- ਮਤਾ ਬੈਨਰਜੀ ਨੇ ਆਗੂਆਂ ਦੀ ਰਿਹਾਈ ਲਈ ਸੀਬੀਆਈ ਦੇ ਦਫ਼ਤਰ ਬਾਹਰ ਦਿੱਤਾ ਸੀ ਧਰਨਾ
- ਸ਼ੁਵੇਂਦੂ ਅਧਿਕਾਰੀ ਤੇ ਮੁਕੁਲ ਰੌਏ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਉੱਠੇ ਸੁਆਲ
ਕੋਲਕਾਤਾ/ਨਵੀਂ ਦਿੱਲੀ (ਸਮਾਜ ਵੀਕਲੀ): ਨਾਰਦਾ ਸਟਿੰਗ ਮਾਮਲੇ ’ਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਤ੍ਰਿਣਮੂਲ ਕਾਂਗਰਸ ਦੇ ਤਿੰਨ ਵਿਧਾਇਕਾਂ ਤੇ ਪਾਰਟੀ ਦੇ ਇੱਕ ਸਾਬਕਾ ਨੇਤਾ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਪੱਛਮੀ ਬੰਗਾਲ ’ਚ ਸਿਆਸੀ ਮਾਹੌਲ ਭਖ਼ ਗਿਆ। ਪਾਰਟੀ ਆਗੂਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਰੋਹ ’ਚ ਆਏ ਪਾਰਟੀ ਵਰਕਰਾਂ ਨੇ ਸੂਬੇ ਭਰ ’ਚ ਸੀਬੀਆਈ ਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ ਅਤੇ ਪਾਰਟੀ ਮੁਖੀ ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਾਰਟੀ ਦੇ ਹੋਰ ਸਮਰਥਕਾਂ ਸਮੇਤ ਨਿਜ਼ਾਮ ਪੈਲੇਸ ਸਥਿਤ ਸੀਬੀਆਈ ਦੇ ਦਫ਼ਤਰ ਪਹੁੰਚ ਕੇ ਧਰਨਾ ਦੇ ਦਿੱਤਾ ਤੇ ਪਾਰਟੀ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮਗਰੋਂ ਦੇਰ ਸ਼ਾਮ ਸੀਬੀਆਈ ਵੱਲੋਂ ਚਾਰਾਂ ਆਗੂਆਂ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਪਰ ਇਸ ਤੋਂ ਬਾਅਦ ਦੇਰ ਰਾਤ ਕਲਕੱਤਾ ਹਾਈ ਕੋਰਟ ਵੱਲੋਂ ਇਹ ਜ਼ਮਾਨਤ ਰੱਦ ਕਰ ਦਿੱਤੀ ਗਈ।
ਇਸੇ ਦੌਰਾਨ ਟੀਐੱਮਸੀ ਆਗੂਆਂ ਨੇ ਦੋਸ਼ ਲਾਇਆ ਕਿ ਇਸ ਮਾਮਲੇ ’ਚ ਟੀਐੱਮਸੀ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸ਼ੁਵੇਂਦੂ ਅਧਿਕਾਰੀ ਤੇ ਮੁਕੁਲ ਰੌਇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਉਨ੍ਹਾਂ ਦੋਵਾਂ ਦੇ ਨਾਂ ਵੀ ਇਸ ਮਾਮਲੇ ’ਚ ਸਾਹਮਣੇ ਆਏ ਸਨ। ਕੇਂਦਰੀ ਜਾਂਚ ਏਜੰਸੀ ਨੇ ਇਸ ਮਾਮਲੇ ’ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਫਰਹਾਦ ਹਕੀਮ, ਸੁਬ੍ਰਤ ਮੁਖਰਜੀ ਤੇ ਮਦਨ ਮਿੱਤਰਾ ਦੇ ਨਾਲ ਪਾਰਟੀ ਦੇ ਸਾਬਕਾ ਆਗੂ ਸੋਵਨ ਚੈਟਰਜੀ ਨੂੰ ਅੱਜ ਸਵੇਰੇ ਕੋਲਕਾਤਾ ਤੋਂ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਇਹ ਚਾਰੋਂ ਨੇਤਾ 2014 ’ਚ ਕਥਿਤ ਅਪਰਾਧ ਦੌਰਾਨ ਮੰਤਰੀ ਸਨ।
