ਮਾਨਸਾ (ਸਮਾਜ ਵੀਕਲੀ) : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਪੌਣੇ ਚਾਰ ਮਹੀਨਿਆਂ ਬਾਅਦ ਯੂਟਿਊਬ ਨੇ ਗਾਇਕ ਨੂੰ ‘ਡਾਇਮੰਡ ਪਲੇਅ ਬਟਨ’ ਐਵਾਰਡ ਦਿੱਤਾ ਹੈ। ਇਹ ਉਪਲੱਬਧੀ ਹਾਸਲ ਕਰਨ ਵਾਲੇ ਉਹ ਪਹਿਲੇ ਪੰਜਾਬੀ ਗਾਇਕ ਹਨ। ਮੂਸੇਵਾਲਾ ਨੂੰ ਯੂਟਿਊਬ ਪਲੇਟਫਾਰਮ ’ਤੇ ਇਕ ਕਰੋੜ ਤੋਂ ਵੱਧ ਚਾਹੁੰਣ ਵਾਲੇ ਮਿਲਣ ’ਤੇ ਯੂਟਿਊਬ ਤੋਂ ‘ਡਾਇਮੰਡ ਪਲੇਅ ਬਟਨ’ ਪ੍ਰਾਪਤ ਹੋਇਆ ਹੈ। ਉਸ ਦੇ ਯੂਟਿਊਬ ਚੈਨਲ ਦੇ ਇਸ ਵੇਲੇ 1 ਕਰੋੜ 69 ਲੱਖ ਪ੍ਰਸ਼ੰਸਕ ਹਨ। ਜਾਣਕਾਰੀ ਅਨੁਸਾਰ ‘ਡਾਇਮੰਡ ਪਲੇਅ ਬਟਨ’ ਇੱਕ ਯੂਟਿਊਬ ਸਿਰਜਣਹਾਰ ਐਵਾਰਡ ਹੈ, ਜੋ ਉਨ੍ਹਾਂ ਚੈਨਲਾਂ ਨੂੰ ਦਿੱਤਾ ਜਾਂਦਾ ਹੈ, ਜੋ ਵੀਡੀਓ ਅਪਲੋਡਿੰਗ ਪਲੇਟਫਾਰਮ ਦੁਆਰਾ 10 ਮਿਲੀਅਨ ਗਾਹਕਾਂ ਤੱਕ ਪਹੁੰਚ ਕਰਦੇ ਹਨ ਜਾਂ ਇਸ ਨੂੰ ਪਾਰ ਕਰਦੇ ਹਨ। ਇਸ ਦਾ ਉਦੇਸ਼ ਇਸ ਦੇ ਸਭ ਤੋਂ ਪ੍ਰਸਿੱਧ ਚੈਨਲਾਂ ਨੂੰ ਪਛਾਣਨਾ ਹੈ। ਇਸ ਪੰਜਾਬੀ ਗਾਇਕ ਨੇ ਆਪਣੇ 5 ਸਾਲ ਦੇ ਮਿਊਜ਼ਿਕ ਕਰੀਅਰ ’ਚ ਇੰਡਸਟਰੀ ਨੂੰ ਦਮਦਾਰ ਗੀਤ ਦਿੱਤੇ ਹਨ।
ਮੂਸੇਵਾਲਾ ਦੇ ਪਿਤਾ ਦੀ ਸਿਹਤ ’ਚ ਸੁਧਾਰ
ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਪੰਜਾਬੀ ਗਾਇਕ ਨੂੰ ਇਹ ਐਵਾਰਡ ਮਿਲਣ ’ਤੇ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੂੰ ਵੀ ਦੱਸ ਦਿੱਤਾ ਗਿਆ ਹੈ, ਜੋ ਇਸ ਵੇਲੇ ਪੀਜੀਆਈ ਵਿੱਚ ਦਾਖ਼ਲ ਹਨ, ਜਿਨ੍ਹਾਂ ਨੇ ਪੁੱਤ ਦੀ ਪ੍ਰਾਪਤੀ ’ਤੇ ਮਾਣ ਮਹਿਸੂਸ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਲਕੌਰ ਸਿੰਘ ਦੇ ਬੀਤੀ ਸ਼ਾਮ ਤਿੰਨ ਸਟੰਟ ਪਾਏ ਗਏ ਹਨ ਅਤੇ ਉਨ੍ਹਾਂ ਦੀ ਸਿਹਤ ਹੁਣ ਬਿਲਕੁਲ ਠੀਕ ਹੈ। ਅਗਲੇ ਇੱਕ-ਦੋ ਦਿਨਾਂ ਤੱਕ ਉਹ ਡਾਕਟਰਾਂ ਦੀ ਸਲਾਹ ਨਾਲ ਪਿੰਡ ਮੂਸਾ ਆ ਜਾਣਗੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly