ਸਿੱਖ ਸੰਗਤ ਵੱਲੋਂ ਨਨਕਾਣਾ ਸਾਹਿਬ ‘ਚ ਹਿੰਦੋਸਤਾਨ ‘ਚ ਚਲ ਰਹੇ ਕਾਲੇ ਖੇਤੀ ਕਨੂੰਨਾਂ ਦੇ ਵਿਰੋਧ ‘ਚ ਪੈਦਲ ਰੋਸ ਮਾਰਚ

ਨਨਕਾਣਾ ਸਾਹਿਬ (ਸਮਾਜ ਵੀਕਲੀ) : ਪਾਕਿਸਤਾਨ ਸਿੱਖ ਗੁਰਦੁਅਰਾ ਪ੍ਰਬੰਧਕ ਕਮੇਟੀ ਅਤੇ ਨਨਕਾਣਾ ਸਾਹਿਬ ਦੀਆਂ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ  ਗੁਰਦੁਆਰਾ ਸ੍ਰੀ ਜਨਮ ਅਸਥਾਨ ਤੋਂ ਵਿਸ਼ਾਲ ਰੈਲੀ ਕੀਤੀ ਗਈ ‘ਤੇ ਉਪਰੰਤ ਰੋਸ ਮਾਰਚ ਕੀਤਾ ਗਿਆ ਜਿਸ ਵਿੱਚ ਸਮੂਹ ਨਨਕਾਣਾ ਸਾਹਿਬ ਦੀ ਸੰਗਤ ਤੋਂ ਇਲਾਵਾ ਲਾਹੌਰ ਤੋਂ ਵੀ ਸੰਗਤਾਂ ਪਹੁੰਚੀਆਂ ਹੋਈਆਂ ਸਨ। ਇਸ ਰੈਲੀ ਵਿੱਚ ਉਚੇਚੇ ਤੋਰ ‘ਤੇ ਨਨਕਾਣਾ ਸਾਹਿਬ ਦੇ ਮੁਸਲਿਮ, ਮਸੀਹ ਅਤੇ ਹਿੰਦੂਆਂ ਤੋਂ ਇਲਾਵਾ ਗੁਰੂ ਨਾਨਕ ਜੀ ਮਿਸ਼ਨ ਧਾਰਮਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਸਟਰ ਬਲਵੰਤ ਸਿੰਘ ਸਹਿਤ ਭਾਗ ਲਿਆ।

ਗੁਰਦੁਅਰਾ ਸ੍ਰੀ ਜਨਮ ਅਸਥਾਨ, ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਵੱਖ-ਵੱਖ ਬੁਲਾਰਿਆ ਨੇ ਆਪਣੇ-ਆਪਣੇ ਵੀਚਾਰ ਰੱਖੇ ਜਿਸ ਵਿੱਚ ਚਲ ਰਹੇ ਕਿਸਾਨ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਸ੍ਰ, ਅਮੀਰ ਸਿੰਘ ਜਰਨਲ ਸਕੱਤਰ (ਪੀ.ਐਸ.ਜੀ.ਪੀ.ਸੀ) ਨੇ ਕਿਹਾ ਕਿ ਹਿੰਦੋਸਤਾਨ ਸਰਕਾਰ ਵੱਲੋਂ ਲਾਗੂ ਕੀਤੇ ਤਿੰਨੇ ਆਰਡੀਨੈਸ ਰੱਦ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਸਮੁੱਚੇ ਕਿਸਾਨ ਅੰਦੋਲਨ ਵਿੱਚ ਪੰਜਾਬ ਵੱਲੋਂ ਦਿਖਾਈ ਜਾ ਰਹੀ ਇੱਕਮੁਠਤਾ ਅਤੇ ਕੀਤੇ ਜਾ ਰਹੇ ਅੰਦੋਲਨ ਦੀ ਸਲਾਘਾ ਕੀਤੀ ਗਈ।

ਕਿਸਾਨਾਂ ਦੇ ਸਮਰਥਨ ‘ਚ ਨਨਕਾਣਾ ਸਾਹਿਬ ਦੇ ਮੁਸਲਿਮ ਵੀਰਾਂ ਅਤੇ ਅਲਾਮਾ ਸਾਹਿਬਾਨ ਅਤੇ ਮਸੀਹ ਲੀਡਰਾਂ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਹਿੰਦੋਸਤਾਨ ਦੀ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਆਪਣੇ ਸਮਰਥਨ ਦਾ ਐਲਾਨ ਕੀਤਾ ਅਤੇ ਸਿੱਖ ਸੰਗਤਾਂ ਵੱਲੋਂ ਉਨ੍ਹਾਂ ਨੂੰ ਵੀ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅਰਦਾਸ ਮੌਕੇ ਬੁਲਾਉਣ ‘ਤੇ ਵਿਸ਼ੇਸ਼ ਤੌਰ ‘ਤੇ ਧੰਂਨਵਾਦ ਕੀਤਾ।
ਪੰਜਾਬੀ ਸਿੱਖ ਸੰਗਤ ਦੇ ਚੇਅਰਮੈਂਨ ਸ੍ਰ. ਗੋਪਾਲ ਸਿੰਘ ਚਾਵਲਾ ਨੇ ਆਖਿਆ ਕਿ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਚਾਹੀਦਾ ਹੈ ਇਸ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਡਟਕੇ ਪਹਿਰਾ ਦੇਣ ਅਤੇ ਕੇਂਦਰ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ। ਪਾਕਿਸਤਾਨ ਹੀ ਨਹੀਂ ਬਲਕਿ ਦੁਨੀਆਂ ‘ਚ ਵੱਸਣ ਵਾਲਾ ਹਰ ਪੰਜਾਬੀ ਤੁਹਾਡੇ ਨਾਲ ਖੜ੍ਹਾ ਹੈ ਪਰ ਕਿਸਾਨ ਵੀਰੋ ਇਤਿਹਾਸ ਨੂੰ ਯਾਦ ਰੱਖਿਓ ਦਿੱਲੀ ਧੋਖੇਬਾਜ ਵੀ ਬਹੁਤ ਹੈ।

ਸ੍ਰ. ਜਨਮ ਸਿੰਘ ਨੇ ਜਿੱਥੇ ਯੂ.ਐਨ.ਓ ਅਤੇ ਟਰੂਡੋ ਦਾ ਪਾਰਲੀਮੈਂਟ ਵਿਚ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ‘ਤੇ ਧੰਨਵਾਦ ਕੀਤਾ ਉਥੇ ਹੀ ਉਨ੍ਹਾਂ ਦੁਨੀਆਂ ਭਰ ਦੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆ ਦੇ ਹੱਕ ਵਿਚ ਅਵਾਜ਼ ਬੁਲੰਦ ਕਰਨ ਤਾਂ ਕਿ ਅੰਨ ਦਾਤੇ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਅੱਜ ਦੇ ਦਿਨ ਸਾਨੂੰ ਉਨ੍ਹਾਂ ਖਿਡਾਰੀਆਂ ਕਵੀਆਂ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ ਜਿੰਨ੍ਹਾਂ ਨੇ ਹਿੰਦੋਸਤਾਨ ਦੀ ਸਰਕਾਰ ਵੱਲੋਂ ਮਿਲੇ ਬਹੁਤ ਵੱਡੇ-ਵੱਡੇ ਐਵਾਰਡਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਲੱਤ ਮਾਰ ਦਿੱਤੀ ਅਤੇ ਵਾਪਸ ਕਰ ਦਿੱਤੇ।

ਕੀਰਤਨ ਦੀ ਸੇਵਾ ਗੁਰਦੁਅਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਚੂਨਾ ਮੀਡੀ ਲਾਹੌਰ ਤੋਂ ਆਏ ਭਾਈ ਮਨਿੰਦਰ ਸਿੰਘ ਜੀ ਦੇ ਜੱਥੇ ਨੇ ਰਸ-ਭਿੰਨੇ ਕੀਰਤਨ ਨਾਲ ਨਿਭਾਈ। ਸਟੇਜ ਸੈਕਟਰੀ ਅਤੇ ਅਰਦਾਸ ਦੀ ਸੇਵਾ ਗ੍ਰੰਥੀ ਪ੍ਰੇਮ ਸਿੰਘ ਜੀ ਨੇ ਨਿਭਾਈ ਅਤੇ ਕਿਸਾਨ ਸੰਘਰਸ਼ ਦੀ ਚੜ੍ਹਦੀ ਕਲਾ ਅਤੇ ਫ਼ਤਹਿਯਾਬੀ ਲਈ ਅਰਦਾਸ ਤੋਂ ਬਾਅਦ ਰੈਲੀ ਵਿੱਚ ਟਰੈਕਟਰਾਂ ਸਹਿਤ ਬਹੁਤ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ ਜਿਸ ਵਿੱਚ ਗੁਰਦੁਆਰਾ ਸ੍ਰੀ ਜਨਮ ਅਸਥਾਨ ਦੇ ਕੇਅਰਟੇਕਰ ਅਤੀਕ ਗਿਲਾਨੀ, ਸ੍ਰ. ਮਸਤਾਨ ਸਿੰਘ ਸਾਬਕਾ ਪ੍ਰਧਾਨ  (ਪੀ.ਐਸ.ਜੀ.ਪੀ.ਸੀ) ਗ੍ਰੰਥੀ ਭਾਈ ਦਇਆ ਸਿੰਘ, ਸ੍ਰ. ਤਰਨ ਸਿੰਘ ਸਾਬਕਾ ਮੈਂਬਰ (ਪੀ.ਐਸ.ਜੀ.ਪੀ.ਸੀ) ਸ੍ਰ, ਮਨਿੰਦਰ ਸਿੰਘ ਸਾਬਕਾ ਮੈਂਬਰ (ਪੀ.ਐਸ.ਜੀ.ਪੀ.ਸੀ) ਸ੍ਰ, ਸਰੂਪ ਸਿੰਘ ਮੁੱਖ ਸੇਵਾਦਾਰ ਜਲਘਰ, ਸ੍ਰ. ਬੂਟਾ ਸਿੰਘ ਗ੍ਰੰਥੀ ਕਿਆਰਾ ਸਾਹਿਬ, ਸ੍ਰ, ਚਰਨ ਸਿੰਘ ਗ੍ਰੰਥੀ ਗੁਰਦੁਆਰਾ ਮਾਲ ਜੀ ਸਾਹਿਬ, ਸ੍ਰ, ਸੁਖਬੀਰ ਸਿੰਘ ਗ੍ਰੰਥੀ ਗੁਰਦੁਆਰਾ ਬਾਲਲੀਲਾ ਸਾਹਿਬ, ਸ੍ਰ. ਹਰਭਜਨ ਸਿੰਘ ਗ੍ਰੰਥੀ ਗੁਰਦੁਆਰਾ ਪੱਟੀ ਸਾਹਿਬ, ਸ੍ਰ. ਸੰਤ ਸਿੰਘ  ਗ੍ਰੰਥੀ ਗੁਰਦੁਆਰਾ ਪਾਤਸ਼ਾਹੀ ਛੇਂਵੀ, ਸ੍ਰ. ਹੀਰਾ ਸਿੰਘ ਗ੍ਰੰਥੀ ਗੁਰਦੁਆਰਾ ਤੰਬੂ ਸਾਹਿਬ। ਸਭ ਨੇ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਨਾਹਰੇ ਲਗਾਏ। ਬੱਚਿਆਂ ਵੱਲੋਂ ਲਗਾਏ ਗਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਤੇ ਰਾਜ ਕਰੇਗਾ ਖਾਲਸਾ ਦੇ ਜੈਕਾਰਿਆਂ ਨਾਲ ਪੂਰਾ ਬਜ਼ਾਰ ਗੂੰਜ ਰਿਹਾ ਸੀ।ਕਿਸਾਨ ਮਜ਼ਦੂਰ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਅੰਤ ਵਿੱਚ ਨਿਰਵੈਰ ਗਤਕਾ ਦਲ ਦੇ ਗੁਰੂਜੋਗਾ ਸਿੰਘ ਨੇ ਆਈ ਹੋਈ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ।

Previous articleK’taka: ‘108 ambulance service failed to reach 50% patients within time’
Next articleSpeculation rife after RLSP chief meets Nitish