ਲੁਧਿਆਣਾ- ਇੱਥੇ ਦਾਣਾ ਮੰਡੀ (ਜਲੰਧਰ ਬਾਈਪਾਸ) ’ਚ ਜਾਰੀ ਰੋਸ ਧਰਨੇ ਦੌਰਾਨ ਅੱਜ 14 ਸੰਘਰਸ਼ਸ਼ੀਲ ਤੇ ਧਾਰਮਿਕ ਜਥੇਬੰਦੀਆਂ ਨੇ ਰੈਲੀ ਕਰ ਕੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਨਾਗਰਿਕਤਾ ਸੋਧ ਕਾਨੂੰਨ (ਸੀਏਏ), ਐੱਨਆਰਸੀ, ਐੱਨਪੀਆਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਦਿੱਲੀ ਵਿੱਚ ਹੋਏ ਫ਼ਿਰਕੂ ਦੰਗਿਆਂ ਦੀ ਵੀ ਨਿਖੇਧੀ ਕੀਤੀ। ਇਸ ਮੌਕੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਦੀ ਅਗਵਾਈ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਪ੍ਰਧਾਨ ਜੋਗਿੰਦਰ ਸਿੰਘ, ਭਾਕਿਯੂ (ਏਕਤਾ) ਦੇ ਕੇਂਦਰੀ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ, ਨੌਜਵਾਨ ਭਾਰਤ ਸਭਾ ਲਲਕਾਰ ਦੇ ਨੇਤਾ ਵਿੰਨੀ ਅਤੇ ਕਈ ਹੋਰ ਕਰਮਚਾਰੀ ਤੇ ਵਿਦਿਆਰਥੀ ਯੂਨੀਅਨਾਂ ਦੇ ਆਗੂਆਂ ਨੇ ਸੰਬੋਧਨ ਕੀਤਾ। ਕਿਸਾਨ ਆਗੂ ਝੰਡਾ ਸਿੰਘ ਨੇ ਕਿਹਾ ਕਿ ਸਰਕਾਰ ਨੇ ਜੇਕਰ ਇਸ ਕਾਲੇ ਕਾਨੂੰਨ ਨੂੰ ਵਾਪਸ ਨਾ ਲਿਆ ਤਾਂ ਹਰ ਵਰਗ ਦੇ ਲੋਕ ਸੜਕਾਂ ’ਤੇ ਉਤਰਨਗੇ। ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਪੰਜਾਬ ਦੀਆਂ 14 ਸੰਘਰਸ਼ਸ਼ੀਲ ਜਥੇਬੰਦੀਆਂ ਅਤੇ ਕਿਸਾਨ ਭਰਾਵਾਂ ਨੇ ਅੱਜ ਇਸ ਅੰਦੋਲਨ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀਏਏ ਖ਼ਿਲਾਫ਼ ਚੱਲ ਰਹੇ ਇਸ ਦੇਸ਼-ਵਿਆਪੀ ਅੰਦੋਲਨ ਨੂੰ ਦਬਾਇਆ ਨਹੀਂ ਜਾ ਸਕਦਾ।
INDIA ਸੀਏਏ: ਰੋਸ ਰੈਲੀ ’ਚ ਕਿਸਾਨਾਂ ਤੇ ਹੋਰ ਜਥੇਬੰਦੀਆਂ ਵੱਲੋਂ ਸ਼ਿਰਕਤ