ਕਬੱਡੀ ਕੱਪ ਕਿਸਾਨੀ ਸੰਘਰਸ਼ ਜਿੱਤਣ ਤੋਂ ਬਾਅਦ ਸ਼ੁਰੂ ਹੋਣਗੇ -ਚੱਠਾ

ਫੈਡਰੇਸ਼ਨ ਜ਼ਰੀਏ ਮੱਦਦ ਭੇਜਣ ਵਾਲੇ ਪ੍ਰਵਾਸੀ ਭਾਰਤੀਆਂ ਦਾ ਧੰਨਵਾਦ ਕੀਤਾ – ਬਿੱਟੂ

ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਪੰਜਾਬ ਦੇ ਕਿਸਾਨ ਇਸ ਸਮੇਂ ਦਿੱਲੀ ਵਿਖੇ ਖੇਤੀ ਕਾਨੂੰਨਾ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਅਜਿਹੇ ਹਲਾਤਾਂ ਵਿੱਚ ਜਿੱਥੇ ਦੇਸ਼ ਵਿਦੇਸ਼ ਤੋਂ ਲੋਕ ਕਿਸਾਨਾਂ ਦੀ ਮੱਦਦ ਕਰ ਰਹੇ ਹਨ । ਉਥੇ ਭਾਰਤ ਦੀ ਨਾਮਵਰ ਖੇਡ ਸੰਸਥਾ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਵੀ ਇਸ ਸੰਘਰਸ਼ ਵਿੱਚ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ। ਅੱਜ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀ ਭਰਵੀਂ ਮੀਟਿੰਗ ਬਾਸੀ ਪੈਲੇਸ ਵਿਖੇ ਪ੍ਰਧਾਨ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਿਚ ਹੋਈ।

ਇਸ ਮੀਟਿੰਗ ਵਿੱਚ ਫੈਡਰੇਸ਼ਨ ਨੇ ਉਹਨਾਂ ਪ੍ਰਵਾਸੀ ਭਾਰਤੀ ਖੇਡ ਪ੍ਰਮੋਟਰ ਦਾ ਧੰਨਵਾਦ ਕੀਤਾ ਜਿਨਾਂ ਨੇ ਇਨ੍ਹੀਂ ਦਿਨੀ ਕਿਸਾਨੀ ਸੰਘਰਸ਼ ਵਿੱਚ ਮੱਦਦ ਭੇਜੀ ਹੈ। ਇਸ ਮੌਕੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਬਿੱਟੂ ਨੇ ਕੈਨੇਡਾ , ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਦੇ ਉਹਨਾਂ ਪ੍ਰਮੋਟਰ ਦੇ ਨਾਂ ਪ੍ਰੈੱਸ ਨਾਲ ਸਾਂਝੇ ਕਰਦਿਆਂ ਧੰਨਵਾਦ ਕੀਤਾ। ਇਸ ਮੌਕੇ ਚੱਠਾ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋ ਕਬੱਡੀ ਕੱਪ ਕਿਸਾਨੀ ਸੰਘਰਸ਼ ਸਮਾਪਤ ਹੋਣ ਤੋਂ ਬਾਅਦ ਹੀ ਸ਼ੁਰੂ ਕੀਤੇ ਜਾਣਗੇ। ਉਹਨਾਂ ਇਸ ਮੌਕੇ ਨਾਮਵਰ ਖੇਡ ਕੁਮੈਂਟੇਟਰ ਡਾ ਦਰਸ਼ਨ ਬੜੀ ਤੇ ਖੇਡ ਪ੍ਰਮੋਟਰ ਸੋਢੀ ਮਨਸੂਰਵਾਲ ਦੀ ਮੌਤ ਤੇ ਦੋ ਮਿੰਟ ਦਾ ਮੌਨ ਰੱਖ ਕੇ ਦੁੱਖ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਫੈਡਰੇਸ਼ਨ ਵਿੱਚ ਨਵੀ ਸਾਮਿਲ ਹੋਈ ਟੀਮ ਗੁਰਦਾਸਪੁਰ ਲਾਇਨਜ ਦੇ ਕੋਚ ਮਨਜੀਤ ਸਿੰਘ ਫੌਜੀ, ਪ੍ਰਮੋਟਰ ਮਨੀ ਜੌਹਲ, ਲਾਡ ਜੌਹਲ ਨੂੰ ਜੀ ਆਇਆ ਆਖਿਆ ਗਿਆ। ਉਹਨਾਂ ਦੱਸਿਆ ਕਿ ਡੋਪ ਟੈਸਟ ਨੂੰ ਲੈ ਕੇ ਸਾਡੀ ਲੜਾਈ ਜਾਰੀ ਰਹੇਗੀ। ਉਹਨਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਸੰਘਰਸ਼ ਕਰ ਰਹੇ ਕਿਸਾਨ ਵੀ ਸਾਡੇ ਦੇਸ਼ ਦੇ ਹੀ ਨਾਗਰਿਕ ਹਨ। ਉਹਨਾਂ ਨਾਲ ਬੇਗਾਨਗੀ ਵਾਲਾ ਵਤੀਰਾ ਠੀਕ ਨਹੀਂ ਹੈ।ਜੇਕਰ ਕਿਸਾਨਾਂ ਨੂੰ ਖੇਤੀ ਕਾਨੂੰਨ ਮਨਜੂਰ ਨਹੀਂ ਤਾਂ ਸਰਕਾਰ ਨੂੰ ਰੱਦ ਕਰ ਦੇਣੇ ਚਾਹੀਦੇ ਹਨ । ਸਰਕਾਰ ਨੂੰ ਅਜਿਹੇ ਹਲਾਤ ਪੈਦਾ ਕਰਨੇ ਚਾਹੀਦੇ ਹਨ ਜਿਸ ਨਾਲ ਅਮਨ ਸ਼ਾਂਤੀ ਦਾ ਮਾਹੌਲ ਬਣਿਆ ਰਹੇ।

