕੀਮ ਰਾਹੀਂ ਵਿਦਿਆਰਥੀਆਂ ਨੂੰ ਊਨ੍ਹਾਂ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੇ ਵਿਸ਼ਿਆਂ ਦੇ ਆਧਾਰ ’ਤੇ ਬਾਕੀ ਬਚੇ ਵਿਸ਼ਿਆਂ ’ਚੋਂ ਨੰਬਰ ਦਿੱਤੇ ਗਏ ਹਨ। ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ 400 ਵਿਦਿਆਰਥੀਆਂ ਦੇ ਨਤੀਜਾ ਦਾ ਮੁਲਾਂਕਣ ਇਸ ਸਕੀਮ ਤਹਿਤ ਨਹੀਂ ਕੀਤਾ ਜਾ ਸਕਿਆ, ਜਿਸ ਕਾਰਨ ਊਨ੍ਹਾਂ ਦੇ ਨਤੀਜੇ ਬਾਅਦ ਵਿੱਚ ਐਲਾਨੇ ਜਾਣਗੇ।
ਬੋਰਡ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਜੋ ਵਿਦਿਆਰਥੀ ਮੁਲਾਂਕਣ ਸਕੀਮ ਦੇ ਆਧਾਰ ’ਤੇ ਐਲਾਨੇ ਨਤੀਜਿਆਂ ਤੋਂ ਸੰਤੁਸ਼ਟ ਨਹੀਂ ਹਨ ਅਤੇ ਆਪਣੀ ਕਾਰਗੁਜ਼ਾਰੀ ਸੁਧਾਰਨਾ ਚਾਹੁੰਦੇ ਹਨ, ਊਹ ਮੁੜ ਪ੍ਰੀਖਿਆ ਦੇ ਸਕਦੇ ਹਨ। ਕੋਵਿਡ-19 ਦੀ ਸਥਿਤੀ ਵਿੱਚ ਸੁਧਾਰ ਹੋਣ ਮਗਰੋਂ ਊਨ੍ਹਾਂ ਨੂੰ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ।