ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਹੈ ਕਿ ਸੀਬੀਆਈ ਨੇ ਭਗੌੜੇ ਵਿਜੈ ਮਾਲਿਆ ਨੂੰ ਇੰਗਲੈਂਡ ਭੱਜਣ ’ਚ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਸੀਬੀਆਈ ‘ਰੋਕ ਕੇ ਰੱਖਣ’ (ਡਿਟੇਨ) ਦੇ ਨੋਟਿਸ ਨੂੰ ‘ਸੂਚਨਾ ਦੇਣ’ (ਇਨਫਾਰਮ) ’ਚ ਬਦਲ ਕੇ ਮਾਲਿਆ ਨੂੰ ਮੁਲਕ ’ਚੋਂ ਭਜਾਉਣ ’ਚ ਸਹਾਈ ਬਣੀ। ਕਾਂਗਰਸ ਪ੍ਰਧਾਨ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਵਾਨਗੀ ਤੋਂ ਬਿਨਾਂ ਅਜਿਹਾ ਹੋਣਾ ਸਮਝ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਮਾਲਿਆ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਸੀ ਕਿ ਉਸ ਨੇ ਇੰਗਲੈਂਡ ਆਉਣ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਸੀ। ਇਸ ਮਗਰੋਂ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਦੂਸ਼ਣਬਾਜ਼ੀ ਸ਼ੁਰੂ ਹੋ ਗਈ ਸੀ। ਸ੍ਰੀ ਗਾਂਧੀ ਨੇ ਟਵੀਟ ਕਰਕੇ ਕਿਹਾ,‘‘ਮਾਲਿਆ ਨੂੰ ਭਜਾਉਣ ’ਚ ਸੀਬੀਆਈ ਨੇ ਖਾਮੋਸ਼ੀ ਨਾਲ ਸਹਾਇਤਾ ਕੀਤੀ। ਸੀਬੀਆਈ ਸਿੱਧੇ ਪ੍ਰਧਾਨ ਮੰਤਰੀ ਅਧੀਨ ਆਉਂਦੀ ਹੈ। ਇਹ ਸਮਝ ਤੋਂ ਬਾਹਰ ਹੈ ਕਿ ਸੀਬੀਆਈ ਅਜਿਹੇ ਅਹਿਮ ਕੇਸ ਅਤੇ ਵਿਵਾਦਤ ਕੇਸ ’ਚ ਪ੍ਰਧਾਨ ਮੰਤਰੀ ਦੀ ਪ੍ਰਵਾਨਗੀ ਤੋਂ ਬਿਲਾਂ ਲੁੱਕਆਊਟ ਨੋਟਿਸ ਨੂੰ ਬਦਲ ਦੇਵੇਗੀ।’’ ਕਾਂਗਰਸ ਪ੍ਰਧਾਨ ਨੇ ਵੀਰਵਾਰ ਨੂੰ ਸ੍ਰੀ ਜੇਤਲੀ ’ਤੇ ਦੋਸ਼ ਲਾਇਆ ਸੀ ਕਿ ਉਹ ਮਾਲਿਆ ਨੂੰ ਲੰਡਨ ਭਜਾਉਣ ਲਈ ਦਿੱਤੇ ‘ਖੁੱਲ੍ਹੇ ਰਾਹ’ ਬਾਰੇ ਝੂਠ ਬੋਲ ਰਹੇ ਹਨ ਜਦਕਿ ਹਾਕਮ ਧਿਰ ਨੇ ਦਾਅਵਾ ਕੀਤਾ ਸੀ ਕਿ ਗਾਂਧੀ ਪਰਿਵਾਰ ਨੇ ਡੁੱਬਦੀ ਕਿੰਗਫਿਸ਼ਰ ਏਅਰਲਾਈਨਜ਼ ਨੂੰ ਬਚਾਉਣ ਲਈ ਉਸ ਨਾਲ ਸੌਦਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਭਾਜਪਾ ਦੇ ਮੀਡੀਆ ਹੈੱਡ ਅਨਿਲ ਬਲੂਨੀ ਨੇ ਯੂਪੀਏ ਸਰਕਾਰ ਵੱਲੋਂ ਮਾਲਿਆ ਨੂੰ ਦਿੱਤੀ ਗਈ ਸਹਾਇਤਾ ਸਬੰਧੀ ਅੱਠ ਸਵਾਲ ਦਾਗ਼ੇ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਭਗੌੜੇ ਮਾਲਿਆ ਨੂੰ ਬੈਂਕਾਂ ਤੋਂ ਕਰਜ਼ੇ ਦਿਵਾਉਣ ਦੇ ਬਦਲੇ ਉਸ ਦੀ ਏਅਰਲਾਈਨਜ਼ ’ਚ ਮੁਫ਼ਤ ਸਫ਼ਰ ਕਰਦੇ ਸਨ।