ਸਿੱਖ ਧਰਮ ਦੀ ਮਹਾਨ ਪਰੰਪਰਾ “ਲੰਗਰ”

(ਸਮਾਜ ਵੀਕਲੀ)

 

ਲੇਖਕ : ਰਾਜਿੰਦਰ ਸਿੰਘ
ਸੰਪਰਕ +91 97791 98462

 

ਸਿੱਖ ਧਰਮ ਵਿੱਚ ਲੰਗਰ ਦੀ ਬਹੁਤ ਵੱਡੀ ਮਹਾਨਤਾ ਹੈ। ਲੰਗਰ ਦਾ ਮਤਲਬ ਸਾਂਝੀ ਰਸੋਈ ਜਿੱਥੇ ਬਿਨਾਂ ਕਿਸੇ ਜਾਤ ਪਾਤ, ਧਰਮ ਊਚ ਨੀਚ ਦਾ ਭੇਦ ਕੀਤੇ ਬਿਨਾਂ ਭੋਜਨ ਤਿਆਰ ਕੀਤਾ। ਬਿਨਾਂ ਭੇਦ-ਭਾਵ ਕੀਤੇ ਤੋਂ ਹੀ ਛਕਾਇਆ ਜਾਂਦਾ ਹੈ। ਇਹ ਸਿੱਖ ਧਰਮ ਦੀ ਮਹਾਨਤਾ ਹੈ ਕਿ ਇਸਦੇ ਸਾਰੇ ਗੁਰੂ ਅਸਥਾਨਾਂ ਤੇ ਚੌਵੀ ਘੰਟੇ ਲੰਗਰ ਚਲਦੇ ਰਹਿੰਦੇ ਹਨ।ਸਿੱਖੀ ਦੀ ਬੁਨਿਆਦ ਸੇਵਾ ਸਿਮਰਨ ਲੰਗਰ ਸੰਗਤ ਅਤੇ ਪੰਗਤ ਹਨ। ਸਿੱਖ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਗਿਆ। ਇਸ ਘਟਨਾ ਨੂੰ ਸੱਚੇ ਸੌਦੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਵਿੱਚ ਕਿਰਤ ਕਰਨ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ।

ਲੰਗਰ ਦੀ ਰਸਮ ਨੂੰ ਅੱਗੇ ਤੋਰਦਿਆਂ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਗਤ ਅਤੇ ਪੰਗਤ ਦੀ ਪ੍ਰਥਾ ਸ਼ੁਰੂ ਕੀਤੀ। ਪੰਗਤ ਤੋਂ ਭਾਵ ਇੱਕ ਲਾਈਨ ਵਿੱਚ ਬੈਠ ਕੇ ਲੰਗਰ ਛਕਣਾ। ਸੰਗਤ ਅਤੇ ਪੰਗਤ ਦੀ ਰਸਮ ਸ਼ੁਰੂ ਕਰਨਾ ਵੀ ਗੁਰੂ ਸਾਹਿਬ ਜੀ ਦਾ ਇੱਕ ਕ੍ਰਾਂਤੀਕਾਰੀ ਕਦਮ ਸੀ। ਕਿਉਂਕਿ ਉਸ ਸਮੇਂ  ਸਮਾਜ ਜਾਤਾਂ ਪਾਤਾਂ, ਧਰਮਾਂ , ਅਮੀਰਾਂ ਗਰੀਬਾਂ ਵਿੱਚ ਵੰਡਿਆ ਹੋਇਆ ਸੀ। ਗੁਰੂ ਜੀ ਇਸ ਫ਼ਲਸਫ਼ੇ ਦਾ ਅਸਰ ਇਹ ਹੋਇਆ ਕਿ ਲੋਕ ਸਭ ਭੇਦ ਭਾਵ ਖ਼ਤਮ ਕਰਕੇ ਇਕੱਠੇ ਪੰਗਤ ਵਿੱਚ ਬੈਠ ਕੇ ਲੰਗਰ ਛੱਕਦੇ ਸਨ। ਕਿਉਂਕਿ ਜੋ ਗੁਰੂ ਦੇ ਦਰ ਤੇ ਆਉਂਦਾ ਹੈ ਉਸ ਨਾਲ ਕਿਸੇ ਕਿਸਮ ਦਾ ਭੇਦ-ਭਾਵ ਨਹੀਂ ਕੀਤਾ ਜਾਂਦਾ ਸੀ। ਉਸ ਸਮੇਂ ਲੰਗਰ ਵਿੱਚ ਮੁਗਲ ਬਾਦਸ਼ਾਹਾਂ ਨੇ ਵੀ ਨੀਚੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ ਸੀ।ਇਹ ਸਭਨਾਂ ਲਈ ਇੱਕ ਸੰਦੇਸ਼ ਸੀ ਕਿ ਰੱਬ ਵੱਲੋਂ ਪੈਦਾ ਕੀਤੇ ਸਾਰੇ ਇਨਸਾਨ ਬਰਾਬਰ ਹਨ। ਇਹ ਪਰੰਪਰਾ ਬਾਬੇ ਨਾਨਕ ਦੀ ਰਹਿਮਤ ਸਦਕਾ ਅੱਜ ਵੀ ਜਾਰੀ ਹੈ।ਉਹ ਸਮਾਂ ਜਦੋਂ ਔਰਤ ਨੂੰ ਘਰ ਦੀ ਦਹਿਲੀਜ਼ ਵੀ ਲੰਘਣ ਨਹੀਂ ਦਿੱਤਾ ਜਾਂਦਾ ਸੀ।ਉਸ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਉਸ ਸਮੇਂ ਵੀ  ਗੁਰੂ ਸਾਹਿਬ ਨੇ ਇਸਤਰੀ ਪੁਰਸ਼ ਨੂੰ ਬਰਾਬਰ ਦਾ ਦਰਜਾ ਦਿੱਤਾ ਸੀ। ਸਿੱਖ ਧਰਮ ਇਸ ਗੱਲ ਦਾ ਹਮੇਸ਼ਾ ਗਵਾਹ ਰਹਿਆ ਹੈ ਕਿ ਸਿੱਖ ਬੀਬੀਆਂ ਨੇ ਹਮੇਸ਼ਾ ਸਿੱਖੀ ਪ੍ਰਚਾਰ ਪ੍ਰਸਾਰ ਵਿੱਚ ਬਹੁਤ ਯੋਗਦਾਨ ਪਾਇਆ ਹੈ। ਭਾਈ ਕਾਹਨ ਸਿੰਘ ਨਾਭਾ ਨੇ ਬੀਬੀ ਨਾਨਕੀ ਨੂੰ ਪਹਿਲਾ ਗੁਰਸਿੱਖ ਆਖਿਆ ਸੀ। ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਸਮੇਂ ਮਾਤਾ ਖੀਵੀ ਜੀ ਨੇ ਲੰਗਰ ਪਰੰਪਰਾ ਨੂੰ ਅੱਗੇ ਵਧਾਇਆ।ਇਸ ਤਰ੍ਹਾਂ ਮਾਤਾ ਅਮਰੋ ਜੀ ਨੇ ਇਸ ਪਰੰਪਰਾ ਨੂੰ ਜਾਰੀ ਰੱਖਿਆ। ਗੁਰੂ ਘਰ ਦੇ ਸੇਵਕ ਭਾਈ ਮੰਝ ਜੀ ਲੰਗਰ ਲਈ ਲੱਕੜਾਂ ਲੈ ਕੇ ਆ ਰਿਹਾ ਸੀ ਹਨੇਰੀ ਕਾਰਨ ਖੂਹ ਵਿੱਚ ਡਿੱਗ ਪਿਆ ਖੂਹ ਵਿੱਚ ਪਾਣੀ ਘੱਟ ਸੀ ਸਾਰੀ ਰਾਤ ਲੱਕੜਾਂ ਸਿਰ ਤੇ ਚੁੱਕ ਕੇ ਖੜਾ ਰਿਹਾ ਕਿ ਕਿਤੇ ਲੱਕੜਾਂ ਗਿੱਲੀਆਂ ਨਾਂ ਹੋ ਜਾਣ। ਸਵੇਰੇ ਗੁਰੂ ਅਰਜਨ ਦੇਵ ਜੀ ਖੁਦ ਆਏ ਤਾਂ ਭਾਈ ਸਾਹਿਬ ਨੇ ਪਹਿਲਾਂ ਲੱਕੜੀਆਂ ਰੱਸੇ ਨਾਲ ਬੰਨ੍ਹ ਕੇ ਬਾਹਰ ਭੇਜੀਆਂ ਫਿਰ ਖੁਦ ਨਿਕਲਿਆ। ਭਾਈ ਸਾਹਿਬ ਦੀ ਸੇਵਾ ਅਤੇ ਸਿਦਕ ਦੇਖ ਕੇ ਗੁਰੂ ਸਾਹਿਬ ਜੀ ਨੇ ਕਿਹਾ,

