ਨਵੀਂ ਦਿੱਲੀ (ਸਮਾਜਵੀਕਲੀ): ਸੀਬੀਐੱਸਈ ਤੇ ਆਈਸੀਐੱਸਈ ਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪਹਿਲੀ ਜੁਲਾਈ ਤੋਂ ਲਈਆਂ ਜਾਣ ਵਾਲੀਆਂ ਬਕਾਇਆ ਬੋਰਡ ਪ੍ਰੀਖਿਅਾਵਾਂ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਰੱਦ ਕਰ ਦਿੱਤੀਆਂ ਹਨ। ਬੋਰਡਾਂ ਨੇ ਅੱਜ ਸੁਪਰੀਮ ਕੋਰਟ ਨੂੰ ਆਪਣੇ ਇਸ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਹੈ।
ਸੀਬੀਐੱਸਈ ਬੋਰਡ ਨੇ ਹਾਲਾਂਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਕਾਇਆ ਪ੍ਰੀਖਿਆਵਾਂ (ਕਰੋਨਾ ਮਹਾਮਾਰੀ ਕਰਕੇ ਬਣੇ) ਹਾਲਾਤ ਠੀਕ ਹੋਣ ਮਗਰੋਂ ਦੇਣ ਜਾਂ ਫਿਰ ਪਿਛਲੀਆਂ ਤਿੰਨ ਅੰਦਰੂਨੀ ਪ੍ਰੀਖਿਆਵਾਂ ਦੀ ਕਾਰਗੁਜ਼ਾਰੀ ਦੇ ਅਾਧਾਰ ’ਤੇ ਅੰਕ ਲੈਣ ਦਾ ਬਦਲ ਦਿੱਤਾ ਹੈ। ਮੁੜ ਪ੍ਰੀਖਿਆ ਦਾ ਬਦਲ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਹੀਂ ਹੋਵੇਗਾ। ਉਧਰ ਆਈਸੀਐੱਸਈ ਬੋਰਡ ਦੇ 10ਵੀਂ ਤੇ 12ਵੀਂ ਜਮਾਤ ਦੇ ਪ੍ਰੀਖਿਆਰਥੀਆਂ ਨੂੰ ਵੀ ਮੁੜ-ਪ੍ਰੀਖਿਆ ਦਾ ਬਦਲ ਨਹੀਂ ਮਿਲੇਗਾ।
ਕੇਂਦਰ ਸਰਕਾਰ ਤੇ ਸੀਬੀਐੱਸਈ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅੱਜ ਇਕ ਹਲਫ਼ਨਾਮੇ ਰਾਹੀਂ ਜਸਟਿਸ ਏ.ਐੱਮ.ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੂੰ ਇਸ ਫੈਸਲੇ ਬਾਰੇ ਸੂਚਿਤ ਕੀਤਾ। ਮਹਿਤਾ ਨੇ ਬੈਂਚ ਨੂੰ ਦੱਸਿਆ ਕਿ ਬੋਰਡ ਵੱਲੋਂ ਤਿਆਰ ਸਕੀਮ ਮੁਤਾਬਕ ਸਿਰਫ਼ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੀ ਮੁੜ ਪ੍ਰੀਖਿਆ ਜਾਂ ਪਿਛਲੀ ਕਾਰਗੁਜ਼ਾਰੀ ਦੇ ਅਧਾਰ ’ਤੇ ਅਸੈਸਮੈਂਟ ਦਾ ਬਦਲ ਮੁਹੱਈਆ ਕਰਵਾਇਆ ਗਿਆ ਹੈ।
ਸੀਬੀਐੱਸਈ ਨੇ ਕਿਹਾ ਕਿ ਹਾਲਾਤ ਸਾਜ਼ਗਾਰ ਹੋਣ ਮਗਰੋਂ ਹੀ ਮੁੜ-ਪ੍ਰੀਖਿਅਾਵਾਂ ਲਈਆਂ ਜਾਣਗੀਆਂ ਤੇ ਮੁੜ-ਪ੍ਰੀਖਿਆ ਦਾ ਬਦਲ 10ਵੀਂ ਜਮਾਤ ਦੇ ਪ੍ਰੀਖਿਆਰਥੀਆਂ ਨੂੰ ਨਹੀਂ ਮਿਲੇਗਾ। ਬੈਂਚ ਨੇ ਨਤੀਜਿਆਂ ਦੇ ਐਲਾਨ ਮਗਰੋਂ ਅਕਾਦਮਿਕ (ਵਿਦਿਅਕ) ਸਾਲ ਦੇ ਅਾਗਾਜ਼ ਬਾਰੇ ਸਪਸ਼ਟੀਕਰਨ ਮੰਗਿਆ ਤਾਂ ਸੀਬੀਐੱਸਈ ਨੇ ਕਿਹਾ ਕਿ ਨਤੀਜੇ ਮੱਧ-ਅਗਸਤ ਤਕ ਐਲਾਨੇ ਜਾ ਸਕਦੇ ਹਨ।
ਇਸ ਦੌਰਾਨ ਇੰਡੀਅਨ ਸਰਟੀਫਿਕੇਟ ਆਫ਼ ਸੈਕੰਡਰੀ ਐਜੂਕੇਸ਼ਨ (ਆਈਸੀਐੱਸਈ) ਨੇ ਜਸਟਿਸ ਦਿਨੇਸ਼ ਮਹੇਸ਼ਵਰੀ ਤੇ ਸੰਜੀਵ ਖੰਨਾ ਦੀ ਸ਼ਮੂਲੀਅਤ ਵਾਲੇ ਬੈਂਚ ਨੂੰ ਦੱਸਿਆ ਕਿ ਉਹ 10ਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੁੜ-ਪ੍ਰੀਖਿਆ ਦਾ ਬਦਲ ਨਹੀਂ ਦੇਵੇਗੀ ਤੇ ਨਤੀਜੇ ਪਿਛਲੀ ਕਾਰਗੁਜ਼ਾਰੀ ਦੇ ਅਧਾਰ ’ਤੇ ਐਲਾਨੇ ਜਾਣਗੇ।
ਸੁਪਰੀਮ ਕੋਰਟ ਨੇ ਸੀਬੀਐੱਸਈ ਨੂੰ ਕਿਹਾ ਕਿ ਉਹ ਵੱਖ ਵੱਖ ਰਾਜਾਂ ਵਿੱਚ ਕੋਵਿਡ-19 ਹਾਲਾਤ ਨੂੰ ਧਿਆਨ ’ਚ ਰੱਖਦਿਆਂ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਅਾਵਾਂ ਨਾਲ ਜੁੜੇ ਮੁੱਦੇ ਬਾਰੇ ਨਵਾਂ ਨੋਟੀਫਿਕੇਸ਼ਨ ਜਾਰੀ ਕਰੇ, ਜਿਸ ਵਿੱਚ ਮੁੜ-ਪ੍ਰੀਖਿਆ ਦੇ ਬਦਲ ਤੇ ਅੰਦਰੂਨੀ ਅਸੈਸਮੈਂਟ, ਨਤੀਜਿਆਂ ਦੀ ਤਰੀਕ ਤੇ ਮੁੜ-ਪ੍ਰੀਖਿਆ ਦੀ ਸਥਿਤੀ ਬਾਰੇ ਜਾਣਕਾਰੀ ਹੋਵੇ। ਬੈਂਚ ਨੇ ਕਿਹਾ, ‘ਤੁਸੀਂ ਇਹ ਕਿਹਾ ਹੈ ਕਿ ਹਾਲਾਤ ਸਾਜ਼ਗਾਰ ਹੋਣ ’ਤੇ ਪ੍ਰੀਖਿਆਵਾਂ ਲਈਆਂ ਜਾਣਗੀਆਂ।