ਇਸ ਮੌਕੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਕਾਰਜਕਾਰੀ ਪ੍ਰਧਾਨ ਬਲਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਕਿਸਾਨਾਂ ਦੇ ਮਸਲੇ ਹੱਲ ਹੋਣ ਤੱਕ ਕੋਈ ਵੀ ਟੂਰਨਾਮੈਂਟ ਨਾ ਕਰਾਉਣ ਦਾ ਫੈਸਲਾ ਕੀਤਾ ਹੈ। ਕਿਉਂਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ। ਜਿਸ ਨੇ ਦੇਸ਼ ਨੂੰ ਖੁਸ਼ਹਾਲੀ ਵੱਲ ਵਧਾਇਆ ਹੈ। ਉਹਨਾਂ ਕਿਸਾਨਾਂ ਦੀ ਸਰਕਾਰ ਵਲੋਂ ਨਜਰ ਅੰਦਾਜਗੀ ਤੇ ਚਿੰਤਾ ਪ੍ਰਗਟ ਕੀਤੀ। ਉਹਨਾਂ ਦੱਸਿਆ ਕਿ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਹਰ ਸੰਭਵ ਕਿਸਾਨਾਂ ਦੀ ਮੱਦਦ ਕਰ ਰਹੀ ਹੈ। ਸਾਡੇ ਖਿਡਾਰੀ, ਕੋਚ ਅਤੇ ਪ੍ਰਬੰਧਕ ਇਸ ਮੋਰਚੇ ਵਿੱਚ ਕਿਸਾਨਾਂ ਦੇ ਨਾਲ ਡਟ ਕੇ ਸਾਥ ਦੇ ਰਹੇ ਹਨ।

ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਕੋਚ ਗੁਰਮੇਲ ਸਿੰਘ ਦਿੜਬਾ,ਜਸਵੀਰ ਸਿੰਘ ਧਨੋਆ ਖਜਾਨਚੀ,ਕੋਚ ਦਵਿੰਦਰ ਸਿੰਘ ਸ੍ਰੀ ਚਮਕੌਰ ਸਾਹਿਬ, ਕੋਚ ਹੈਪੀ ਲਿੱਤਰਾ, ਸੁਖਜੀਤ ਸਿੰਘ ਲਾਲੀ ਅੜੈਚਾ, ਕਾਲਾ ਕੁਲਥਮ,ਡਾ ਬਲਬੀਰ ਸਿੰਘ, ਪੱਪੀ ਫੁੱਲਾਂਵਾਲ, ਕੁਲਬੀਰ ਸਿੰਘ ਬੀਰਾ ਬਿਜਲੀਵਾਲ,ਪ੍ਰੋ ਗੋਪਾਲ ਸਿੰਘ , ਹਰਜੀਤ ਸਿੰਘ ਖਾਲਸਾ ਮੰਡੀ , ਦਿਲਬਰ ਝਨੇਰ, ਖੇਡ ਪੱਤਰਕਾਰ ਪਰਮਜੀਤ ਸਿੰਘ ਬਾਗੜੀਆ ,ਕਾਕਾ ਸੇਖਦੌਲਤ, ਮਿੰਦਰ ਸੋਹਾਣਾ ,ਜਿੰਦਰ ਖਾਨੋਵਾਲ, ਮਹਿੰਦਰ ਸਿੰਘ ਸੁਰਖਪੁਰ ,ਯਾਦਾ ਸੁਰਖਪੁਰ,ਪਰਮਜੀਤ ਸਿੰਘ ਚੱਠਾ, ਜੱਸਾ ਘਰਖਣਾ, ਸੀਰਾ ਟਿੰਬਰਵਾਲ,ਲਾਲੀ ਸੁਰਖਪੁਰ, ਬਲਦੇਵ ਸਿੰਘ ਆਦਿ ਹਾਜ਼ਰ ਸਨ। ।

Previous articleਸੀਨੀਅਰ ਐਡਵੋਕੇਟ ਵਿਜੇ ਕੁਮਾਰ ਗੁਪਤਾ ਦੇ ਦੇਹਾਂਤ ਤੇ ਬਾਰ ਐਸੋਸੀਏਸ਼ਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ
Next articleਤਲਵੰਡੀ ਅਰਾਈਆਂ ਵਿਖੇ ਸ਼ਹੀਦੀ ਪੁਰਬ ਸਮਾਪਤ