ਸੀਬੀਆਈ ਰੇੜਕਾ: ਡੋਵਾਲ, ਸੀਵੀਸੀ ਤੇ ਮੰਤਰੀ ਦਾ ਨਾਂ ਆਇਆ

ਸੀਬੀਆਈ ਵਿੱਚ ਜਾਰੀ ਰੇੜਕਾ ਅੱਜ ਉਦੋਂ ਹੋਰ ਗੁੰਝਲਦਾਰ ਹੋ ਗਿਆ ਜਦੋਂ ਕੇਂਦਰੀ ਜਾਂਚ ਏਜੰਸੀ ਦੇ ਇਕ ਸੀਨੀਅਰ ਅਧਿਕਾਰੀ ਨੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਕੇਂਦਰੀ ਮੰਤਰੀ ਹਰੀਭਾਈ ਪਾਰਥੀਭਾਈ ਚੌਧਰੀ ਅਤੇ ਕੇਂਦਰੀ ਵਿਜੀਲੈਂਸ ਕਮਿਸ਼ਨਰ ਕੇ.ਵੀ. ਚੌਧਰੀ ਉੱਤੇ ਸੀਬੀਆਈ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਖ਼ਿਲਾਫ਼ ਜਾਰੀ ਜਾਂਚ ਵਿੱਚ ਦਖ਼ਲ ਦੇ ਦੋਸ਼ ਲਾਏ। ਅਸਥਾਨਾ ਖਿਲਾਫ਼ ਜਾਂਚ ਸਮੇਤ ਨੀਰਵ ਮੋਦੀ ਦੀ ਸ਼ਮੂਲੀਅਤ ਵਾਲੇ ਪੀਐਨਬੀ ਘੁਟਾਲੇ ਦੀ ਜਾਂਚ ਨਾਲ ਜੁੜੇ ਸੀਬੀਆਈ ਦੇ ਡੀਆਈਜੀ ਮਨੀਸ਼ ਕੁਮਾਰ ਸਿਨਹਾ, ਜਿਨ੍ਹਾਂ ਨੂੰ ਨਾਗਪੁਰ ’ਚ ਤਬਦੀਲ ਕਰ ਦਿਤਾ ਗਿਆ ਸੀ, ਨੇ ਅੱਜ ਸੁਪਰੀਮ ਕੋਰਟ ’ਚ ਦਾਇਰ ਹਲਫ਼ਨਾਮੇ ’ਚ ਦਾਅਵਾ ਕੀਤਾ ਕਿ ਕਾਨੂੰਨ ਸਕੱਤਰ ਸੁਰੇਸ਼ ਚੰਦਰਾ ਨੇ ਅਸਥਾਨਾ ਮਾਮਲੇ ’ਚ ਸ਼ਿਕਾਇਤਕਰਤਾ ਤੇ ਕਾਰੋਬਾਰੀ ਸਤੀਸ਼ ਕੁਮਾਰ ਸਨਾ ਨੂੰ ਇਸ ਮਾਮਲੇ ’ਚ ਸਰਕਾਰ ਵੱਲੋਂ ‘ਪੂਰੀ ਸੁਰੱਖਿਆ ਦੇਣ’ ਦੀ ਪੇਸ਼ਕਸ਼ ਕੀਤੀ ਸੀ। ਇਨ੍ਹਾਂ ਦੋਸ਼ਾਂ ਬਾਰੇ ਪੱਖ ਜਾਣਨ ਲਈ ਭਾਵੇਂ ਕੌਮੀ ਸੁਰੱਖਿਆ ਸਲਾਹਕਾਰ, ਸੀਵੀਸੀ ਤੇ ਕੇਂਦਰੀ ਮੰਤਰੀ ਨਾਲ ਸੰਪਰਕ ਨਹੀਂ ਹੋ ਸਕਿਆ, ਪਰ ਸ੍ਰੀ ਚੰਦਰਾ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸਨਾ ਨੂੰ ਨਹੀਂ ਜਾਣਦੇ।
ਇਸ ਤੋਂ ਪਹਿਲਾਂ ਸ੍ਰੀ ਸਿਨਹਾ ਨੇ ਸਿਖਰਲੀ ਅਦਾਲਤ ’ਚ ਹਲਫ਼ਨਾਮਾ ਦਾਇਰ ਕਰਦਿਆਂ ਦਾਅਵਾ ਕੀਤਾ ਕਿ ਉਸ ਨੂੰ ਅਸਥਾਨਾ ਮਾਮਲੇ ਦੀ ਜਾਂਚ ਕਰ ਰਹੀ ਟੀਮ ’ਚੋਂ ਲਾਂਭੇ ਕਰਨ ਲਈ ਹੀ ਨਾਗਪੁਰ ਤਬਦੀਲ ਕੀਤਾ ਗਿਆ ਸੀ। ਸਿਨਹਾ ਨੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੂੰ ਇਸ ਮਾਮਲੇ ਦੀ ਭਲਕੇ ਸੀਬੀਆਈ ਡਾਇਰੈਕਟਰ ਆਲੋਕ ਕੁਮਾਰ ਵਰਮਾ ਦੀ ਅਪੀਲ ਦੇ ਨਾਲ ਹੀ ਫ਼ੌਰੀ ਸੁਣਵਾਈ ਕੀਤੇ ਜਾਣ ਦੀ ਅਪੀਲ ਕੀਤੀ। ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਵੱਲੋਂ ਭਲਕੇ ਮੰਗਲਵਾਰ ਨੂੰ ਵਰਮਾ ਦੀ ਉਸ ਨੂੰ ਅਹੁਦੇ ਤੋਂ ਜਬਰੀ ਲਾਂਭੇ ਕੀਤੇ ਜਾਣ ਨੂੰ ਚੁਣੌਤੀ ਦਿੰਦੀ ਅਪੀਲ ’ਤੇ ਸੁਣਵਾਈ ਕੀਤੀ ਜਾਣੀ ਹੈ।
ਉਧਰ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਸੀਬੀਆਈ ਅਧਿਕਾਰੀ ਵੱਲੋਂ ਕੀਤੇ ਸੱਜਰੇ ਦਾਅਵੇ ਦੀ ਨਿਰਪੱਖ ਜਾਂਚ ਕਰਾਏ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਇਸ ਮਸਲੇ ਨੂੰ ਸੰਸਦ ਵਿੱਚ ਵੀ ਉਠਾਉਣਗੇ।

Previous articleਬੇਅਦਬੀ ਕਾਂਡ: ਸੁਖਬੀਰ ਨੇ ਸਿੱਟ ਸਾਹਮਣੇ ਪੱਲਾ ਝਾੜਿਆ
Next articleਵਰਮਾ ਵੱਲੋਂ ਸੁਪਰੀਮ ਕੋਰਟ ’ਚ ਜਵਾਬ ਦਾਖ਼ਲ