ਖਾਲਸਾ ਫੁੱਟਬਾਲ ਕਲੱਬ (ਖਾਲਸਾ ਐੱਫਸੀ) ਵੱਲੋਂ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਭਰ ਵਿੱਚ ਸਾਬਤ ਸੂਰਤ ਟੀਮਾਂ ਦੇ ਕਰਵਾਏ ਜਾ ਰਹੇ ਸਿੱਖ ਫੁੱਟਬਾਲ ਕੱਪ ਦੇ ਕੁਆਰਟਰ ਫਾਈਨਲ ਮੈਚਾਂ ਦੌਰਾਨ ਅੱਜ ਚਾਰ ਟੀਮਾਂ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਹਨ, ਜਿਨ੍ਹਾਂ ਦੇ ਫਸਵੇਂ ਮੁਕਾਬਲੇ 6 ਫਰਵਰੀ ਨੂੰ ਸੰਤ ਭਾਗ ਸਿੰਘ ਯੂਨੀਵਰਸਿਟੀ ਜਲੰਧਰ ’ਚ ਸਵੇਰੇ 11 ਵਜੇ ਹੋਣਗੇ।
ਖਾਲਸਾ ਐੱਫਸੀ ਦੇ ਸਕੱਤਰ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਇੱਥੇ ਖਾਲਸਾ ਕਾਲਜ ’ਚ ਹੋਏ ਮੈਚ ਦਾ ਉਦਘਾਟਨ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਜੌੜਾ ਸਿੰਘਾ ਨੇ ਕੀਤਾ। ਉਨ੍ਹਾਂ ਨਾਲ ਪਰਮਜੀਤ ਸਿੰਘ ਅਮਰੀਕਾ, ਖਾਲਸਾ ਫੁੱਟਬਾਲ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਮਲਵਿੰਦਰ ਸਿੰਘ ਤੇ ਮੀਤ ਪ੍ਰਧਾਨ ਸਵਰਨ ਸਿੰਘ ਸੰਧੂ ਵੀ ਸਨ। ਉਨ੍ਹਾਂ ਦੱਸਿਆ ਕਿ ਵੱਖ ਵੱਖ ਥਾਈਂ 4 ਕੁਆਰਟਰ ਫਾਈਨਲ ਮੈਚ ਖੇਡੇ ਗਏ, ਜਿਸ ਦੌਰਾਨ ਅੰਮ੍ਰਿਤਸਰ ’ਚ ਖਾਲਸਾ ਐੱਫਸੀ ਗੁਰਦਾਸਪੁਰ ਦੀ ਟੀਮ ਨੇ ਖਾਲਸਾ ਐੱਫਸੀ ਅੰਮ੍ਰਿਤਸਰ ਦੀ ਟੀਮ ਨੂੰ 1-0 ਅੰਕ ਨਾਲ ਆਖਰੀ ਮਿੰਟ ਵਿੱਚ ਹਰਾ ਦਿੱਤਾ। ਸੰਤ ਭਾਗ ਸਿੰਘ ਯੂਨੀਵਰਸਿਟੀ ਜਲੰਧਰ ’ਚ ਹੋਏ ਦੂਜੇ ਮੈਚ ਦੌਰਾਨ ਖਾਲਸਾ ਐੱਫਸੀ ਜਲੰਧਰ ਨੇ ਖਾਲਸਾ ਐੱਫਸੀ ਐੱਸਬੀਐੱਸ ਨਗਰ ਦੀ ਟੀਮ ਨੂੰ 2-0 ਅੰਕਾਂ ਨਾਲ ਪਛਾੜ ਦਿੱਤਾ। ਫਤਹਿਗੜ੍ਹ ਸਾਹਿਬ ’ਚ ਹੋਏ ਦੋ ਮੈਚਾਂ ਵਿੱਚ ਖਾਲਸਾ ਐੱਫਸੀ ਬਰਨਾਲਾ ਨੇ ਖਾਲਸਾ ਐੱਫਸੀ ਬਠਿੰਡਾ ਨੂੰ ਵਾਧੂ ਸਮੇਂ ਤੋਂ ਪਿੱਛੋਂ ਟ੍ਰਾਈ ਬਰੇਕਰ ਦੌਰਾਨ 7-6 ਅੰਕਾਂ ਨਾਲ ਹਰਾਇਆ ਜਦਕਿ ਖਾਲਸਾ ਐੱਫਸੀ ਰੂਪਨਗਰ ਦੀ ਟੀਮ ਨੇ ਖਾਲਸਾ ਐੱਫਸੀ ਪਟਿਆਲਾ ਨੂੰ 3-0 ਨਾਲ ਮਾਤ ਦੇ ਕੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ।
ਉਨ੍ਹਾਂ ਦੱਸਿਆ ਕਿ ਇਸ ਇਤਿਹਾਸਕ ਸਿੱਖ ਫੁੱਟਬਾਲ ਕੱਪ ਦਾ ਫਾਈਨਲ ਮੈਚ ਅਤੇ ਇਨਾਮ ਵੰਡ ਸਮਾਰੋਹ ਸੈਕਟਰ 42, ਚੰਡੀਗੜ੍ਹ ਦੇ ਸਟੇਡੀਅਮ ਵਿੱਚ 8 ਫਰਵਰੀ ਨੂੰ ਸਵੇਰੇ 11 ਵਜੇ ਹੋਵੇਗਾ, ਜਿੱਥੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਬਤ-ਸੂਰਤ ਟੀਮਾਂ ਨੂੰ ਅਸੀਸ ਦੇਣਗੇ ਅਤੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਨਗੇ।
ਉੱਧਰ ਫਤਹਿਗੜ੍ਹ ’ਚ ਖਾਲਸਾ ਐੱਫਸੀ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਅੱਜ ਇੱਥੇ ਹੋਏ ਮੈਚ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ, ਨਗਰ ਕੌਂਸਲ ਸਰਹੰਦ ਦੇ ਪ੍ਰਧਾਨ ਸ਼ੇਰ ਸਿੰਘ, ਗੁਰਦੁਆਰਾ ਸਾਹਿਬ ਦੇ ਮੈਨੇਜਰ ਨੱਥਾ ਸਿੰਘ, ਸਾਬਕਾ ਪ੍ਰਧਾਨ ਬਾਰ ਕੌਂਸਲ ਅਮਰਦੀਪ ਸਿੰਘ ਧਾਰਨੀ, ਮਾਰਕੀਟ ਕਮੇਟੀ ਸਰਹਿੰਦ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਕੀਤਾ। ਟੂਰਨਾਮੈਂਟ ਦੀ ਅਰੰਭਤਾ ਤੋਂ ਪਹਿਲਾਂ ਕਰਨੈਲ ਸਿੰਘ ਪੰਜੋਲੀ ਨੇ ਸਮੂਹ ਹਾਜ਼ਰੀਨ ਨੂੰ ਪੰਜ ਮੂਲ-ਮੰਤਰ ਦੇ ਪਾਠਾਂ ਦਾ ਉਚਾਰਨ ਕਰਵਾਇਆ ਅਤੇ ਮੈਚ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ।
Sports ਸਿੱਖ ਫੁੱਟਬਾਲ ਕੱਪ: ਗੁਰਦਾਸਪੁਰ ਨੇ ਅੰਮ੍ਰਿਤਸਰ ਨੂੰ 1-0 ਨਾਲ ਹਰਾਇਆ