ਜਾਮੀਆ ਮਿਲੀਆ ਇਸਲਾਮੀਆ ਦੇ ਸੈਂਕੜੇ ਵਿਦਿਆਰਥੀਆਂ ਅਤੇ ਜਾਮੀਆ ਨਗਰ ਦੇ ਵਸਨੀਕਾਂ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਰੋਸ ਪ੍ਰਦਰਸ਼ਨ ਖ਼ਤਮ ਕਰਨ ਤੋਂ ਇਨਕਾਰ ਕਰਦਿਆਂ ਅੱਜ ਸੰਸਦ ਵੱਲ ਮਾਰਚ ਕੱਢਿਆ। ਜਦੋਂ ਰਾਹ ’ਚ ਉਨ੍ਹਾਂ ਨੂੰ ਪੁਲੀਸ ਨੇ ਅੱਗੇ ਵਧਣ ਤੋਂ ਰੋਕਿਆਂ ਤਾਂ ਉਹ ਬੈਰੀਕੇਡਾਂ ’ਤੇ ਚੜ੍ਹ ਗਏ ਅਤੇ ਪੁਲੀਸ ਨਾਲ ਝੜਪ ਵੀ ਹੋਈ। ਬਾਅਦ ’ਚ ਉਹ ਯੂਨੀਵਰਸਿਟੀ ਦੇ ਬਾਹਰ ‘ਧਰਨੇ’ ਉਪਰ ਬੈਠ ਗਏ। ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਨੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ ਹੈ। ਪੁਲੀਸ ਅਤੇ ’ਵਰਸਿਟੀ ਪ੍ਰਸ਼ਾਸਨ ਵੱਲੋਂ ਅਪੀਲਾਂ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਪ੍ਰਦਰਸ਼ਨ ਖ਼ਤਮ ਕਰਨ ਤੋਂ ਇਨਕਾਰ ਕਰ ਦਿੱਤਾ। ਜਾਮੀਆ ਤਾਲਮੇਲ ਕਮੇਟੀ ਨੇ ਸੰਸਦ ਵੱਲ ਮਾਰਚ ਦਾ ਸੱਦਾ ਦਿੱਤਾ ਸੀ ਜਿਸ ’ਚ ਕਈ ਮਹਿਲਾਵਾਂ ਨੇ ਵੀ ਸ਼ਮੂਲੀਅਤ ਕੀਤੀ। ਮਾਰਚ ਭਾਰੀ ਸੁਰੱਖਿਆ ਹੇਠ ਜਾਮੀਆ ਦੇ ਗੇਟ ਨੰਬਰ 7 ਤੋਂ ਸ਼ੁਰੂ ਹੋਇਆ। ਅੱਗੇ ਵਧ ਰਹੇ ਵਿਦਿਆਰਥੀਆਂ ਦੀ ਪੁਲੀਸ ਨਾਲ ਤਿੱਖੀ ਝੜਪ ਸ਼ਾਮ 6 ਵਜੇ ਦੇ ਕਰੀਬ ਹੋਈ। ਕੁਝ ਪ੍ਰਦਰਸ਼ਨਕਾਰੀਆਂ ਨੇ ਸੁਖਦੇਵ ਵਿਹਾਰ ਪੁਲੀਸ ਸਟੇਸ਼ਨ ਦਾ ਘਿਰਾਓ ਕੀਤਾ। ਕੁਝ ਪ੍ਰਦਰਸ਼ਨਕਾਰੀ ਬੈਰੀਕੇਡਾਂ ਤੋਂ ਉਪਰ ਦੀ ਲੰਘ ਗਏ ਜਦਕਿ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸ਼ਾਮ ਨੂੰ ਜਦੋਂ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵਧ ਗਈ ਤਾਂ ਯੂਨੀਵਰਸਿਟੀ ਨੇੜਲੇ ਸੁਖਦੇਵ ਵਿਹਾਰ ਮੈਟਰੋ ਸਟੇਸ਼ਨ ਨੂੰ ਬੰਦ ਕਰਨਾ ਪਿਆ। ਪ੍ਰਦਰਸ਼ਨਕਾਰੀ ਪੁਲੀਸ ਵਿਰੋਧੀ ਨਾਅਰੇਬਾਜ਼ੀ ਕਰ ਰਹੇ ਸਨ। ਉਹ ਨਾਅਰੇ ਲਗਾ ਰਹੇ ਸਨ,‘‘ਕਾਗਜ਼ ਨਹੀਂ ਦਿਖਾਏਂਗੇ ਅਤੇ ਜਬ ਨਹੀਂ ਡਰੇ ਹਮ ਗੋਰੋਂ ਸੇ ਤੋ ਕਿਉਂ ਡਰੇਂ ਹਮ ਔਰੋਂ ਸੇ।’’ ਜਾਮੀਆ ਦੀ ਵਿਦਿਆਰਥਣ ਫਰਜ਼ਾਨਾ ਨੇ ਕਿਹਾ ਕਿ ਉਹ ਪੂਰੇ ਦਿਨ ਧਰਨੇ ’ਤੇ ਬੈਠ ਕੇ ਨਾਅਰੇ ਲਗਾ ਸਕਦੇ ਹਨ। ‘ਉਹ ਆਖਦੇ ਹਨ ਕਿ ਸਾਡੇ ਕੋਲ ਸੰਸਦ ਵੱਲ ਮਾਰਚ ਦੀ ਇਜਾਜ਼ਤ ਨਹੀਂ ਹੈ। ਜਿਹੜੇ ਲੋਕਾਂ ਨੇ ਪਿਛਲੇ ਹਫ਼ਤਿਆਂ ’ਚ ਪ੍ਰਦਰਸ਼ਨਾਂ ਵਾਲੀ ਥਾਂ ’ਤੇ ਬੰਦੂਕਾਂ ਲਹਿਰਾਈਆਂ ਸਨ, ਕੀ ਉਨ੍ਹਾਂ ਕੋਲ ਇਜਾਜ਼ਤ ਸੀ?’ ਬੁਰਕੇ ’ਚ ਆਈ ਇਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਉਹ ਦੋ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ‘ਸਰਕਾਰ ਵੱਲੋਂ ਸਾਡੇ ਨਾਲ ਗੱਲਬਾਤ ਕਰਨ ਲਈ ਕੋਈ ਨਹੀਂ ਆਇਆ। ਇਸ ਲਈ ਅਸੀਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਉਥੇ ਜਾਣਾ ਚਾਹੁੰਦੇ ਹਾਂ।’ ਪੁਰਸ਼ਾਂ ਨੇ ਸੜਕ ਦੇ ਦੋਵੇਂ ਪਾਸਿਆਂ ’ਤੇ ਮਨੁੱਖੀ ਲੜੀ ਬਣਾਈ ਹੋਈ ਸੀ ਜਦਕਿ ਮਹਿਲਾਵਾਂ ਤਿਰੰਗਾ ਲਹਿਰਾਉਂਦਿਆਂ ਅਤੇ ‘ਹੱਲਾ ਬੋਲ’ ਦੇ ਨਾਅਰੇ ਲਗਾਉਂਦਿਆਂ ਅੱਗੇ ਚੱਲ ਰਹੀਆਂ ਸਨ। ਜਾਮੀਆ ਮਿਲੀਆ ਇਸਲਾਮੀਆ ਦੇ ਪ੍ਰੋਕਟਰ ਵਸੀਮ ਅਹਿਮਦ ਖ਼ਾਨ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਪਰਤ ਜਾਣ ਅਤੇ ਪੁਲੀਸ ਨਾਲ ਨਾ ਟਕਰਾਉਣ।
INDIA ਸੀਏਏ: ਜਾਮੀਆ ਤੋਂ ਸੰਸਦ ਵੱਲ ਰੋਸ ਮਾਰਚ