ਐਡਵੋਕੇਟ ਵਿਜੇ ਕੁਮਾਰ ਗੁਪਤਾ ਨੌਜਵਾਨ ਵਕੀਲਾਂ ਲਈ ਸਨ ਚਾਨਣ ਮੁਨਾਰਾ -ਐਡਵੋਕੇਟ ਮੋਮੀ
ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)-ਸੀਨੀਅਰ ਐਡਵੋਕੇਟ ਵਿਜੇ ਕੁਮਾਰ ਗੁਪਤਾ ਜਿਨ੍ਹਾਂ ਦਾ ਪਿਛਲੇ ਦਿਨੀਂ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ । ਉਨ੍ਹਾਂ ਦੇ ਦੇਹਾਂਤ ਤੇ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਵੱਲੋਂ ਜਿੱਥੇ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਥੇ ਹੀ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਮੋਮੀ ਦੀ ਅਗਵਾਈ ਵਿਚ ਵਿਜੇ ਕੁਮਾਰ ਗੁਪਤਾ ਜੀ ਦੇ ਨਮਿਤ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ।
ਜਿਸ ਵਿਚ ਐਡਵੋਕੇਟ ਸਤਨਾਮ ਸਿੰਘ ਮੋਮੀ ਨੇ ਸੀਨੀਅਰ ਐਡਵੋਕੇਟ ਵਿਜੇ ਕੁਮਾਰ ਗੁਪਤਾ ਨੂੰ ਯਾਦ ਕਰਦਿਆਂ ਕਿਹਾ ਕਿ ਵਿਜੇ ਕੁਮਾਰ ਜੀ ਦੇ ਦੇਹਾਂਤ ਨਾਲ ਜਿਥੇ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਥੇ ਹੀ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਨੂੰ ਵਿਜੈ ਕੁਮਾਰ ਗੁਪਤਾ ਜੀ ਦੀ ਘਾਟ ਹਮੇਸ਼ਾਂ ਰੜਕਦੀ ਰਹੇਗੀ। ਕਿਉਂਕਿ ਵਿਜੇ ਕੁਮਾਰ ਗੁਪਤਾ ਜੀ ਨੇ ਬਾਰ ਐਸੋਸੀਏਸ਼ਨ ਦੇ ਨੌਜਵਾਨ ਵਕੀਲਾਂ ਲਈ ਹਮੇਸ਼ਾਂ ਇੱਕ ਚਾਨਣ ਮੁਨਾਰੇ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਵਿਜੈ ਕੁਮਾਰ ਗੁਪਤਾ ਹਮੇਸ਼ਾ ਨੌਜਵਾਨ ਵਕੀਲਾਂ ਨੂੰ ਆਪਣਾ ਤਜਰਬਾ ਦੱਸਦੇ ਤੇ ਕਾਨੂੰਨੀ ਨੁਕਤਿਆਂ ਤੇ ਵੀ ਝਾਤ ਪਾਉਂਦੇ ਰਹਿੰਦੇ ਸਨ ।
ਇਸ ਦੌਰਾਨ ਬਾਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਨੇ ਜਿਥੇ ਵਿਜੇ ਕੁਮਾਰ ਗੁਪਤਾ ਜੀ ਦੇ ਦੇਹਾਂਤ ਤੇ ਦੋ ਮਿੰਟ ਦਾ ਮੌਨ ਧਾਰ ਕੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਥੇ ਸੋਗ ਵਜੋਂ ਨੋ ਵਰਕ ਡੇ ਵੀ ਕੀਤਾ ਗਿਆ । ਵਿਜੇ ਕੁਮਾਰ ਗੁਪਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ ਵਿੱਚ ਸੀਨੀਅਰ ਐਡਵੋਕੇਟ ਕੇਹਰ ਸਿੰਘ ਐਡਵੋਕੇਟ, ਸੁੱਚਾ ਸਿੰਘ ਮੋਮੀ, ਵਿਕਾਸਦੀਪ ਸਿੰਘ ਨੰਡਾ, ਤਾਰਾ ਚੰਦ ਉੱਪਲ ਆਦਿ ਵੱਡੀ ਗਿਣਤੀ ਵਿੱਚ ਵਕੀਲ ਹਾਜ਼ਰ ਸਨ