ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸੀ ਮੰਤਰੀ ਨਵਜੋਤ ਸਿੱਧੂ ਨੂੰ ਪੁੱਛਿਆ ਕਿ ਉਹ ਦੇਸ਼ ਨੂੰ ਦੱਸਣ ਕਿ ਉਨ੍ਹਾਂ ਦੀ ਵਫਾਦਰੀ ਭਾਰਤ ਨਾਲ ਹੈ ਜਾਂ ਪਾਕਿਸਤਾਨ ਨਾਲ। ਇੱਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਕੀ ਸ੍ਰੀ ਸਿੱਧੂ ਹੁਣ ਪਾਕਿਸਤਾਨੀ ਸੈਨਾ ਦੇ ਮੁਖੀ, ਜਿਸ ਨੂੰ ਉਨ੍ਹਾਂ ਜੱਫੀ ਪਾਈ ਸੀ ਅਤੇ ਆਪਣੇ ਦੋਸਤ ਇਮਰਾਨ ਖਾਨ ਨੂੰ ਪੁੱਛਣਗੇ ਕਿ ਉਹ ਅੰਤਰਰਾਸ਼ਟਰੀ ਸਰਹੱਦ ਉੱਤੇ ਭਾਰਤੀ ਫੌਜੀਆਂ ਨੂੰ ਕਿਉਂ ਮਾਰ ਰਹੇ ਹਨ ਅਤੇ ਕਿਉਂ ਭਾਰਤ ਅੰਦਰ ਦਹਿਸ਼ਤੀ ਗਤੀਵਿਧੀਆਂ ਕਰਵਾ ਰਹੇ ਹਨ? ਮਜੀਠੀਆ ਨੇ ਕਿਹਾ ਕਿ ਹੁਣ ਜਦੋਂ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਖੁਲਾਸਾ ਕਰ ਦਿੱਤਾ ਹੈ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਭਾਰਤ ਨੂੰ ਕੋਈ ਸਰਕਾਰੀ ਪ੍ਰਸਤਾਵ ਨਹੀਂ ਭੇਜਿਆ ਗਿਆ ਹੈ, ਸ੍ਰੀ ਸਿੱਧੂ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਇਹ ਕਿਉਂ ਕਿਹਾ ਸੀ ਕਿ ਇਸ ਪੇਸ਼ਕਸ਼ ਬਾਰੇ ਪਾਕਿਸਤਾਨ ਸਹੀ ਸੀ ਅਤੇ ਭਾਰਤ ਗ਼ਲਤ ਸੀ। ਸ੍ਰੀ ਮਜੀਠੀਆ ਨੇ ਕਿਹਾ ਕਿ ਜਦੋਂ ਦੀ ਨਵਜੋਤ ਸਿੱਧੂ ਨੇ ਬਾਜਵਾ ਨੂੰ ਜੱਫੀ ਪਾਈ ਹੈ, ਅੰਤਰਰਾਸ਼ਟਰੀ ਸਰਹੱਦ ਉੱਤੇ ਕਤਲੋਗਾਰਤ ਵੱਧ ਗਈ ਹੈ ਅਤੇ ਹੁਣ ਐੱਲਓਸੀ ਉੱਤੇ ਰੈੱਡ ਅਲਰਟ ਜਾਰੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਅਜੇ ਵੀ ਨਵਜੋਤ ਸਿੱਧੂ ਦੇ ਨਾਲ ਖੜ੍ਹਨਗੇ ਜਾਂ ਸ਼ਹੀਦਾਂ ਦੇ ਪਰਿਵਾਰ ਨਾਲ ਖੜ੍ਹਨਗੇ, ਜੋ ਇੱਕ ਕੈਬਨਿਟ ਮੰਤਰੀ ਦੇ ਵਤੀਰੇ ਕਰਕੇ ਖ਼ੁਦ ਨੂੰ ਅਪਮਾਨਿਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਕਿ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਦਾ ਸਬੰਧ ਹੈ, ਉਹ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੀਆਂ। ਉਨ੍ਹਾਂ ਕਿਹਾ ਕਿ ਉਹ ਸਿੱਖ ਸ਼ਰਧਾਲੂਆਂ ਦੀ ਕਰਤਾਰਪੁਰ ਸਾਹਿਬ ਤੱਕ ਸੌਖੀ ਪਹੁੰਚ ਕਰਵਾਉਣ ਲਈ ਆਪਣੇ ਯਤਨ ਜਾਰੀ ਰੱਖਣਗੇ।