ਆਈਪੀਐੱਸ ਅਧਿਕਾਰੀ ਐੱਸਐੱਮਐੱਚ ਮੀਰਜ਼ਾ ਇਸ ਮਾਮਲੇ ’ਚ ਪੰਜਵੇਂ ਮੁਲਜ਼ਮ ਹਨ ਅਤੇ ਫਿਲਹਾਲ ਜ਼ਮਾਨਤ ’ਤੇ ਹਨ। ਦਿੱਲੀ ’ਚ ਸੀਬੀਆਈ ਦੇ ਬੁਲਾਰੇ ਆਰਸੀ ਜੋਸ਼ੀ ਨੇ ਕਿਹਾ, ‘ਸੀਬੀਆਈ ਨੇ ਪੱਛਮੀ ਬੰਗਾਲ ਸਰਕਾਰ ’ਚ ਮੰਤਰੀ ਰਹੇ ਚਾਰ (ਸਾਬਕਾ) ਮੰਤਰੀਆਂ ਨੂੰ ਨਾਰਦਾ ਸਟਿੰਗ ਆਪਰੇਸ਼ਨ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਇਨ੍ਹਾਂ ਲੋਕ ਆਗੂਆਂ ਨੂੰ ਸਟਿੰਗ ਆਪਰੇਸ਼ਨ ਦੌਰਾਨ ਕੈਮਰੇ ’ਤੇ ਗ਼ੈਰਕਾਨੂੰਨੀ ਢੰਗ ਨਾਲ ਪੈਸੇ ਲੈਂਦਿਆਂ ਫੜਿਆ ਗਿਆ ਸੀ।’ ਸੀਬੀਆਈ ਨੇ ਹਕੀਮ, ਮੁਖਰਜੀ, ਮਿੱਤਰਾ ਤੇ ਚੈਟਰਜੀ ਖ਼ਿਲਾਫ਼ ਕੇਸ ਚਲਾਉਣ ਦੀ ਮਨਜ਼ੂਰੀ ਲਈ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨਾਲ ਸੰਪਰਕ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਧਨਖੜ ਨੇ ਸੱਤ ਮਈ ਨੂੰ ਚਾਰਾਂ ਆਗੂਆਂ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ ਸੀ ਜਿਸ ਤੋਂ ਬਾਅਦ ਸੀਬੀਆਈ ਨੇ ਆਪਣੇ ਦੋਸ਼ ਪੱਤਰ ਨੂੰ ਅੰਤਿਮ ਰੂਪ ਦਿੱਤਾ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਸੀਬੀਆਈ ਵੱਲੋਂ ਟੀਐੱਮਸੀ ਆਗੂਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੋਲਕਾਤਾ ਦੇ ਨਿਜ਼ਾਮ ਪੈਲੇਸ ਸਥਿਤ ਸੀਬੀਆਈ ਦੇ ਦਫ਼ਤਰ ਪਹੁੰਚੀ ਅਤੇ ਟੀਐੱਮਸੀ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਸੀਬੀਆਈ ਦੇ ਸੂਤਰਾਂ ਨੇ ਦੱਸਿਆ ਕਿ ਬੈਨਰਜੀ ਦੀ ਕਾਰਵਾਈ ਕਲਕੱਤਾ ਹਾਈ ਕੋਰਟ ਦੇ ਫ਼ੈਸਲੇ ’ਚ ਦਖਲ ਦੇ ਬਰਾਬਰ ਹੈ ਜਿਸ ਨੇ ਇਸ ਮਾਮਲੇ ਦੀ ਜਾਂਚ ਦਾ ਜ਼ਿੰਮਾ ਸੀਬੀਆਈ ਨੂੰ ਸੌਂਪਿਆ ਹੈ।
ਨਾਰਦਾ ਟੀਵੀ ਨਿਊਜ਼ ਚੈਨਲ ਦੇ ਮੈਥਿਊ ਸੈਮੁਅਲ ਨੇ 2014 ’ਚ ਕਥਿਤ ਸਟਿੰਗ ਆਪਰੇਸ਼ਨ ਕੀਤਾ ਸੀ ਜਿਸ ’ਚ ਤ੍ਰਿਣਮੂਲ ਕਾਂਗਰਸ ਦੇ ਮੰਤਰੀ, ਸੰਸਦ ਮੈਂਬਰ ਤੇ ਵਿਧਾਇਕ ਲਾਭ ਬਦਲੇ ਕੰਪਨੀ ਦੇ ਪ੍ਰਤੀਨਿਧੀਆਂ ਤੋਂ ਕਥਿਤ ਤੌਰ ’ਤੇ ਪੈਸੇ ਲੈਂਦੇ ਨਜ਼ਰ ਆਏ। ਇਸੇ ਦੌਰਾਨ ਸੂਬੇ ਦੀ ਮੰਤਰੀ ਤੇ ਪੱਛਮੀ ਬੰਗਾਲ ਮਹਿਲਾ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਚੰਦਰਿਮਾ ਭੱਟਾਚਾਰੀਆ ਨੇ ਪਾਰਟੀ ਵੱਲੋਂ ਕੋਲਕਾਤਾ ਦੇ ਪੁਲੀਸ ਕਮਿਸ਼ਨਰ ਸੌਮਿਨ ਮਿੱਤਰਾ ਨੂੰ ਪੱਤਰ ਲਿਖ ਕੇ ਸੀਬੀਆਈ ਦੇ ਅਧਿਕਾਰੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਨੂੰ ਕਿਹਾ ਹੈ।
eਮੁੱਖ ਮੰਤਰੀ ਤੋਂ ਇਲਾਵਾ ਚੈਟਰਜੀ ਦੀ ਪਤਨੀ ਦੇ ਮੌਜੂਦਾ ਟੀਐੱਮਸੀ ਵਿਧਾਇਕ ਰਤਨਾ, ਹਕੀਮ ਦੀ ਧੀ ਅਤੇ ਟੀਐੱਮਸੀ ਦੇ ਹੋਰ ਆਗੂ ਵੀ ਮੌਕੇ ’ਤੇ ਪਹੁੰਚੇ।ਇਸ ਮਗਰੋਂ ਦੇਰ ਸ਼ਾਮ ਟੀਐੱਮਸੀ ਦੇ ਗ੍ਰਿਫ਼ਤਾਰ ਕੀਤੇ ਚਾਰੇ ਆਗੂਆਂ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਪਰ ਦੇਰ ਰਾਤ ਸੀਬੀਆਈ ਨੇ ਕਲਕੱਤਾ ਹਾਈ ਕੋਰਟ ’ਚ ਪਹੁੰਚ ਕੀਤੀ ਜਿਸ ਮਗਰੋਂ ਹਾਈ ਕੋਰਟ ਨੇ ਚਾਰਾਂ ਆਗੂਆਂ ਦੀ ਜ਼ਮਾਨਤ ’ਤੇ ਰੋਕ ਲਗਾ ਦਿੱਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly