ਐੱਸਏਐੱਸ ਨਗਰ : ਮੋਹਾਲੀ ਨੇੜਲੇ ਪਿੰਡ ਸੈਦਪੁਰ ਤੋਂ ਸੀਆਈ ਸਟਾਫ਼ ਤਰਨਤਾਰਨ ਨੇ ਖ਼ਾਲਿਸਤਾਨੀਆਂ ਨਾਲ ਸਬੰਧਾਂ, ਖ਼ਾਲਿਸਤਾਨ ਫੋਰਸ ਤੇ ਰੈਫਰੰਡਮ 2020 ਦਾ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕਰਨ ਦੇ ਸ਼ੱਕ ਹੇਠ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਮੰਗਤ ਰਾਮ ਉਰਫ਼ ਜਗਤਾਰ ਸਿੰਘ ਵਜੋਂ ਹੋਈ ਹੈ। ਉਹ ਖ਼ੁਦ ਨੂੰ ਕਿਸੇ ਅਖ਼ਬਾਰ ਦਾ ਪੱਤਰਕਾਰ ਵੀ ਦੱਸਦਾ ਸੀ।
ਪੁਲਿਸ ਨੂੰ ਸ਼ੱਕ ਹੈ ਕਿ ਉਸ ਨੂੰ ਖ਼ਾਲਿਸਤਾਨ ਹਮਾਇਤੀਆਂ ਕੋਲੋਂ ਫੰਡਿੰਗ ਵੀ ਹੋ ਰਹੀ ਹੈ। ਉਸ ਨੂੰ ਸੋਮਵਾਰ ਸਵੇਰੇ 6 ਵਜੇ ਦੇ ਕਰੀਬ ਉਸ ਦੇ ਘਰੋਂ ਗਿ੍ਫ਼ਤਾਰ ਕਰਨ ਦੀ ਸੂਚਨਾ ਹੈ, ਜਿਸ ਦੀ ਪੁਸ਼ਟੀ ਪਰਿਵਾਰ ਅਤੇ ਸੀਆਈਏ ਸਟਾਫ਼ ਮੋਹਾਲੀ ਨੇ ਕੀਤੀ ਹੈ। ਗਿ੍ਫ਼ਤਾਰੀ ਤੋਂ ਬਾਅਦ ਉਸ ਨੂੰ ਸੀਆਈ ਸਟਾਫ਼ ਖਰੜ ਵਿਖੇ ਪੜਤਾਲ ਲਈ ਲਿਆਂਦਾ ਗਿਆ, ਜਿੱਥੇ ਕਈ ਘੰਟੇ ਉਸ ਤੋਂ ਪੁੱਛਗਿੱਛ ਕੀਤੀ ਗਈ। ਉਪਰੰਤ ਅਗਲੇਰੀ ਪੜਤਾਲ ਲਈ ਤਰਨਤਾਰਨ ਲੈ ਗਏ।
ਇਸ ਤੋਂ ਪਹਿਲਾਂ ਪੁਲਿਸ ਸਿਵਲ ਵਰਦੀ ਵਿਚ ਮੰਗਤ ਰਾਮ ਵਾਸੀ ਸੈਦਪੁਰ ਜ਼ਿਲ੍ਹਾ ਮੋਹਾਲੀ ਨੂੰ ਲੱਭਣ ਲਈ ਘੁੰਮਦੀ ਰਹੀ, ਪਰ ਉਸ ਦਾ ਘਰ ਨਾ ਪਤਾ ਹੋਣ ਕਾਰਨ ਤਲਾਸ਼ੀ ਅਭਿਆਨ ਲੇਟ ਸ਼ੁਰੂ ਹੋਇਆ। ਮੰਗਤ ਰਾਮ ਦੀ ਪਤਨੀ ਨੇ ‘ਪੰਜਾਬੀ ਜਾਗਰਣ’ ਨੂੰ ਦੱਸਿਆ ਕਿ ਪਿੰਡ ਦੇ ਸਾਬਕਾ ਸਰਪੰਚ ਦੇ ਪੁੱਤਰ ਸੋਨੀ ਨੂੰ ਲੈ ਕੇ ਕੁਝ ਸਿਵਲ ਵਰਦੀ ਵਿਅਕਤੀ ਉਨ੍ਹਾਂ ਦੇ ਘਰ ਆਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਮੰਗਤ ਨੂੰ ਨਾਲ ਚੱਲਣ ਲਈ ਕਿਹਾ। ਮੰਗਤ ਦੀ ਪਤਨੀ ਮੁਤਾਬਕ ਤਿੰਨ ਵਿਅਕਤੀ ਉਨ੍ਹਾਂ ਦੇ ਘਰ ਹੀ ਰੁਕ ਗਏ, ਜਦਕਿ ਬਾਕੀ ਮੰਗਤ ਨੂੰ ਲੈ ਕੇ ਖਰੜ ਸੀਆਈੲ ਸਟਾਫ਼ ਚਲੇ ਗਏ।