ਨਿਊਜ਼ੀਲੈਂਡ (ਹਰਜਿੰਦਰ ਛਾਬੜਾ)- ਨਿਊਜ਼ੀਲੈਂਡ ‘ਚ ਪਹਿਲੇ ਸਿੱਖ ਸਪੋਰਟਸ ਕੰਪਲੈਕਸ ਟਾਕਾਨਿਨੀ ਦੇ 22 ਮਾਰਚ ਨੂੰ ਹੋਣ ਵਾਲੇ ਉਦਘਾਟਨ ਲਈ ਅੱਜ ਸੰਗਤ ਨੂੰ ਗੀਤ-ਸੰਗੀਤ ਰਾਹੀਂ ਸੱਦਾ ਦੇਣ ਵਾਲਾ ਗੀਤ ‘ਸੱਦਾ’ ਅੱਜ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ‘ਚ ਰਿਲੀਜ਼ ਕੀਤਾ ਗਿਆ। ਇਸ ਸਮਾਗਮ ‘ਚ ਦੁਨੀਆ ਭਰ ਚੋਂ ਸੈਂਕੜੇ ਸਿੱਖ ਸਖ਼ਸ਼ੀਅਤਾਂ ਅਤੇ ਨਿਊਜ਼ੀਲੈਂਡ ਪ੍ਰਧਾਨ ਮੰਤਰੀ ਤੋਂ ਇਲਾਵਾ ਹੋਰ ਉੱਘੀਆਂ ਹਸਤੀਆਂ ਵੀ ਪੁੱਜ ਰਹੀਆਂ ਹਨ।
ਗੀਤ ਰਿਲੀਜ ਕਰਨ ਲਈ ਸਾਦਾ ਢੰਗ ਨਾਲ ਨਿਭਾਈ ਗਈ ਰਸਮ ਤੋ ਪਹਿਲਾਂ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਮੁੱਖ ਬੁਲਾਰੇ ਭਾਈ ਦਲਜੀਤ ਸਿੰਘ ਨੇ ਗਾਇਕ ਹਰਪ੍ਰੀਤ ਸਿੰਘ ਮਾਨ, ਗੀਤਕਾਰ ਅਮਰਜੀਤ ਸਿੰਘ ਲੱਖਾ ਨੂੰ ਸੰਗਤ ਦੇ ਰੂ-ਬ-ਰੂ ਕਰਵਾਇਆ। ਉਨ੍ਹਾਂ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ-ਆਪ ਗੀਤ ਤਿਆਰ ਕਰਕੇ ਲਿਆਉਣ ਵਾਲੀ ਟੀਮ ਦਾ ਉੱਦਮ ਦਰਸਾਉਂਦਾ ਹੈ ਕਿ ਸਮੁੱਚੀ ਟੀਮ ਸਿੱਖ ਸਪੋਰਟਸ ਕੰਪਲੈਕਸ ਦੀ ਮਹੱਤਤਾ ਨੂੰ ਪੂਰੀ ਤਰ੍ਹਾਂ ਸਮਝਦੀ ਹੈ। ਹਾਜ਼ਰੀਨ ਸੰਗਤ ਨੂੰ ਗੀਤ ਸੁਣਾਉਣ ਪਿੱਛੋਂ ਸੁਸਾਇਟੀ ਦੇ ਸੀਨੀਅਰ ਮੈਂਬਰ ਅਤੇ ਸਿੱਖ ਹੈਰੀਟੇਜ ਸਕੂਲ ਦੇ ਚੇਅਰਮੈਨ ਅਤੇ ਕਮਲਜੀਤ ਸਿੰਘ ਬੈਨੀਪਾਲ ਨੇ ਵੀ ਟੀਮ ਦੀ ਸ਼ਲਾਘਾ ਕੀਤੀ ਅਤੇ ਸਪੋਰਸਟ ਕੰਪਲੈਕਸ ਦੇ ਉਦਘਾਟਨ ਤੇ ਗੁਰੂਘਰ ਦੀ 15ਵੀਂ ਵਰ੍ਹੇਗੰਢ ਮੌਕੇ ਵਲੰਟੀਅਰਜ ਨੂੰ ਆਪਣੀਆਂ ਸੇਵਾਵਾਂ ਦੇਣ ਦੀ ਅਪੀਲ ਕੀਤੀ।
ਦੱਸਣਯੋਗ ਹੈ ਕਿ ਇਹ ਗੀਤ ਤਿਆਰ ਕਰਨ ਲਈ ਐੱਨਜ਼ੈੱਡ ਪੰਜਾਬੀ ਨਿਊਜ ਦੇ ਨਿਊਜ ਐਡੀਟਰ ਤਰਨਦੀਪ ਬਿਲਾਸਪੁਰ ਨੇ ਸੁਝਾਅ ਦਿੱਤਾ ਸੀ, ਜਿਸ ਪਿੱਛੋਂ ਅਮਰਜੀਤ ਸਿੰਘ ਲੱਖਾ ਨੇ ਗੀਤ ਲਿਖਿਆ ਅਤੇ ਵੀਡੀਓ ਡਾਇਰੈਕਟਰ ਇੰਦਰਜੀਤ ਜੜੀਆ ਦੀ ਨਿਰਦੇਸ਼ਨਾ ‘ਚ ਗਾਇਕ ਹਰਪ੍ਰੀਤ ਮਾਨ ਦੀ ਆਵਾਜ ‘ਚ ਗੁਰੂਘਰ ਵਿਖੇ ਫ਼ਿਲਮਾਇਆ ਗਿਆ ਸੀ। ਗੀਤ ਲਈ ਸੰਗੀਤ ਸੈਂਭੀ ਕੇ ਨੇ ਤਿਆਰ ਕੀਤਾ ਹੈ ਜਦੋਂ ਕਿ ਕੰਪੋਜਿੰਗ ਗੁਰਨੀਤ ਸਿੰਘ ਰਹਿਸੀ ਨੇ ਕੀਤੀ ਹੈ। ਇਸ ਮੌਕੇ ਹਰਪ੍ਰੀਤ ਮਾਨ ਨੇ ਗੀਤ ਨੂੰ ਨੇਪਰੇ ਚੜ੍ਹਾਉਣ ਲਈ ਹੱਲਾਸ਼ੇਰੀ ਦੇਣ ਵਾਸਤੇ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ, ਐੱਨਜ਼ੈੱਡ ਪੰਜਾਬੀ ਨਿਊਜ ਤੇ ਅਣਖੀਲਾ ਪੰਜਾਬ ਟੀਵੀ ਦੇ ਮੈਨੇਜਰ ਜਸਪ੍ਰੀਤ ਸਿੰਘ ਰਾਜਪੁਰਾ ਅਤੇ ਬਿਕਰਮਜੀਤ ਸਿੰਘ ਮੱਟਰਾਂ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਪ੍ਰਬੰਧਕ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਦੇ ਮੀਤ ਪ੍ਰਧਾਨ ਮਨਜਿੰਦਰ ਸਿੰਘ ਬਾਸੀ, ਸਕੱਤਰ ਰਾਜਿੰਦਰ ਸਿੰਘ, ਸੰਤੋਖ ਸਿੰਘ, ਹਰਮੇਸ਼ ਸਿੰਘ, ਸਿੱਖ ਹੈਰੀਟੇਜ ਸਕੂਲ ਟਾਕਾਨਿਨੀ ਦੇ ਵਿਦਿਆਰਥੀਆਂ ਅਤੇ ਸਟਾਫ਼ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੋਹਤਬਰ ਸੱਜਣ ਹਾਜ਼ਰ ਸਨ।
ਮੀਡੀਆ ਵੱਲੋਂ ਐੱਨਜ਼ੈੱਡ ਪੰਜਾਬੀ ਨਿਊਜ ਦੀ ਟੀਮ, ਰੇਡੀਓ ਸਾਡੇ ਆਲਾ ਤੋਂ ਸ਼ਰਨ ਸਿੰਘ, ਰੇਡੀਓ ਸਪਾਈਸ ਤੋਂ ਪਰਮਿੰਦਰ ਸਿੰਘ ਪਾਪਾਟੋਏਟੋਏ-ਐਨਵੀ ਸਿੰਘ-ਨਵਦੀਪ ਕਟਾਰੀਆ, ਐਨਜ਼ੈੱਡ ਤਸਵੀਰ ਤੋਂ ਨਰਿੰਦਰ ਸਿੰਗਲਾ, ਅਪਨਾ ਟੀਵੀ ਤੋਂ ਉੱਤਮ ਚੰਦ ਸ਼ਰਮਾ ਵੀ ਕਵਰੇਜ ਲਈ ਪਹੁੰਚੇ ਹੋਏ ਸਨ।