ਸ਼ੋਏਬ ਅਖ਼ਤਰ ਨੇ ਆਪਣੇ ਸਾਬਕਾ ਸਾਥੀ ਸ਼ਾਹਿਦ ਅਫਰੀਦੀ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਇਸ ਸਾਬਕਾ ਹਰਫ਼ਨਮੌਲਾ ਨਾਲ ਕੁੱਝ ਸੀਨੀਅਰ ਖਿਡਾਰੀਆਂ ਵੱਲੋਂ ਕਾਫ਼ੀ ਬੁਰਾ ਵਿਹਾਰ ਕਰਨ ਦਾ ਗਵਾਹ ਰਿਹਾ ਹੈ। ਅਫਰੀਦੀ ਨੇ ਆਪਣੀ ਸਵੈ-ਜੀਵਨੀ ‘ਗੇਮ ਚੇਂਜਰ’ ਵਿੱਚ ਦਾਅਵਾ ਕੀਤਾ ਹੈ ਕਿ ਜਦੋਂ ਉਹ ਖੇਡਿਆ ਕਰਦਾ ਸੀ ਤਾਂ ਕੁੱਝ ਸੀਨੀਅਰ ਖਿਡਾਰੀਆਂ ਨੇ ਉਸ ਨਾਲ ਬੁਰਾ ਵਿਹਾਰ ਕੀਤਾ। ਇਸ ਸਬੰਧੀ ਉਸ ਨੇ ਸਾਬਕਾ ਕੋਚ ਜਾਵੇਦ ਮਿਆਂਦਾਦ ਦੀ ਉਦਾਹਰਣ ਦਿੱਤੀ। ਸ਼ੋਏਬ ਅਨੁਸਾਰ, ਉਸ ਨੇ 1999 ਵਿੱਚ ਭਾਰਤ ਖ਼ਿਲਾਫ਼ ਚੇਨੱਈ ਟੈਸਟ ਮੈਚ ਦੌਰਾਨ ਅਭਿਆਸ ਸੈਸ਼ਨ ਮੌਕੇ ਅਫਰੀਦੀ ਨੂੰ ਨੈੱਟ ’ਤੇ ਬੱਲੇਬਾਜ਼ੀ ਨਹੀਂ ਕਰਨ ਦਿੱਤੀ ਸੀ। ਅਖ਼ਤਰ ਨੇ ਇੱਕ ਟੀਵੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ, ‘‘ਮੇਰਾ ਖ਼ਿਆਲ ਹੈ ਕਿ ਸ਼ਾਹਿਦ ਅਫਰੀਦੀ ਨਾਲ ਸੀਨੀਅਰ ਖਿਡਾਰੀਆਂ ਵੱਲੋਂ ਕੀਤੇ ਗਏ ਬੁਰੇ ਵਿਹਾਰ ਬਾਰੇ ਉਸ ਨੇ ਘੱਟ ਲਿਖਿਆ ਹੈ। ਮੈਂ ਇਨ੍ਹਾਂ ਵਿੱਚ ਕੁੱਝ ਘਟਨਾਵਾਂ ਆਪਣੇ ਅੱਖੀਂ ਵੇਖੀਆਂ ਹਨ ਅਤੇ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।’’ ਉਸ ਨੇ ਦਾਅਵਾ ਕੀਤਾ ਕਿ ਇਨ੍ਹਾਂ ਵਿੱਚੋਂ ਦਸ ਖਿਡਾਰੀਆਂ ਨੇ ਬਾਅਦ ਵਿੱਚ ਅਫਰੀਦੀ ਤੋਂ ਮੁਆਫ਼ੀ ਵੀ ਮੰਗੀ ਸੀ।
Sports ਸੀਨੀਅਰ ਖਿਡਾਰੀਆਂ ਨੇ ਅਫਰੀਦੀ ਨਾਲ ਬੁਰਾ ਵਿਹਾਰ ਕੀਤਾ: ਸ਼ੋਏਬ