ਗੁਰੂ ਪਿਆਰਾ ਮੰਝ ਕੋ,
ਗੁਰੂ ਪਿਆਰਾ ਮੰਝ।

ਗੁਰਦੁਆਰਾ ਸਾਹਿਬਾਨਾਂ ਵਿੱਚ ਅੱਜ ਵੀ 24 ਘੰਟੇ ਗੁਰੂ ਕੇ ਲੰਗਰ ਅਟੁੱਟ ਵਰਤਦੇ ਹਨ।
ਜਦੋਂ ਵੀ ਕਿਤੇ ਵੀ ਕੋਈ ਕੁਦਰਤੀ ਕਰੋਪੀ ਆਉਂਦੀ ਹੈ ਚਾਹੇ ਉਹ ਭੂਚਾਲ ਹੋਵੇ ਚਾਹੇ ਤੂਫ਼ਾਨ ਚਾਹੇ ਹੜ ਆਏ ਗੁਰੂ ਦੇ ਸਿੱਖ ਉਥੇ ਅਪਣਾ ਰਸਦ ਪਾਣੀ ਲਿਜਾ ਕੇ ਲੰਗਰ ਸ਼ੁਰੂ ਕਰ ਦਿੰਦੇ ਹਨ। ਲੋਕਾਂ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਦਾਲ ਰੋਟੀ ਦੇ ਨਾਲ ਛੋਟੇ ਬੱਚਿਆਂ ਲਈ ਦੁੱਧ ਅਤੇ ਬੀਮਾਰਾਂ ਲਈ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਜਦੋਂ ਕਿਸੇ ਵਿਪਤਾ ਦੇ ਆਉਣ ਤੇ ਸਰਕਾਰਾਂ ਪ੍ਰਸ਼ਾਸ਼ਨ ਹੱਥ ਖੜ੍ਹੇ ਕਰ ਜਾਂਦੇ ਹਨ ਤਾਂ ਲੋਕਾਂ ਦੀ ਭੁੱਖ ਮਿਟਾਉਣ ਲਈ ਗੁਰੂ ਕੇ ਲੰਗਰ ਚੱਲ ਪੈਂਦੇ ਹਨ।ਕੁਦਰਤੀ ਕਰੋਪੀਆਂ ਚਾਹੇ ਉਹ ਪੰਜਾਬ ਜਾਂ ਦੂਜੇ ਸੂਬਿਆਂ ਵਿੱਚ ਆਈਆਂ ਹੋਣ ਗੁਰੂ ਕੇ ਲੰਗਰ ਚਲਦੇ ਰਹਿੰਦੇ ਹਨ। ਵਿਦੇਸ਼ੀ ਸਿੱਖਾਂ ਵੱਲੋਂ ਵੀ ਇਸ ਅਮੀਰ ਪਰੰਪਰਾ ਨੂੰ ਜਾਰੀ ਰੱਖਿਆ ਹੋਇਆ ਹੈ।

ਕਰੋਨਾ ਵਾਇਰਸ ਦੀ ਮਹਾਂਮਾਰੀ ਨੇ ਸਾਰੀ ਦੁਨੀਆਂ ਨੂੰ ਅਪਣੀ ਲਪੇਟ ਵਿੱਚ ਲਿਆ ਹੋਇਆ ਹੈ। ਉਹ ਚਾਹੇ ਪੰਜਾਬ ਹੋਵੇ ਚਾਹੇ ਹੋਰ ਸੂਬੇ ਚਾਹੇ ਵਿਦੇਸ਼ ਲੋਕਾਂ ਦੇ ਕੰਮ ਧੰਦੇ ਇਸ ਮਹਾਂਮਾਰੀ ਨੇ ਬਿਲਕੁਲ ਖਤਮ ਕਰ ਦਿੱਤੇ ਹਨ। ਜਦੋਂ ਮਾਰਚ ਮਹੀਨੇ ਵਿੱਚ ਕਰਫਿਊ ਸ਼ੁਰੂ ਤਾਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਖਤੀ ਨਾਲ ਬਾਹਰ ਨਿਕਲਣ ਤੋਂ ਰੋਕ ਲਗਾ ਦਿੱਤੀ ਤਾਂ ਕਿ ਇਹ ਬੀਮਾਰੀ ਲੋਕਾਂ ਵਿੱਚ ਨਾਂ ਫੈਲੇ। ਲੋਕਾਂ ਦੇ ਕੰਮ ਧੰਦੇ ਬੰਦ ਹੋਣ ਕਰਕੇ ਗਰੀਬ ਲੋਕਾਂ ਦੀ ਭੁੱਖ ਨੂੰ ਮਿਟਾਉਣ ਲਈ ਹੋਰ ਸੰਸਥਾਵਾਂ ਦੇ ਨਾਲ ਨਾਲ ਸਿੱਖ ਸੰਸਥਾਵਾਂ ਨੇ ਉਹਨਾਂ ਤੱਕ ਲੰਗਰ ਪੁਹੰਚਾਉਣੇ ਸ਼ੁਰੁ ਕੀਤੇ। ਸਵੇਰੇ ਦੁਪਹਿਰ ਸ਼ਾਮ ਤਿੰਨ ਵੇਲੇ ਦਾ ਲੰਗਰ ਗੁਰੂ ਘਰਾਂ ਵਿੱਚ ਤਿਆਰ ਕਰਕੇ ਸਿੱਖਾਂ ਵੱਲੋਂ ਲੋੜਵੰਦਾਂ ਤੱਕ ਪਹੁੰਚਾਇਆ ਗਿਆ। ਰੋਟੀ ਦੇ ਨਾਲ ਨਾਲ ਬੀਮਾਰਾਂ ਲਈ ਦਵਾਈਆਂ ਦਾ ਲੰਗਰ ਵੀ ਚਲਾਇਆ ਗਿਆ। ਤਾਂ ਕਿ ਇਸ ਮੁਸੀਬਤ ਸਮੇਂ ਵਿੱਚ ਲੋਕਾਂ ਨੂੰ ਰਾਹਤ ਮਿਲ ਸਕੇ। ਬੀਬੀਆਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਲੰਗਰ ਤਿਆਰ ਕਰਦੀਆਂ ਫਿਰ ਉਸ ਤਿਆਰ ਲੰਗਰ ਨੂੰ ਲੋੜਵੰਦ ਲੋਕਾਂ ਵਿੱਚ ਵੰਡਿਆ ਜਾਂਦਾ ਸੀ।ਇਹ ਗੁਰੂਆਂ ਦੀ ਕਿਰਪਾ ਹੀ ਚਾਹੇ ਰਾਸਣ ਦੇ ਚਾਹੇ ਪਿਆਜ ਟਮਾਟਰ ਦੇ ਭਾਅ ਅਸਮਾਨੀ ਚੜ ਜਾਣ ਫਿਰ ਗੁਰੂ ਦੇ ਲੰਗਰ ਚਲਦੇ ਰਹਿੰਦੇ ਹਨ। ਬਿਨਾਂ ਕਿਸੇ ਨਾਲ ਵਿਤਕਰਾ ਕੀਤੇ ਸਭ ਨੂੰ ਬਰਾਬਰ ਸਮਝ ਕੇ ਲੰਗਰ ਛਕਾਇਆ ਜਾਂਦਾ ਹੈ। ਵਿਦੇਸ਼ਾਂ ਵਿੱਚ ਖਾਲਸਾ ਏਡ ਵੱਲੋਂ ਇਸ ਦਿਸ਼ਾ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬਾਨਾਂ ਅਤੇ ਲੋਕਲ ਗੁਰਦੁਆਰਾ ਸਾਹਿਬਾਨਾਂ ਵੱਲੋਂ  ਕਿਸੇ ਵੀ ਬਿਪਤਾ ਸਮੇਂ ਲੋੜਵੰਦ ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਕਿ ਕੋਈ ਵੀ ਵਿਅਕਤੀ ਭੁੱਖੇ ਪੇਟ ਨਾਂ ਸੌਂ ਸਕੇ।

