ਮਸਜਿਦ ਤੇ ਮਦਰੱਸੇ ਗਏ ਭਾਗਵਤ ਨੂੰ ਇਮਾਮ ਨੇ ‘ਰਾਸ਼ਟਰਪਿਤਾ’ ਕਿਹਾ

ਨਵੀਂ ਦਿੱਲੀ (ਸਮਾਜ ਵੀਕਲੀ) : ਮੁਸਲਮਾਨ ਭਾਈਚਾਰੇ ਤੱਕ ਆਪਣੀ ਪਹੁੰਚ ਵਧਾਉਣ ਦੀ ਮੁਹਿੰਮ ਤਹਿਤ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਅੱਜ ਇੱਥੇ ਇੱਕ ਮਸਜਿਦ ਤੇ ਮਦਰੱਸੇ ਦਾ ਦੌਰਾ ਕੀਤਾ ਅਤੇ ਆਲ ਇੰਡੀਆ ਇਮਾਮ ਸੰਗਠਨ ਦੇ ਮੁਖੀ ਅਹਿਮਦ ਇਲਿਆਸੀ ਨਾਲ ਮੁਲਾਕਾਤ ਕੀਤੀ। ਇਮਾਮ ਨੇ ਮਦਰੱਸੇ ’ਚ ਬੱਚਿਆਂ ਨਾਲ ਗੱਲਬਾਤ ਕਰਦਿਆਂ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੂੰ ਰਾਸ਼ਟਰਪਿਤਾ ਆਖਿਆ। ਉਨ੍ਹਾਂ ਕਿਹਾ, ‘ਉਹ ‘ਰਾਸ਼ਟਰਪਿਤਾ’ ਹਨ। ਅਸੀਂ ਦੇਸ਼ ਦੀ ਮਜ਼ਬੂਤੀ ਲਈ ਕਈ ਮੁੱਦਿਆਂ ’ਤੇ ਚਰਚਾ ਕੀਤੀ।’ ਹਾਲਾਂਕਿ ਭਾਗਵਤ ਨੇ ਇਸ ’ਚ ਦਖਲ ਦਿੰਦਿਆਂ ਕਿਹਾ ਕਿ ਇੱਥੇ ਰਾਸ਼ਟਰ ਦੇ ਸਿਰਫ਼ ਇੱਕ ਹੀ ਪਿਤਾ ਹਨ ਅਤੇ ਹਰ ਕੋਈ ਭਾਰਤ ਦੀ ਸੰਤਾਨ ਹੈ।’

ਆਰਐੱਸਐੱਸ ਮੁਖੀ ਨੇ ਕੇਂਦਰੀ ਦਿੱਲੀ ਦੇ ਕਸਤੂਰਬਾ ਮਾਰਗ ਵਿਚਲੀ ਮਸਜਿਦ ਤੇ ਉੱਤਰੀ ਦਿੱਲੀ ਦੇ ਆਜ਼ਾਦਪੁਰ ’ਚ ਮਦਰੱਸਾ ਤਾਜਵੀਦੁਲ ਕੁਰਾਨ ਦਾ ਦੌਰਾ ਕੀਤਾ। ਇਹ ਪਹਿਲੀ ਵਾਰ ਹੈ, ਜਦੋਂ ਭਾਗਵਤ ਕਿਸੇ ਮਦਰੱਸੇ ’ਚ ਗਏ। ਉਨ੍ਹਾਂ ਨਾਲ ਸੰਘ ਦੇ ਜੁਆਇੰਟ ਸਕੱਤਰ ਕ੍ਰਿਸ਼ਨ ਗੋਪਾਲ ਤੇ ਮੁਸਲਿਮ ਰਾਸ਼ਟਰੀ ਮੰਚ ਦੇ ਆਗੂ ਇੰਦਰੇਸ਼ ਕੁਮਾਰ ਵੀ ਸਨ। ਇਸ ਮੌਕੇ ਇਲਿਆਸੀ ਨੇ ਕਿਹਾ ਕਿ ਆਰਐੱਸਐੱਸ ਮੁਖੀ ਨੇ ਮਦਰੱਸੇ ਦੇ ਬੱਚਿਆਂ ਨਾਲ ਗੱਲਬਾਤ ਕੀਤੀ ਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪ੍ਰਾਰਥਨਾ ਦੇ ਢੰਗ ਵੱਖ ਵੱਖ ਹੋ ਸਕਦੇ ਹਨ ਪਰ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਇਲਿਆਸੀ ਤੇ ਭਾਗਵਤ ਨੇ ਮਸਜਿਦ ’ਚ ਤਕਰੀਬਨ ਇੱਕ ਘੰਟਾ ਮੁਲਾਕਾਤ ਕੀਤੀ। ਮੀਟਿੰਗ ਮਗਰੋਂ ਇਲਿਆਸੀ ਨੇ ਕਿਹਾ, ‘ਭਾਗਵਤ ਦੇ ਇਸ ਦੌਰੇ ਨਾਲ ਇਹ ਸੁਨੇਹਾ ਜਾਣਾ ਚਾਹੀਦਾ ਹੈ ਕਿ ਅਸੀਂ ਸਾਰੇ ਭਾਰਤ ਦੀ ਮਜ਼ਬੂਤੀ ਲਈ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ। ਸਾਡੇ ਸਾਰਿਆਂ ਲਈ ਦੇਸ਼ ਸਭ ਤੋਂ ਪਹਿਲਾਂ ਹੈ। ਸਾਡਾ ਡੀਐੱਨਏ ਇੱਕ ਹੈ। ਅਸੀਂ ਸਿਰਫ਼ ਧਰਮ ਤੇ ਪੂਜਾ-ਪਾਠ ਕਰਨ ਦੇ ਢੰਗਾਂ ਤੋਂ ਵੱਖਰੇ ਹਾਂ।’ ਸੰਘ ਮੁਖੀ ਦੇ ਦੌਰੇ ਤੋਂ ਬਾਅਦ ਸੰਘ ਦੇ ਪ੍ਰਚਾਰ ਪ੍ਰਮੁੱਖ ਸੁਨੀਲ ਅੰਬੇਡਕਰ ਨੇ ਕਿਹਾ ਕਿ ਮੋਹਨ ਭਾਗਵਤ ਹਰ ਭਾਈਚਾਰੇ ਦੇ ਲੋਕਾਂ ਨੂੰ ਮਿਲ ਰਹੇ ਹਨ। ਇਹ ਆਮ ਸੰਵਾਦ ਪ੍ਰਕਿਰਿਆ ਜਾਰੀ ਰੱਖਣ ਦਾ ਇੱਕ ਹਿੱਸਾ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਧੂ ਮੂਸੇਵਾਲਾ ਨੂੰ ਯੂਟਿਊਬ ਡਾਇਮੰਡ ਪਲੇਅ ਬਟਨ ਐਵਾਰਡ
Next articleਐੱਚਜੀਪੀਸੀ ਬਾਰੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਅੱਜ