‘ਰਾਹੁਲ ਨੇ ਪਾਕਿ ਨਹੀਂ ਭੇਜਿਆ, ਕੈਪਟਨ ਬਾਰੇ ਮੇਰੇ ਬਿਆਨ ਨੂੰ ਅਧੂਰਾ ਦਿਖਾਇਆ ਗਿਆ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕੱਲ ਦਿੱਤੇ ਗਏ ਬਿਆਨ ਮਗਰੋਂ ਵਜ਼ਾਰਤ ਦੇ ਆਪਣੇ ਸਾਥੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਤਕਰੀਬਨ ਸਾਰੇ ਹੀ ਮੰਤਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਕਰਦਿਆਂ ਸਿੱਧੂ ਤੋਂ ਅਸਤੀਫ਼ਾ ਮੰਗ ਲਿਆ ਹੈ। ਹਾਊਸਿੰਗ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਮਾਲ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਿੱਧੂ ਤੋਂ ਅਸਤੀਫ਼ਾ ਮੰਗਦਿਆਂ ਕਿਹਾ ਹੈ ਕਿ ਜੇਕਰ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਟੀਮ ਦਾ ਕੈਪਟਨ ਨਹੀਂ ਮੰਨਦੇ ਹਨ ਤਾਂ ਉਹ ਟੀਮ ਤੋਂ ਅਲਹਿਦਾ ਹੋਣ ਲਈ ਆਜ਼ਾਦ ਹਨ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ਤੋਂ ਅਸਤੀਫ਼ੇ ਦੀ ਮੰਗ ਤਾਂ ਨਹੀਂ ਕੀਤੀ ਹੈ ਪਰ ਇਹ ਜ਼ਰੂਰ ਕਿਹਾ ਹੈ ਕਿ ਉਸ ਨੂੰ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਨਹੀਂ ਬੋਲਣਾ ਚਾਹੀਦਾ ਸੀ।
ਸੂਤਰਾਂ ਨੇ ਕਿਹਾ ਕਿ ਇਹ ਮਸਲਾ ਸੋਮਵਾਰ ਨੂੰ ਹੋਣ ਵਾਲੀ ਵਜ਼ਾਰਤ ਦੀ ਬੈਠਕ ਦੌਰਾਨ ਵੀ ਉੱਠੇਗਾ। ਮੰਤਰੀਆਂ ਵੱਲੋਂ ਸਰਬਸੰਮਤੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ’ਤੇ ਮੋਹਰ ਲਗਾਈ ਜਾਵੇਗੀ ਅਤੇ ਜਨਤਕ ਤੌਰ ’ਤੇ ਦਿੱਤੇ ਬਿਆਨਾਂ ਲਈ ਸਿੱਧੂ ਦੀ ਲਾਹ-ਪਾਹ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਤਿੰਨ ਬਦਲਾਂ ਬਾਰੇ ਵਿਚਾਰ ਵਟਾਂਦਰਾ ਹੋਇਆ ਹੈ ਕਿ ਸਿੱਧੂ ਖ਼ਿਲਾਫ਼ ਮੁੱਖ ਮੰਤਰੀ ਖੁਦ ਹੀ ਕਾਰਵਾਈ ਕਰਨ, ਮੁੱਖ ਮੰਤਰੀ ਉਸ ਖ਼ਿਲਾਫ਼ ਪਾਰਟੀ ਹਾਈ ਕਮਾਂਡ ਕੋਲ ਸ਼ਿਕਾਇਤ ਕਰਕੇ ਕਾਰਵਾਈ ਮੰਗਣ ਅਤੇ ਕੈਬਨਿਟ ਦੀ ਆਉਂਦੀ ਬੈਠਕ ’ਚ ਇਸ ਮੁੱਦੇ ਨੂੰ ਵਿਚਾਰਿਆ ਜਾਵੇ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਵਜੋਤ ਸਿੰਘ ਸਿੱਧੂ ਦੀਆਂ ਟਿੱਪਣੀਆਂ ਨੂੰ ਪਾਰਟੀ ਦਾ ਅੰਦਰੂਨੀ ਮਾਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਕੀ ਕਿਹਾ ਹੈ, ਇਹ ਮੀਡੀਆ ਲਈ ਮਸਾਲਾ ਹੋ ਸਕਦਾ ਹੈ ਪਰ ਇਹ ਘਰੇਲੂ ਮਾਮਲਾ ਹੈ ਤੇ ਘਰ ਅੰਦਰ ਬੈਠਕੇ ਹੀ ਹੱਲ ਕਰਾਂਗੇ।
ਉਧਰ ਸਿੱਧੂ ਨੇ ਪਾਕਿਸਤਾਨ ਦੇ ਦੌਰੇ ’ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਭੇਜੇ ਜਾਣ ਦੇ ਬਿਆਨ ਤੋਂ ਮੋੜਾ ਕੱਟਦਿਆਂ ਕਿਹਾ,‘‘ਮੈਂ ਇਹ ਬਿਲਕੁਲ ਨਹੀਂ ਕਿਹਾ ਕਿ ਰਾਹੁਲ ਗਾਂਧੀ ਨੇ ਪਾਕਿਸਤਾਨ ਭੇਜਿਆ ਸੀ। ਦੌਰੇ ਸਬੰਧੀ ਪਾਕਿਸਤਾਨ ਸਰਕਾਰ ਤੋਂ ਨਿੱਜੀ ਸੱਦਾ ਪੱਤਰ ਆਇਆ ਸੀ।’’ ਉਨ੍ਹਾਂ ਰਾਜਸਥਾਨ ਤੋਂ ਚੋਣ ਪ੍ਰਚਾਰ ਦੌਰਾਨ ਟਵੀਟ ਕਰਕੇ ਸਪੱਸ਼ਟ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਉਨ੍ਹਾਂ ਕੋਈ ਟਿੱਪਣੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਇਹੀ ਕਿਹਾ ਕਿ ਰਾਹੁਲ ਗਾਂਧੀ ਸਾਡੇ ਸਭ ਦੇ ਕੈਪਟਨ ਹਨ।
ਸ੍ਰੀ ਸਿੱਧੂ ਨੇ ਕਿਹਾ ਕਿ ਮੀਡੀਆ ਦੇ ਕੁੱਝ ਹਿੱਸੇ ਵੱਲੋਂ ਪ੍ਰੈਸ ਕਾਨਫਰੰਸ ਨੂੰ ਅਧੂਰਾ ਦਿਖਾਇਆ ਗਿਆ। ਇਸੇ ਵਾਰਤਾਲਾਪ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪਿਤਾ ਸਮਾਨ ਵੀ ਕਿਹਾ ਹੈ ਜਿਸ ਨੂੰ ਦਿਖਾਇਆ ਨਹੀਂ ਗਿਆ। ਸਿੱਧੂ ਨੇ ਕਿਹਾ ਕਿ ਉਹ ਆਪਣੀ ਅੰਤਰ ਆਤਮਾ ਤੇ ਪੰਜਾਬ ਦੇ ਲੋਕਾਂ ਨੂੰ ਜਵਾਬਦੇਹ ਹਨ। ਸਿੱਧੂ ਮੁਤਾਬਕ ਉਨ੍ਹਾਂ ਦੀ ਆਤਮਾ ਬਿਲਕੁਲ ਸਾਫ਼ ਹੈ ਤੇ ਕਿਸੇ ਪ੍ਰਕਾਰ ਦਾ ਕੋਈ ਭੈਅ ਨਹੀ ਹੈ।