ਮਾਨਸਾ ਜ਼ਿਲ੍ਹੇ ਵਿੱਚ ਗੁਰੂਦੁਆਰਾ ਸਿੰਘ ਸਭਾ ਮੇਨ ਬਜਾਰ ਮਾਨਸਾ ਵੱਲੋਂ ਸਿਵਲ ਹਸਪਤਾਲ ਵਿੱਚ ਦਾਖ਼ਲ ਕਰੋਨਾ ਮਰੀਜ਼ਾਂ ਨੂੰ ਸਵੇਰੇ ਦੁਪਹਿਰ ਅਤੇ ਸ਼ਾਮ ਨੂੰ ਲੰਗਰ ਛਕਾਇਆ ਜਾਂਦਾ ਸੀ।ਨਾਲ ਹੀ ਉਹਨਾਂ ਨੂੰ ਦੁੱਧ ਅਤੇ ਫਲ ਫਰੂਟ ਵੀ ਦਿੱਤੇ ਜਾਂਦੇ ਸਨ।ਇਹ ਸੇਵਾ ਗੁਰਦੁਆਰਾ ਸਾਹਿਬ ਵੱਲੋਂ ਅੱਜ ਵੀ ਜਾਰੀ ਹੈ। ਬਾਬੇ ਨਾਨਕ ਦੇ ਵੀਹ ਰੁਪਏ ਨਾਲ ਚਲਾਏ ਲੰਗਰ ਅੱਜ ਵੀ ਨਿਰੰਤਰ ਚੱਲ ਰਹੇ ਹਨ। ਅਤੇ ਜਦੋਂ ਤੱਕ ਇਸ ਦੁਨੀਆਂ ਵਿੱਚ ਸਿੱਖੀ ਅਤੇ ਸਿੱਖ ਰਹਿਣਗੇ ਉਦੋਂ ਤੱਕ ਚਲਦੇ ਰਹਿਣਗੇ।

ਧੰਨਵਾਦ ਸਹਿਤ ਜਾਰੀ ਕਰਤਾ : ਚਾਨਣ ਦੀਪ ਸਿੰਘ ਔਲਖ +91 98768 88177

Previous articleThousands of migrant workers from Punjab stranded in Gulf countries
Next articleਚੀਨੀ ਫੌਜੀਆਂ ਨਾਲ ਝੜਪ ’ਚ ਮਾਨਸਾ ਦਾ ਗੁਰਤੇਜ ਸਿੰਘ ਤੇ ਤੋਲਾਵਾਲ ਦਾ ਗੁਰਵਿੰਦਰ ਸਿੰਘ ਸ਼ਹੀਦ