ਪਰ ਸੂਬਿਆਂ ’ਚ ਵੱਖੋ-ਵੱਖਰੇ ਹਾਲਾਤ ਹਨ….ਕੀ ਫੈਸਲਾ ਕੇਂਦਰੀ ਅਥਾਰਿਟੀ ਲਏਗੀ ਜਾਂ ਫਿਰ ਸੂਬੇ ਇਸ ਬਾਰੇ ਫੈਸਲਾ ਲੈਣਗੇ। ਤੁਸੀਂ ਇਸ ਸਥਿਤੀ ਨਾਲ ਕਿਵੇਂ ਨਜਿੱਠੋਗੇ।’ ਇਸ ’ਤੇ ਤੁਸ਼ਾਰ ਮਹਿਤਾ ਨੇ ਕਿਹਾ ਕਿ ਨੋਟੀਫਿਕੇਸ਼ਨ ਭਲਕ ਤਕ ਜਾਰੀ ਕਰ ਦਿੱਤਾ ਜਾਵੇਗਾ। ਉਂਜ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੂੰ ਦਿੱਲੀ, ਮਹਾਰਾਸ਼ਟਰ ਤੇ ਤਾਮਿਲ ਨਾਡੂ ਵੱਲੋਂ ਬੋਰਡ ਪ੍ਰੀਖਿਆਵਾਂ ਲੈਣ ਤੋਂ ਜਤਾਈ ਅਸਮਰੱਥਾ ਬਾਰੇ ਵੀ ਸੂਚਿਤ ਕੀਤਾ ਗਿਆ।
ਕਾਬਿਲੇਗੌਰ ਹੈ ਕਿ ਸੀਬੀਐੱਸਈ 12ਵੀਂ ਜਮਾਤ ਦੀਆਂ 15 ਫਰਵਰੀ ਤੋਂ ਸ਼ੁਰੂ ਹੋਈਆਂ ਬੋਰਡ ਪ੍ਰੀਖਿਆਵਾਂ 3 ਅਪਰੈਲ ਨੂੰ ਮੁਕੰਮਲ ਹੋਣੀਆਂ ਸਨ ਜਦੋਂਕਿ ਦਸਵੀਂ ਦੀਆਂ ਪ੍ਰੀਖਿਆਵਾਂ 21 ਫਰਵਰੀ ਨੂੰ ਸ਼ੁਰੂ ਹੋ ਕੇ 29 ਮਾਰਚ ਨੂੰ ਖ਼ਤਮ ਹੋਣੀਆਂ ਸਨ। ਪਰ ਕਰੋਨਾਵਾਇਰਸ ਮਹਾਮਾਰੀ ਨੂੰ ਠੱਲ੍ਹਣ ਲਈ 25 ਮਾਰਚ ਨੂੰ ਆਇਦ ਦੇਸ਼ਵਿਆਪੀ ਲੌਕਡਾਊਨ ਕਰਕੇ ਦਸਵੀਂ ਤੇ 12ਵੀਂ ਦੇ ਕੁਝ ਵਿਸ਼ਿਆਂ ਦੀਆਂ ਪ੍ਰੀਖਿਅਾਵਾਂ ਨਹੀਂ ਹੋ ਸਕੀਆਂ ਸਨ।
ਬਕਾਇਆ ਪ੍ਰੀਖਿਆ ਹੁਣ 1 ਜੁਲਾਈ ਤੋਂ 13 ਜੁਲਾਈ ਤਕ ਲਈਆਂ ਜਾਣੀਆਂ ਸਨ, ਪਰ ਕੋਵਿਡ-19 ਦੇ ਵਧਦੇ ਕੇਸਾਂ ਕਰਕੇ ਵਿਦਿਆਰਥੀਆਂ ਦੇ ਮਾਪਿਆਂ ਸਮੇਤ ਕੁਝ ਹੋਰਨਾਂ ਨੇ ਵੱਖ ਵੱਖ ਪਟੀਸ਼ਨਾਂ ਦਾਖ਼ਲ ਕਰਕੇ ਪ੍ਰੀਖਿਅਾਵਾਂ ਰੱਦ ਕਰਨ ਤੇ ਪਿਛਲੀ ਕਾਰਗੁਜ਼ਾਰੀ ਦੇ ਅਧਾਰ ’ਤੇ ਨਤੀਜੇ ਐਲਾਨਣ ਆਦਿ ਦੀ ਮੰਗ ਕੀਤੀ ਸੀ।