ਸਿੱਧਵਾਂ ਨਹਿਰ ’ਚ ਕਾਰ ਡਿੱਗਣ ਨਾਲ ਚਾਰ ਨੌਜਵਾਨਾਂ ਦੀ ਮੌਤ

ਮਿ੍ਤਕਾਂ ਵਿੱਚ ਸਕੇ ਭੈਣ-ਭਰਾ ਵੀ ਸ਼ਾਮਲ; ਰਫ਼ਤਾਰ ਜਿ਼ਆਦਾ ਹੋਣ ਕਾਰਨ ਵਾਪਰਿਆ ਹਾਦਸਾ

ਲੁਧਿਆਣਾ– ਸਰਾਭਾ ਨਗਰ ’ਚ ਨਗਰ ਨਿਗਮ ਦੇ ਜ਼ੋਨ ‘ਡੀ’ ਦਫ਼ਤਰ ਦੇ ਪਿੱਛੇ ਕੱਲ੍ਹ ਦੇਰ ਰਾਤੀਂ ਨਹਿਰ ਵਿੱਚ ਕਾਰ ਡਿਗਣ ਨਾਲ ਉਸ ਵਿੱਚ ਸਵਾਰ ਚਾਰ ਜਣਿਆਂ ਦੀ ਮੌਤ ਹੋ ਗਈ। ਇਨਾਂ ਵਿੱਚੋਂ ਦੋ ਜਣੇ ਆਪਸ ਵਿੱਚ ਭੈਣ-ਭਰਾ ਸਨ। ਇਹ ਯੂਪੀ ਤੋਂ ਆਏ ਆਪਣੇ ਦੋਸਤ ਨੂੰ ਘੁੰਮਾਉਣ ਲਈ ਗੱਡੀ ’ਚ ਜਾ ਰਹੇ ਸਨ। ਸੀਸੀਟੀਵੀ ਦੀ ਫੁਟੇਜ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕਾਰ ਦੀ ਸਪੀਡ ਬਹੁਤ ਜ਼ਿਆਦਾ ਹੋਣ ਕਰ ਕੇ ਸਟੇਅਰਿੰਗ ’ਤੇ ਕੰਟਰੋਲ ਨਹੀਂ ਰਿਹਾ ਅਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ। ਸੂਤਰਾਂ ਅਨੁਸਾਰ ਨਹਿਰ ਵਿੱਚ ਕਾਰ ਡੁੱਬਣ ਨਾਲ ਮਰਨ ਵਾਲਿਆਂ ਦੀ ਪਛਾਣ ਦੁਗਰੀ ਦੇ ਰਹਿਣ ਵਾਲੇ ਭਵਨੀਤ ਅਤੇ ਉਸ ਦੀ ਭੈਣ ਸਾਨਿਆ ਜੁਨੇਜਾ, ਮਾਡਲ ਟਾਊਨ ਦੇ ਰਹਿਣ ਵਾਲਾ ਕਸ਼ਿਸ਼ ਅਰੋੜਾ ਅਤੇ ਉੱਤਰ ਪ੍ਰਦੇਸ਼ ਤੋਂ ਆਏ ਦੇਵੇਸ਼ ਵਜੋਂ ਹੋਈ ਹੈ। ਦੇਵੇਸ਼ ਇੱਥੇ ‘ਆਈਲੈਟਸ’ ਦੀ ਪ੍ਰੀਖਿਆ ਦੇਣ ਆਇਆ ਸੀ। ਉਸ ਨੂੰ ਲੁਧਿਆਣਾ ਘੁੰਮਾਉਣ ਲਈ ਹੀ ਸਾਨਿਆ, ਭਵਨੀਤ ਅਤੇ ਕਸ਼ਿਸ਼ ਇਕੱਠੇ ਹੋਏ ਸਨ। ਮੌਕੇ ਦਾ ਗਵਾਹ ਸੁਰਜੀਤ ਸਿੰਘ ਜੋ ਇੱਕ ਘਰਾਂ ਵਿੱਚ ਖਾਣਾ ਸਪਲਾਈ ਕਰਨ ਵਾਲੀ ਕੰਪਨੀ ’ਚ ਲੱਗਾ ਹੋਇਆ ਹੈ, ਦਾ ਕਹਿਣਾ ਸੀ ਕਿ ਸ਼ਨਿਚਰਵਾਰ ਦੇਰ ਰਾਤ ਇਹ ਕਾਰ ਤੇਜ ਰਫ਼ਤਾਰ ਨਾਲ ਆਈ ਅਤੇ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਸਿੱਧੀ ਨਹਿਰ ਵਿੱਚ ਡਿਗ ਗਈ। ਉਸ ਵੱਲੋਂ ਮਦਦ ਲਈ ਆਸ-ਪਾਸ ਦੇ ਲੋਕਾਂ ਨੂੰ ਰੌਲਾ ਪਾ ਕੇ ਇਕੱਠੇ ਕੀਤਾ ਗਿਆ। ਕਈ ਵਾਰ 100 ਨੰਬਰ ’ਤੇ ਫੋਨ ਵੀ ਕੀਤਾ ਪਰ ਕਿਸੇ ਵੱਲੋਂ ਕੋਈ ਹੁੰਗਾਰਾ ਨਾ ਮਿਲਿਆ। ਅਖੀਰ 181 ਨੰਬਰ ’ਤੇ ਕਾਲ ਕੀਤਾ ਤਾਂ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ। ਕਰੇਨ ਰਾਹੀਂ ਜਿੰਨੀ ਦੇਰ ’ਚ ਕਾਰ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਚਾਰੋਂ ਜਣਿਆਂ ਦੀ ਮੌਤ ਹੋ ਚੁੱਕੀ ਸੀ। ਸੁਣਨ ਵਿੱਚ ਤਾਂ ਇਹ ਵੀ ਆਇਆ ਕਿ ਕਾਰ ਵਿਚ ਅੱਗੇ ਬੈਠੇ ਨੌਜਵਾਨਾਂ ਦੇ ਸੀਟ ਬੈਲਟਾਂ ਲੱਗੀਆਂ ਹੋਣ ਕਰ ਕੇ ਉਨਾਂ ਤੋਂ ਬਾਹਰ ਨਾ ਨਿਕਲਿਆ ਗਿਆ। ਇੱਕ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਕੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਗੱਡੀ ਦੀਆਂ ਤਾਕੀਆ ਨਾ ਖੁੱਲ੍ਹਣ ਕਰ ਕੇ ਉਸ ਦੀ ਪੇਸ਼ ਨਾ ਜਾ ਸਕੀ। ਘਟਨਾ ਦੇ ਆਸ ਪਾਸ ਵਾਲੀਆਂ ਥਾਵਾਂ ’ਤੇ ਲੱਗੇ ਸੀਸੀਟੀਵੀ ਤੋਂ ਇਹ ਖੁਲਾਸਾ ਹੋਇਆ ਕਿ ਗੱਡੀ ਕਸ਼ਿਸ਼ ਚਲਾ ਰਿਹਾ ਸੀ ਤੇ ਤੇਜ ਰਫ਼ਤਾਰ ਹੋਣ ਕਰ ਕੇ ਕਾਰ ਬੇਕਾਬੂ ਹੋ ਗਈ। ਇਹ ਵੀ ਪਤਾ ਲੱਗਾ ਹੈ ਕਿ ਹਾਦਸੇ ਤੋਂ ਦਸ ਕੁ ਮਿੰਟ ਪਹਿਲਾਂ ਹੀ ਸਾਨਿਆ ਦੀ ਆਪਣੀ ਮਾਂ ਨਾਲ ਫੋਨ ’ਤੇ ਗੱਲ ਹੋਈ ਸੀ। ਚਾਰਾਂ ਮ੍ਰਿਤਕਾਂ ਦਾ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰ ਦਿੱਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਭਵਨੀਤ ਅਤੇ ਸਾਨਿਆ ਦੀ ਮੌਤ ਨਾਲ ਪਰਿਵਾਰ ਵਿੱਚ ਮਾਪਿਆਂ ਦਾ ਪਿਛੇ ਕੋਈ ਸਹਾਰਾ ਨਹੀਂ ਰਿਹਾ। ਦੂਜੇ ਪਾਸੇ, ਕਸ਼ਿਸ਼ ਅਤੇ ਦੇਵੇਸ਼ ਵੀ ਆਪਣੇ ਮਾਪਿਆਂ ਦੇ ਇਕਲੌਤੇ ਲੜਕੇ ਸਨ। ਇਸ ਹਾਦਸੇ ਨਾਲ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

Previous articleਪਾਕਿਸਤਾਨ ਦੀ ਕਿਰਨ ਨੇ ਰੁਸ਼ਨਾਈ ਅੰਬਾਲਾ ਦੇ ਪਰਵਿੰਦਰ ਦੀ ਜ਼ਿੰਦਗੀ
Next articleਕ੍ਰਾਂਤੀਜੋਤੀ ਸਵਿਤਰੀ ਬਾਈ ਫੂਲੇ ਦੀ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਡਾ ਅੰਬੇਡਕਰ ਮਿਸ਼ਨ ਸੋਸਾਇਟੀ ਵੱਲੋਂ ਸਰਧਾਂਜਲੀ ਭੇਟ ਕੀਤੀ ਗਈ