ਲਖ਼ਨਊ– ‘ਬਸਪਾ’ ਸੁਪਰੀਮੋ ਮਾਇਆਵਤੀ ਨੇ ਮੋਦੀ ਸਰਕਾਰ ’ਤੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਬਾਰੇ ਕਿਸੇ ਨੂੰ ਵੀ ਭਰੋਸੇ ’ਚ ਨਾ ਲੈਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਦੇਸ਼ ਦੀ ਹਾਲਤ ਪਹਿਲਾਂ ਨਾਲੋਂ ਵੀ ਵੱਧ ਖ਼ਰਾਬ ਹੋ ਗਈ ਹੈ। ਭਾਜਪਾ ਤੇ ਕਾਂਗਰਸ ਨੂੰ ‘ਇੱਕੋ ਥੈਲੇ ਦੇ ਚੱਟੇ-ਵੱਟੇ’ ਕਰਾਰ ਦਿੰਦਿਆਂ ਮਾਇਆਵਤੀ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਕਿਸੇ ਨੂੰ ਵੀ ਭਰੋਸੇ ਵਿਚ ਨਾ ਲੈਣਾ ਬੇਹੱਦ ਦੁਖੀ ਕਰਨ ਵਾਲਾ ਹੈ। ਇਸੇ ਲਈ ਦੇਸ਼ ਵਿਚ ਹਾਹਾਕਾਰ ਮੱਚੀ ਹੋਈ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਣੇ ਗੁਆਂਢੀ ਮੁਲਕਾਂ ਵਿਚ ਕੇਵਲ ਮੁਸਲਮਾਨ ਹੀ ਸਰਕਾਰੀ ਦਮਨ ਦਾ ਸ਼ਿਕਾਰ ਨਹੀਂ ਹਨ, ਅਪਰਾਧ ਤੇ ਜਬਰ ਤਾਂ ਕਿਸੇ ਨਾਲ ਵੀ ਹੋ ਸਕਦਾ ਹੈ। ਇਸ ਲਈ ਕੇਂਦਰ ਆਪਣਾ ਫ਼ੈਸਲਾ ਮੁੜ ਵਿਚਾਰੇ ਤੇ ਆਮ ਸਹਿਮਤੀ ਨਾਲ ਇਕ ਨਵਾਂ ਕਾਨੂੰਨ ਲਿਆਂਦਾ ਜਾਵੇ। ਭਾਜਪਾ ਨੇ ਮਾਇਆਵਤੀ ਦੇ ਦੋਸ਼ਾਂ ਨੂੰ ਖ਼ਾਰਜ ਕਰ ਦਿੱਤਾ ਹੈ। ਯੂਪੀ ਦੇ ਮੰਤਰੀ ਸ੍ਰੀਕਾਂਤ ਸ਼ਰਮਾ ਨੇ ਕਿਹਾ ਕਿ ਬਸਪਾ ਮੁਖੀ ਦੇ ਬਿਆਨ ਸਿਆਸਤ ਤੋਂ ਪ੍ਰੇਰਿਤ ਹਨ, ਤੱਥਹੀਣ ਹਨ। ਬਸਪਾ ਨੇ ਦਸ ਸਾਲ ਕੇਂਦਰ ’ਚ ਕਾਂਗਰਸ ਸਰਕਾਰ ਨੂੰ ਸਮਰਥਨ ਦਿੱਤਾ ਹੈ।