ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਹ ਆਪਣੇ ਵਜ਼ਾਰਤੀ ਸਾਥੀ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਅਸਤੀਫ਼ੇ ਸਬੰਧੀ ਫੈਸਲਾ ਬੁੱਧਵਾਰ ਨੂੰ ਲੈਣਗੇ। ਕੈਪਟਨ ਨੇ ਕਿਹਾ ਕਿ ਕੁਝ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਦੇ ਸਿਲਸਿਲੇ ਕਰਕੇ ਉਹ ਦਿੱਲੀ ਵਿੱਚ ਹਨ ਤੇ ਭਲਕੇ ਚੰਡੀਗੜ੍ਹ ਪਰਤ ਆਉਣਗੇ। ਇਸ ਦੌਰਾਨ ਕੈਪਟਨ ਨੇ ਅੱਜ ਸੰਸਦ ਦੇ ਕੇਂਦਰੀ ਹਾਲ ਵਿੱਚ ਪੰਜਾਬ ਨਾਲ ਸਬੰਧਤ ਕਾਂਗਰਸੀ ਸੰਸਦ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ।
ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘ਮੈਂ ਸਿੱਧੂ ਦੇ ਅਸਤੀਫ਼ੇ ਬਾਰੇ ਫੈਸਲਾ ਭਲਕੇ ਚੰਡੀਗੜ੍ਹ ਪਰਤਣ ਮਗਰੋਂ ਕਰਾਂਗਾ। ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਮੈਨੂੰ ਅਸਤੀਫ਼ੇ ਦੇ ਵਿਸ਼ਾ-ਵਸਤੂ ’ਤੇ ਨਜ਼ਰਸਾਨੀ ਕਰਨੀ ਹੋਵੇਗੀ।’ ਬਠਿੰਡਾ ਤੇ ਰੋਪੜ ਵਿੱਚ ਪਰਮਾਣੂ ਪਲਾਂਟ ਲਾਉਣ ਦੇ ਕਿਆਸਾਂ ਬਾਰੇ ਪੁੱਛੇ ਜਾਣ ’ਤੇ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤਕ ਕੇਂਦਰ ਸਰਕਾਰ ਤੋਂ ਅਜਿਹੀ ਕੋਈ ਤਜਵੀਜ਼ ਪ੍ਰਾਪਤ ਨਹੀਂ ਹੋਈ, ਪਰ ਜੇਕਰ ਕੋਈ ਰਸਮੀ ਤਜਵੀਜ਼ ਆਉਂਦੀ ਹੈ ਤਾਂ ਉਹ ਆਪਣਾ ਪ੍ਰਤੀਕਰਮ ਦੇਣਗੇ। ਸਿੱਧੂ ਦੇ ਅਸਤੀਫ਼ੇ ਦਾ ਅਸਿੱਧਾ ਹਵਾਲਾ ਦਿੰਦਿਆਂ ਕੈਪਟਨ ਨੇ ਕਿਹਾ, ‘ਹਾਲ ਦੀ ਘੜੀ ਤਾਂ ਮੇਰੇ ਕੋਲ ਬਿਜਲੀ ਮੰਤਰੀ ਵੀ ਨਹੀਂ ਹੈ।’ ਯਾਦ ਰਹੇ ਕਿ ਲੋਕ ਸਭਾ ਚੋਣਾਂ ਮਗਰੋਂ ਪੰਜਾਬ ਕੈਬਨਿਟ ਵਿਚਲੇ ਮੰਤਰੀਆਂ ਦੇ ਮਹਿਕਮਿਆਂ ’ਚ ਕੀਤੇ ਫੇਰਬਦਲ ਮਗਰੋਂ ਸਿੱਧੂ ਨੂੰ ਸਥਾਨਕ ਸਰਕਾਰਾਂ ਵਿਭਾਗ ਤੋਂ ਲਾਂਭੇ ਕਰ ਕੇ ਬਿਜਲੀ ਮੰਤਰਾਲਾ ਦਿੱੱਤਾ ਗਿਆ ਸੀ, ਪਰ ਸਿੱਧੂ ਨੇ ਨਵੇਂ ਮਹਿਕਮੇ ਦਾ ਚਾਰਜ ਲੈਣ ਦੀ ਥਾਂ ਮਹੀਨੇ ਦੀ ਉਡੀਕ ਮਗਰੋਂ ਲੰਘੇ ਦਿਨੀਂ ਕੈਬਨਿਟ ’ਚੋਂ ਹੀ ਅਸਤੀਫ਼ਾ ਦੇ ਦਿੱਤਾ। ਝੋਨੇ ਦੇ ਮੌਜੂਦਾ ਸੀਜ਼ਨ ਦੇ ਚਲਦਿਆਂ ਮੁੱਖ ਮੰਤਰੀ ਵੱਲੋਂ ਖ਼ੁਦ ਬਿਜਲੀ ਮੰਤਰਾਲੇ ਦਾ ਕੰਮਕਾਜ ਵੇਖਿਆ ਜਾ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਅੱਜ ਲੋਕ ਸਭਾ ਵਿੱਚ ਪੰਜਾਬ ਨਾਲ ਸਬੰਧਤ ਸੰਸਦ ਮੈਂਬਰਾਂ ਨਾਲ ਸੰਸਦ ਦੇ ਕੇਂਦਰੀ ਹਾਲ ਵਿੱਚ ਮੁਲਾਕਾਤ ਕੀਤੀ। ਕੈਪਟਨ ਨੇ ਇਸ ਮੌਕੇ ਮਨੀਸ਼ ਤਿਵਾੜੀ, ਪ੍ਰਨੀਤ ਕੌਰ, ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਗਿੱਲ, ਸੰਤੋਖ ਸਿੰਘ ਚੌਧਰੀ, ਮੁਹੰਮਦ ਸਦੀਕ ਤੇ ਅਮਰ ਸਿੰਘ ਨਾਲ ਤਸਵੀਰ ਵੀ ਖਿਚਵਾਈ। ਪਾਰਟੀ ਦੀ ਪੰਜਾਬ ਇਕਾਈ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਇਸ ਮੌਕੇ ਮੌਜੂਦ ਸਨ। ਕੈਪਟਨ ਨੇ ਮਗਰੋਂ ਟਵੀਟ ਕਰਦਿਆਂ ਕਿਹਾ, ‘ਅੱਜ ਸੰਸਦ ਵਿੱਚ ਪੰਜਾਬ ਨਾਲ ਸਬੰਧਤ ਐਮਪੀ’ਜ਼ ਨਾਲ ਮੁਲਾਕਾਤ ਕੀਤੀ। ਵੇਖ ਕੇ ਖੁਸ਼ੀ ਹੋਈ ਕਿ ਉਹ ਲਗਾਤਾਰ ਪੰਜਾਬ ਤੇ ਪੰਜਾਬੀਆਂ ਨਾਲ ਸਬੰਧਤ ਮੁੱਦਿਆਂ ਨੂੰ ਸੰਸਦ ਵਿੱਚ ਰੱਖ ਰਹੇ ਹਨ।’
HOME ਸਿੱਧੂ ਦੇ ਅਸਤੀਫ਼ੇ ਬਾਰੇ ਅੱਜ ਕਰਾਂਗਾ ਫ਼ੈਸਲਾ: ਅਮਰਿੰਦਰ