ਸੀਬੀਐੱਸਈ ਤੇ ਸੀਆਈਐੱਸਸੀਈ ਦੀ ਬਾਰ੍ਹਵੀਂ ਦੀ ਪ੍ਰੀਖਿਆ ਰੱਦ

ਨਵੀਂ ਦਿੱਲੀ, (ਸਮਾਜ ਵੀਕਲੀ): ਸਰਕਾਰ ਨੇ ਮੰਗਲਵਾਰ ਨੂੰ ਕਰੋਨਾ ਮਹਾਮਾਰੀ ਨੂੰ ਦੇਖਦਿਆਂ ਸੀਬੀਐੱਸਈ ਦੀ 12 ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤ ਵਿੱਚ ਲਿਆ ਗਿਆ ਹੈ ਅਤੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੀ ਚਿੰਤਾ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ।

ਇਹ ਫੈਸਲਾ ਸ੍ਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੀਬੀਐੱਸਈ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਨੂੰ ਇੱਕ ਨਿਰਧਾਰਤ ਮਾਪਦੰਡ ਅਨੁਸਾਰ ਸਮਾਂਬੱਧ ਤਰੀਕੇ ਵਿੱਚ ਤਿਆਰ ਕਰੇਗਾ।  ਮੀਟਿੰਗ ਬਾਅਦ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਭਾਰਤ ਸਰਕਾਰ ਨੇ ਬਾਰ੍ਹਵੀਂ ਜਮਾਤ ਦੀ ਸੀਬੀਐੱਸਈ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਵਿਆਪਕ ਵਿਚਾਰ ਵਟਾਂਦਰੇ ਤੋਂ ਬਾਅਦ ਅਸੀਂ ਇੱਕ ਅਜਿਹਾ ਫੈਸਲਾ ਲਿਆ ਹੈ ਜੋ ਵਿਦਿਆਰਥੀ-ਪੱਖੀ ਹੈ, ਜਿਹੜਾ ਸਾਡੇ ਨੌਜਵਾਨਾਂ ਦੀ ਸਿਹਤ ਅਤੇ ਭਵਿੱਖ ਦੀ ਰਾਖੀ ਕਰਦਾ ਹੈ।”

ਹਾਲਾਂਕਿ ਬੋਰਡ ਵੱਲੋਂ ਅਜੇ ਤੱਕ ਪ੍ਰੀਖਿਆ ਦੇ ਬਦਲਵੇਂ ਮੁਲਾਂਕਣ ਮਾਪਦੰਡਾਂ ਨੂੰ ਅੰਤਮ ਰੂਪ ਨਹੀਂ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ, ਇਸ ਦੇ 10 ਵੀਂ ਜਮਾਤ ਲਈ ਐਲਾਨੇ ਮਾਪਦੰਡ ਅਨੁਸਾਰ ਹੀ ਰਹਿਣ ਦੀ ਉਮੀਦ ਹੈ। ਜਿਸ ਵਿੱਚ ਸਾਲ ਦੌਰਾਨ ਵੱਖ ਵੱਖ ਟੈਸਟਾਂ ਅਤੇ ਪ੍ਰੀਖਿਆਵਾਂ ਵਿੱਚ ਵਿਦਿਆਰਥੀ ਦੀ ਕਾਰਗੁਜ਼ਾਰੀ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਜੇ ਕੁਝ ਵਿਦਿਆਰਥੀ ਪ੍ਰੀਖਿਆਵਾਂ ਦੀ ਇੱਛਾ ਰੱਖਦੇ ਹਨ ਤਾਂ ਸੀਬੀਐੱਸਈ ਵੱਲੋਂ ਮਾਹੌਲ ਢੁਕਵਾਂ ਹੋਣ ’ਤੇ ਉਨ੍ਹਾਂ ਨੂੰ ਅਜਿਹਾ ਮੌਕਾ ਮੁਹੱਈਆ ਕਰਵਾਇਆ ਜਾਵੇਗਾ।

ਇਹ ਪਹਿਲਾ ਮੌਕਾ ਹੈ ਜਦੋਂ ਸੀਬੀਐੱਸਈ ਨੇ ਉਸ ਵੱਲੋਂ ਲਈ ਜਾਣ ਵਾਲੀ ਬੋਰਡ ਦੀ ਪ੍ਰੀਖਿਆ ਪੂਰੀ ਤਰ੍ਹਾਂ ਰੱਦ ਕਰ ਦਿੱਤੀ ਹੈ। ਪਿਛਲੇ ਸਾਲ, ਪ੍ਰੀਖਿਆਵਾਂ ਚੱਲ ਰਹੀਆਂ ਸਨ ਜਦੋਂ ਕਰੋਨਾ ਨੂੰ ਦੇਖਦਿਆਂ ਮੁਲਕ ਵਿੱਚ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ ਅਤੇ ਰਹਿੰਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਅਤੇ ਸੁਰੱਖਿਆ ਬਹੁਤ ਮਹੱਤਵਪੂਰਨ ਹੈ ਅਤੇ ਇਸ ਪਹਿਲੂ ‘ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ।

ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਟਵੀਟ ਕੀਤਾ, “ਮੈਂ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਰੀਅਰ ਦੀ ਸ਼ੁੱਭ ਕਾਮਨਾਵਾਂ ਦਿੰਦਾ ਹਾਂ। ਮੈਂ ਮੋਦੀ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਕਰੀਅਰ ਨੂੰ ਸਭ ਤੋਂ ਵਧ ਅਹਿਮੀਅਤ ਨੂੰ ਦੁਹਰਾਉਣਾ ਚਾਹੁੰਦਾ ਹਾਂ। ਨਿਸ਼ੰਕ ਅੱਜ ਦਿਨ ਵਿੱਚ ਕਰੋਨਾ ਬਾਅਦ ਹੋਈਆਂ ਪ੍ਰੇਸ਼ਾਨੀਆਂ ਕਾਰਨ ਏਮਜ਼ ਵਿੱਚ ਭਰਤੀ ਹੋਏ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਕਾਂਗਰਸ ਦਾ ਸੰਕਟ: ਮੈਂ ਆਪਣੇ ਸਟੈਂਡ ’ਤੇ ਕਾਇਮ: ਸਿੱਧੂ
Next articleਕੇਜਰੀਵਾਲ ਵੱਲੋਂ ਕੇਂਦਰ ਨੂੰ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਕਰਨ ਦੀ ਅਪੀਲ