ਨਵੀਂ ਦਿੱਲੀ (ਸਮਾਜ ਵੀਕਲੀ): ਸੀਬੀਆਈ ਤੇ ਵਿਜੀਲੈਂਸ ਵਿਭਾਗ ਵੱਲੋਂ ਅੱਜ ਸਾਂਝੀ ਵਿਸ਼ੇਸ਼ ਮੁਹਿੰਮ ਤਹਿਤ 25 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 300 ਸਰਕਾਰੀ ਦਫ਼ਤਰਾਂ ’ਚ ਛਾਪੇ ਮਾਰੇ ਗਏ ਹਨ। ਏਜੰਸੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਰੇਲਵੇ, ਐੱਫਸੀਆਈ, ਸੀਐੱਸਡੀ, ਗੁਦਾਮ, ਆਈਆਈਟੀਐੱਮ, ਨਵੀਂ ਦਿੱਲੀ ਨਗਰ ਨਿਗਮ ਤੇ ਉੱਤਰੀ ਐੱਮਐੱਸਡੀ ਅਤੇ ਹੋਰਨਾਂ ਦਫਤਰਾਂ ’ਚ ਛਾਪੇ ਮਾਰੇ ਹਨ।
ਸੀਬੀਆਈ ਦੇ ਬੁਲਾਰੇ ਆਰਸੀ ਜੋਸ਼ੀ ਨੇ ਦੱਸਿਆ ਕਿ ਇਨ੍ਹਾਂ ਛਾਪਿਆਂ ਦੌਰਾਨ ਸਰਕਾਰੀ ਦਫ਼ਤਰਾਂ ਦੇ ਰਿਕਾਰਡ ਦੀ ਜਾਂਚ ਕੀਤੀ ਗਈ ਹੈ। ਇਸੇ ਦੌਰਾਨ ਆਮਦਨ ਕਰ ਵਿਭਾਗ ਵੱਲੋਂ ਚੋਣ ਆਧਾਰਿਤ ਸੂਬੇ ਤਾਮਿਲ ਨਾਡੂ ’ਚ ਵੱਖ ਵੱਖ ਥਾਵਾਂ ’ਤੇ ਮਾਰੇ ਗਏ ਛਾਪਿਆਂ ਦੌਰਾਨ 16 ਕਰੋੜ ਰੁਪਏ ਦੀ ਨਕਦੀ ਤੇ ਤਕਰੀਬਨ 80 ਕਰੋੜ ਰੁਪਏ ਦਾ ਕਾਲਾ ਧਨ ਬਰਾਮਦ ਕੀਤਾ ਗਿਆ ਹੈ। ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ (ਸੀਬੀਡੀਟੀ) ਨੇ ਦੱਸਿਆ ਕਿ ਆਮਦਨ ਕਰ ਵਿਭਾਗ ਵੱਲੋਂ ਤਾਮਿਲ ਨਾਡੂ ਤੇ ਪੁੱਡੂਚੇਰੀ ’ਚ ਵਿਧਾਨ ਸਭਾ ਚੋਣਾਂ ਦੌਰਾਨ ਪੈਸਿਆਂ ਦੀ ਦੁਰਵਰਤੋਂ ਰੋਕਣ ਲਈ ਇਹ ਕਾਰਵਾਈ ਕੀਤੀ ਜਾ ਰਹੀ ਹੈ।