ਐਸ.ਏ.ਐਸ. ਨਗਰ (ਮੁਹਾਲੀ)– ਇੱਥੋਂ ਦੇ ਸੈਕਟਰ-77 ਸਥਿਤ ਪੰਜਾਬ ਪੁਲੀਸ (ਇੰਟੈਲੀਜੈਂਸ ਵਿੰਗ) ਦੇ ਮੁੱਖ ਦਫ਼ਤਰ ਵਿੱਚ ਤਾਇਨਾਤ ਸੀਨੀਅਰ ਸਹਾਇਕ ਕੁਲਵਿੰਦਰ ਸਿੰਘ (50) ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਮੁਹਾਲੀ ਪੁਲੀਸ ਨੇ ਸੀਆਈਡੀ ਦਫ਼ਤਰ ਵਿੱਚ ਤਾਇਨਾਤ ਮਹਿਲਾ ਮੁਲਾਜ਼ਮ ਸ਼ੀਤਲ ਸ਼ਰਮਾ ਅਤੇ ਉਸ ਦੇ ਦੋਸਤ ਇਕਬਾਲ ਸਿੰਘ ਵਾਸੀ ਧੂਰੀ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਨੇ ਉਨ੍ਹਾਂ ਨੂੰ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਇਕਬਾਲ ਸਿੰਘ ਨੂੰ ਅੰਬਾਲਾ ’ਚੋਂ ਕਾਬੂ ਕੀਤਾ ਗਿਆ ਹੈ। ਪੁਲੀਸ ਜਾਂਚ ਦੌਰਾਨ ਨਾਜਾਇਜ਼ ਸਬੰਧਾਂ ਦੀ ਗੱਲ ਸਾਹਮਣੇ ਆਈ ਹੈ।
ਸਬ-ਇੰਸਪੈਕਟਰ ਬਰਮਾ ਸਿੰਘ ਨੇ ਦੱਸਿਆ ਕਿ ਸੀਤਲ ਸ਼ਰਮਾ ਨੂੰ ਸ਼ੱਕ ਦੇ ਆਧਾਰ ’ਤੇ ਬੀਤੇ ਦਿਨ ਪੁੱਛਗਿੱਛ ਲਈ ਥਾਣੇ ਸੱਦਿਆ ਗਿਆ ਸੀ। ਉਸ ਦੇ ਖੁਲਾਸੇ ਤੋਂ ਬਾਅਦ ਹੀ ਸ਼ੀਤਲ ਅਤੇ ਉਸ ਦੇ ਦੋਸਤ ਇਕਬਾਲ ਸਿੰਘ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਅੱਜ ਇਕਬਾਲ ਸਿੰਘ ਨੂੰ ਪਿੰਡ ਸਨੇਟਾ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਆਈਡੀ ਕਰਮਚਾਰੀ ਦੀ ਹੱਤਿਆ ਤੋਂ ਅਗਲੇ ਦਿਨ ਹੀ ਇਕਬਾਲ ਸਿੰਘ ਨੇ 20 ਲੱਖ ਰੁਪਏ ਦਾ ਚੈੱਕ ਧੂਰੀ ਸਥਿਤ ਆਪਣੇ ਬੈਂਕ ਖ਼ਾਤੇ ਵਿੱਚ ਕੈਸ਼ ਕਰਵਾਉਣ ਲਈ ਲਗਾਇਆ ਗਿਆ ਸੀ। ਪਰ ਕੁਲਵਿੰਦਰ ਦਾ ਬੈਂਕ ਖ਼ਾਤਾ ਉਸ ਦੇ ਭਰਾ ਨਾਲ ਸਾਂਝਾ ਹੋਣ ਕਾਰਨ ਉਸ ਨੂੰ ਫੋਨ ’ਤੇ ਮੈਸਿਜ ਆ ਗਿਆ ਕਿ ਖਾਤੇ ’ਚੋਂ 20 ਲੱਖ ਰੁਪਏ ਨਿਕਲੇ ਹਨ। ਉਨ੍ਹਾਂ ਨੂੰ ਸ਼ੱਕ ਹੋ ਗਿਆ ਅਤੇ ਪੁਲੀਸ ਨੂੰ ਸਾਰੀ ਗੱਲ ਦੱਸੀ। ਸ਼ੀਤਲ ਸ਼ਰਮਾ ਵਿਧਵਾ ਔਰਤ ਹੈ ਜਦੋਂਕਿ ਮ੍ਰਿਤਕ ਕੁਲਵਿੰਦਰ ਦੀ ਪਤਨੀ ਵੀ ਮਰ ਚੁੱਕੀ ਹੈ। ਮੁਲਜ਼ਮ ਦੀ ਯੋਜਨਾ ਮ੍ਰਿਤਕ ਕੁਲਵਿੰਦਰ ਕੋਲੋਂ ਲੱਖਾਂ ਰੁਪਏ ਹੜੱਪਣ ਦੀ ਸੀ। ਸ਼ੀਤਲ ਨੇ ਡਰਾ ਧਮਕਾ ਕੇ ਕੁਲਵਿੰਦਰ ਦੇ ਪੈਸਿਆਂ ਨਾਲ ਖਰੜ ਵਿੱਚ ਇਕ ਪਲਾਟ ਵੀ ਖਰੀਦਿਆਂ ਸੀ। ਅੰਮ੍ਰਿਤਸਰ ਯੂਨੀਵਰਸਿਟੀ ਵਿੱਚ ਬੱਚੇ ਇਕੱਠੇ ਪੜ੍ਹਨ ਨਾਲ ਸ਼ੀਤਲ ਦਾ ਝੁਕਾਅ ਹੁਣ ਇਕਬਾਲ ਵੱਲ ਹੋ ਗਿਆ ਸੀ ਅਤੇ ਉਹ ਹੁਣ ਕੁਲਵਿੰਦਰ ਤੋਂ ਉਸ ਦਾ ਖਹਿੜਾ ਛੱਡਣ ਲਈ ਇਕ ਕਰੋੜ ਦੀ ਮੰਗ ਕਰ ਰਹੀ ਸੀ। ਪੁਲੀਸ ਅਨੁਸਾਰ ਦੋਵਾਂ ਧਿਰਾਂ ਵਿੱਚ 50 ਲੱਖ ਵਿੱਚ ਸੌਦਾ ਤੈਅ ਹੋ ਗਿਆ ਸੀ।
ਪੁਲੀਸ ਅਨੁਸਾਰ ਹੋਲੀ ਵਾਲੇ ਦਿਨ ਇਕਬਾਲ ਅਤੇ ਸ਼ੀਤਲ ਨੇ ਯੋਜਨਾ ਤਹਿਤ ਕੁਲਵਿੰਦਰ ਨੂੰ ਘਰੋਂ ਬਾਹਰ ਸੱਦਿਆ ਅਤੇ ਚੰਡੀਗੜ੍ਹ ਦੇ ਇਕ ਹੋਟਲ ਵਿੱਚ ਕੁਲਵਿੰਦਰ ਅਤੇ ਇਕਬਾਲ ਨੇ ਇਕੱਠੇ ਬੈਠ ਕੇ ਸ਼ਰਾਬ ਪੀਤੀ। ਇਸ ਦੌਰਾਨ ਇਕਬਾਲ ਨੇ ਸਮਝੌਤੇ ਤਹਿਤ ਉਸ ਨੂੰ ਪੈਸੇ ਦੇਣ ਲਈ ਕਿਹਾ ਪ੍ਰੰਤੂ ਕੁਲਵਿੰਦਰ ਇਸ ਜਿੱਦ ’ਤੇ ਅੜਿਆ ਹੋਇਆ ਸੀ ਕਿ ਉਹ ਚੈੱਕ ਸ਼ੀਤਲ ਨੂੰ ਹੀ ਦੇਵੇਗਾ। ਜਾਣਕਾਰੀ ਅਨੁਸਾਰ ਕੁਲਵਿੰਦਰ ਨੂੰ ਸ਼ੱਕ ਹੋ ਗਿਆ ਸੀ ਕਿ ਕਿਤੇ ਇਕਬਾਲ ਹੀ ਇਕੱਲਾ ਸਾਰੇ ਪੈਸੇ ਨਾ ਹੜੱਪ ਜਾਵੇ। ਇਸ ਤਰ੍ਹਾਂ ਇਕਬਾਲ ਨੇ ਉਸ ਨੂੰ ਗੱਲਾਂ ਵਿੱਚ ਲਗਾ ਕੇ ਹੋਰ ਸ਼ਰਾਬ ਪਿਲਾਈ ਗਈ। ਇਸ ਮਗਰੋਂ ਉਹ ਉਸ ਨੂੰ ਘਰ ਛੱਡਣ ਲਈ ਕਹਿ ਕੇ ਆਪਣੀ ਕਾਰ ਵਿੱਚ ਬਿਠਾ ਕੇ ਮੁਹਾਲੀ ਏਅਰਪੋਰਟ ਚੌਕ ਤੋਂ ਪਿੰਡ ਦੈੜੀ ਵੱਲ ਗੱਡੀ ਮੋੜ ਲਈ ਅਤੇ ਰਸ਼ਤੇ ਵਿੱਚ ਰੁਕ ਕੇ ਇਕਬਾਲ ਨੇ ਜਬਰਦਸਤੀ ਨਾਲ ਖਾਲੀ ਚੈੱਕ ਕੇ ਦਸਤਖ਼ਤ ਕਰਵਾ ਲਏ। ਇਸ ਕਾਰਨ ਦੋਵਾਂ ਵਿੱਚ ਝਗੜਾ ਕਾਫੀ ਵਧ ਗਿਆ।
INDIA ਸੀਆਈਡੀ ਅਧਿਕਾਰੀ ਹੱਤਿਆ ਕਾਂਡ: ਮਹਿਲਾ ਮੁਲਾਜ਼ਮ ਤੇ ਦੋਸਤ ਗ੍ਰਿਫ਼ਤਾਰ