ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਬਾਰੇ ਰਾਸ਼ਟਰਪਤੀ ਨੂੰ ਮਿਲਿਆ ਵਫ਼ਦ

ਦੇਸ਼ ਦੀਆਂ ਮੋਹਰੀ ਸਿੱਖ ਹਸਤੀਆਂ ਦਾ ਵਫਦ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਿਆ। ਵਫਦ ਦੇ ਵਿਚ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਜੇਜੇ ਸਿੰਘ, ਭਾਜਪਾ ਦੀ ਸੰਸਦ ਮੈਂਬਰ ਮਿਨਾਕਸ਼ੀ ਲੇਖੀ ਵੀ ਸ਼ਾਮਲ ਸਨ। ਇਨ੍ਹਾਂ ਨੇ ਰਾਸ਼ਟਰਪਤੀ ਨੂੰ ਬੇਨਤੀ ਕੀਤੀ ਕਿ 1984 ਦੇ ਸਿੱਖ ਵਿਰੋਧੀਆਂ ਦੰਗਿਆਂ ਦੀ ਜਾਂਚ ਦੀ ਨਿਗਰਾਨੀ ਲਈ ਬਣਾਈ ‘ਸਿਟ’ ਦੇ ਤੀਜੇ ਮੈਂਬਰ ਦੀ ਨਿਯੁਕਤੀ ਲਈ ਨੋਟੀਫਿਕੇਸ਼ਨ ਜਲਦੀ ਕਰਨ ਲਈ ਉਹ ਸੁਪਰੀਮ ਕੋਰਟ ਨੂੰ ਕਹਿਣ। ਇਸ ਵਫਦ ਦੇ ਵਿਚ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਰੁਪਿੰਦਰ ਸਿੰਘ ਸੂਰੀ, ਰਾਜਸਥਾਨ ਦੇ ਵਧੀਕ ਐੈੈਡਵੋਕੇਟ ਜਨਰਲ ਗੁਰਚਰਨ ਸਿੰਘ ਗਿੱਲ ਅਤੇ ਸਾਬਕਾ ਵਿਧਾਇਕ ਆਰ ਪੀ ਸਿੰਘ ਸ਼ਾਮਲ ਸਨ।
ਬੀਬੀ ਲੇਖੀ ਨੇ ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਜਿਸ ਬਾਰੇ ਇਹ ਸਮਝਿਆ ਜਾਂਦਾ ਸੀ ਕਿ ਉਹ ਦੰਗਿਆਂ ਦੀ ਜਾਂਚ ਸਬੰਧੀ ਆਪਣੀ ਰਿਪੋਰਟ ਦੋ, ਤਿੰਨ ਮਹੀਨਿਆਂ ਵਿਚ ਦੇ ਦੇਵੇਗੀ ਪਰ ਤੀਜੇ ਮੈਂਬਰ ਦੀ ਗੈਰਹਾਜ਼ਰੀ ਕਾਰਨ ਇਹ ਕੰਮ ਕਰਨਾ ਵੀ ਸ਼ੁਰੂ ਨਹੀਂ ਕਰ ਸਕੀ। ਅਸੀਂ ਰਾਸ਼ਟਰਪਤੀ ਕੋਲ ਇਸ ਗੱਲ ਲਈ ਅਪੀਲ ਕਰਨ ਗਏ ਸੀ ਕਿ ਮੈਂਬਰ ਦੇ ਨਾਂਅ ਸਬੰਧੀ ਨੋਟੀਫਿਕੇਸ਼ਨ ਜਲਦੀ ਜਾਰੀ ਹੋਣਾ ਚਾਹੀਦਾ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਸੌਂਪੇ ਪੱਤਰ ਦੇ ਵਿਚ ਬੇਨਤੀ ਕੀਤੀ ਗਈ ਹੈ ਕਿ ਉਹ ਸੁਪਰੀਮ ਕੋਰਟ ਨੂੰ ਕਹਿਣ ਕਿ ਤੀਜੇ ਮੈਂਬਰ ਦੇ ਨਾਂਅ ਸਬੰਧੀ ਨੋਟੀਫਿਕੇਸ਼ਨ ਤੁਰੰਤ ਜਾਰੀ ਕੀਤਾ ਜਾਵੇ। ਇਹ ਟੀਮ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿਚ 1984 ਵਿਚ ਹੋਏ ਸਿੱਖ ਦੰਗਿਆਂ ਨਾਲ ਸਬੰਧਤ 186 ਕੇਸਾਂ ਦੀ ਜਾਂਚ ਦੀ ਨਿਗਰਾਨੀ ਲਈ ਕਾਇਮ ਕੀਤੀ ਗਈ ਹੈ। ਵਿਸ਼ੇਸ਼ ਜਾਂਚ ਟੀਮ ਨੂੰ ਅਧਿਕਾਰ ਹੈ ਕਿ ਉਹ ਬੰਦ ਪਏ ਕੇਸਾਂ ਵਿਚ ਤਾਜ਼ਾਂ ਗਵਾਹੀਆਂ ਦੀ ਨਵੇਂ ਸਿਰੇ ਤੋਂ ਪੜਤਾਲ ਕਰ ਸਕਦੀ ਹੈ। ਸਿਟ ਬਣਾਉਣ ਵਿਚ ਦੇਰੀ ਇਸ ਕਰਕੇ ਹੋ ਗਈ ਕਿਉਂਕਿ ਇੱਕ ਸਾਬਕਾ ਆਈਪੀਐੱਸ ਅਧਿਕਾਰੀ ਨੇ ਸਿਟ ਦਾ ਮੈਂਬਰ ਬਣਨ ਤੋਂ ਨਾਂਹ ਕਰ ਦਿੱਤੀ ਸੀ।

Previous articleGadkari to lure investors for TOT initiative in Mumbai
Next articleRain, snow to continue in J&K till Thursday